ਮੁਲਾਜ਼ਮਾਂ ਵੱਲੋਂ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

Wednesday, Mar 04, 2026 - 06:31 PM (IST)

ਮੁਲਾਜ਼ਮਾਂ ਵੱਲੋਂ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

ਮਹਿਲ ਕਲਾਂ (ਹਮੀਦੀ): ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਦੀ ਮਹਿਲ ਕਲਾਂ ਅਤੇ ਠੁੱਲੀਵਾਲ ਡਵੀਜ਼ਨ ਵੱਲੋਂ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਇੰਜੀਨੀਅਰ ਕੇਵਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 8 ਤੋਂ 11 ਮਾਰਚ ਤੱਕ ਚੰਡੀਗੜ੍ਹ ਵਿਖੇ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੋਸ ਮਾਰਚ ਕਰਦੇ ਹੋਏ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ, ਡਿਵੀਜ਼ਨ ਪ੍ਰਧਾਨ ਇੰਜੀਨੀਅਰ ਕੇਵਲ ਸਿੰਘ ਪੰਡੋਰੀ, ਸਰਕਲ ਸਕੱਤਰ ਸਾਧੂ ਸਿੰਘ ਬੜੀ, ਸਰਕਲ ਪ੍ਰਧਾਨ ਹਰਭੋਲ ਸਿੰਘ ਠੀਕਰੀਵਾਲ, ਮੀਤ ਪ੍ਰਧਾਨ ਬਿੱਕਰ ਸਿੰਘ ਛੀਨੀਵਾਲ ਅਤੇ ਡਿਵੀਜ਼ਨ ਮਹਿਲ ਕਲਾਂ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀ ਇੱਕ ਵੀ ਜਾਇਜ਼ ਮੰਗ ਦਾ ਹੱਲ ਨਹੀਂ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ 31 ਦਸੰਬਰ 2015 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾ ਗੁਣਾਕ ਨਾਲ ਸੁਧਾਰਨ ਦੀ ਮੰਗ ਅਜੇ ਤੱਕ ਲਟਕੀ ਪਈ ਹੈ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਚਾਰ ਸਾਲ ਤੋਂ ਵੱਧ ਸਮੇਂ ਦਾ ਬਕਾਇਆ ਅਦਾ ਨਹੀਂ ਕੀਤਾ ਗਿਆ ਅਤੇ 16 ਫੀਸਦੀ ਡੀ.ਏ. ਰੋਕਿਆ ਗਿਆ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਸਤਵੇਂ ਪੇ ਕਮਿਸ਼ਨ ਦੀ ਮਨਜ਼ੂਰੀ ਅਤੇ ਪੈਨਸ਼ਨਰਾਂ/ਮੁਲਾਜ਼ਮਾਂ ਦੇ ਏਰੀਅਰ ਦੀ ਯਕਮੁਸ਼ਤ ਅਦਾਇਗੀ ਸਮੇਤ 200 ਰੁਪਏ ਜੰਜੀਆ ਟੈਕਸ ਕਟੌਤੀ ਬੰਦ ਕਰਨ ਵਰਗੀਆਂ ਮੰਗਾਂ ਵੀ ਅਣਸੁਣੀਆਂ ਕੀਤੀਆਂ ਜਾ ਰਹੀਆਂ ਹਨ। 

ਉਨ੍ਹਾਂ ਐਲਾਨ ਕੀਤਾ ਕਿ 11 ਮਾਰਚ ਦਿਨ ਬੁੱਧਵਾਰ ਨੂੰ ਮੋਹਾਲੀ ਵਿਖੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਵੇਰੇ ਠੀਕ 11 ਵਜੇ ਰੋਸ ਰੈਲੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਇਸ ਰੋਸ ਮਾਰਚ ਵਿਚ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਨਾਲ-ਨਾਲ ਬਿਜਲੀ ਮੁਲਾਜ਼ਮ ਏਕਤਾ ਅਤੇ ਜਾਇੰਟ ਫੋਰਮ ਪੰਜਾਬ ਦੀਆਂ ਜਥੇਬੰਦੀਆਂ ਭਾਗ ਲੈਣਗੀਆਂ। ਮੀਟਿੰਗ ਦੌਰਾਨ ਸਾਥੀ ਮਲਕੀਤ ਸਿੰਘ ਸਹੌਰ, ਰਾਜਵੰਤ ਸਿੰਘ ਮਲੇਰਕੋਟਲਾ, ਸੁਰਜੀਤ ਸਿੰਘ ਸੀਤਾ ਖਿਆਲੀ ਸਮੇਤ ਹੋਰ ਆਗੂਆਂ ਨੇ ਭਰੋਸਾ ਦਿਵਾਇਆ ਕਿ ਵਰਕਰ ਵੱਡੀ ਗਿਣਤੀ ਵਿਚ ਕਾਫਲੇ ਬੰਨ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਸ਼ਮਸ਼ੇਰ ਸਿੰਘ ਹਮੀਦੀ, ਜਗਦੇਵ ਸਿੰਘ ਸਹੌਰ, ਹਰਮੇਲ ਸਿੰਘ ਛੀਨੀਵਾਲ, ਚਮਕੌਰ ਸਿੰਘ ਝਨੇਰ, ਹਰਜੋਬਨ ਸਿੰਘ ਮਾਂਗੇਵਾਲ, ਸੁਖਦੇਵ ਸਿੰਘ ਗੁਰਮ, ਬਿੱਕਰ ਸਿੰਘ ਖਿਆਲੀ, ਸਿੰਗਾਰਾ ਸਿੰਘ ਕੁਰੜ, ਸ਼ਾਮ ਸਿੰਘ ਖੇੜੀ, ਗੁਰਜੰਟ ਸਿੰਘ ਹਮੀਦੀ, ਮੱਘਰ ਸਿੰਘ ਕੁਰੜ, ਹਰਬੰਸ ਸਿੰਘ ਹਮੀਦੀ ਅਤੇ ਜਗਦੇਵ ਸਿੰਘ ਕੁਰੜ ਸਮੇਤ ਕਈ ਪੈਨਸ਼ਨਰ ਹਾਜ਼ਰ ਸਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।


author

Anmol Tagra

Content Editor

Related News