ਪਿੰਡ ਹਮੀਦੀ ''ਚ ਚੋਰ ਗਿਰੋਹ ਦਾ ਕਹਿਰ – 16 ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਤੋਂ ਸੈਂਕੜੇ ਫੁੱਟ ਕੇਬਲ ਚੋਰੀ
Sunday, Mar 08, 2026 - 12:29 PM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਚ ਬੀਤੀ ਰਾਤ ਚੋਰ ਗਰੋਹ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆਂ 16 ਕਿਸਾਨਾਂ ਦੀਆਂ ਟਿਊਬਵੇਲ ਮੋਟਰਾਂ ਤੋਂ ਸੈਂਕੜੇ ਫੁੱਟ ਬਿਜਲੀ ਦੀ ਕੇਬਲ ਵੱਢ ਕੇ ਚੋਰੀ ਕਰ ਲਈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਪਿੰਡ ਹਮੀਦੀ ਸਮੇਤ ਨੇੜਲੇ ਇਲਾਕਿਆਂ ਵਿਚ ਕਿਸਾਨਾਂ ਅਤੇ ਪਿੰਡ ਵਾਸੀਆਂ ਵਿਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਹਮੀਦੀ ਤੋਂ ਗੁਰਮ ਨੂੰ ਜਾਂਦੀ ਲਿੰਕ ਸੜਕ ਅਤੇ ਖੇਤਾਂ ਵੱਲ ਜਾਣ ਵਾਲੇ ਕੱਚੇ ਰਸਤੇ ਦੇ ਵਿਚਕਾਰੋਂ ਲੰਘਦੀ ਡਰੇਨ ਦੀ ਪੱਟੜੀ ਦੇ ਨੇੜੇ ਸਥਿਤ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਟਿਊਬਵੇਲਾਂ ਦੇ ਕੋਠਿਆਂ ਦੇ ਜੰਦਰੇ ਤੋੜ ਕੇ ਸਟਾਰਟਰਾਂ ਵਿਚੋਂ ਬਿਜਲੀ ਦੀਆਂ ਤਾਰਾਂ ਖੋਲ੍ਹ ਕੇ ਵੱਢ ਲਈਆਂ ਅਤੇ ਫਰਾਰ ਹੋ ਗਏ। ਪੀੜਤ ਕਿਸਾਨਾਂ ਮੁਤਾਬਕ ਗੁਰਪ੍ਰੀਤ ਸਿੰਘ ਰੰਧਾਵਾ ਦੀ ਮੋਟਰ ਤੋਂ ਲਗਭਗ 50 ਫੁੱਟ ਕੇਬਲ, ਮਿਸਤਰੀ ਗੁਰਚਰਨ ਸਿੰਘ ਅਤੇ ਹਰਭਜਨ ਸਿੰਘ ਦੀ ਮੋਟਰ ਤੋਂ 40 ਫੁੱਟ, ਜਗਦੀਸ਼ ਸਿੰਘ ਦੀ ਮੋਟਰ ਤੋਂ 30 ਫੁੱਟ, ਕਰਮਜੀਤ ਸਿੰਘ ਬਰਨਾਲੇ ਵਾਲੇ ਦੀ ਮੋਟਰ ਤੋਂ 20 ਫੁੱਟ ਅਤੇ ਉਜਾਗਰ ਸਿੰਘ ਦੀ ਮੋਟਰ ਤੋਂ ਕਰੀਬ 40 ਫੁੱਟ ਤਾਰ ਚੋਰੀ ਹੋਈ। ਇਸ ਤੋਂ ਇਲਾਵਾ ਬਲੌਰ ਸਿੰਘ ਦੀਆਂ ਦੋ ਮੋਟਰਾਂ ਤੋਂ ਕਰੀਬ 140 ਫੁੱਟ, ਮਲਕੀਤ ਸਿੰਘ ਦੀ ਮੋਟਰ ਤੋਂ 50 ਫੁੱਟ, ਉਜਾਗਰ ਸਿੰਘ ਦੀਆਂ ਦੋ ਮੋਟਰਾਂ ਤੋਂ ਲਗਭਗ 110 ਫੁੱਟ, ਜਰਨੈਲ ਸਿੰਘ ਦੀ ਮੋਟਰ ਤੋਂ 60 ਫੁੱਟ, ਜਗਰਾਜ ਸਿੰਘ ਦੀ ਮੋਟਰ ਤੋਂ 40 ਫੁੱਟ, ਬਿੱਲੂ ਸਿੰਘ ਦੀ ਮੋਟਰ ਤੋਂ 50 ਫੁੱਟ, ਗੁਰਮੇਲ ਸਿੰਘ ਦੀ ਮੋਟਰ ਤੋਂ 60 ਫੁੱਟ, ਹਾਕਮ ਸਿੰਘ ਦੀ ਮੋਟਰ ਤੋਂ 60 ਫੁੱਟ ਅਤੇ ਨਛੱਤਰ ਸਿੰਘ ਦੀ ਮੋਟਰ ਤੋਂ ਲਗਭਗ 40 ਫੁੱਟ ਬਿਜਲੀ ਦੀ ਕੇਬਲ ਵੱਢ ਕੇ ਚੋਰੀ ਕਰ ਲਈ ਗਈ। ਕਿਸਾਨਾਂ ਨੇ ਦੱਸਿਆ ਕਿ ਚੋਰਾਂ ਨੇ ਵੱਖ-ਵੱਖ ਮੋਟਰਾਂ ਤੋਂ ਤਾਰਾਂ ਇਕੱਠੀਆਂ ਕਰਕੇ ਕਿਸਾਨ ਉਜਾਗਰ ਸਿੰਘ ਦੀ ਟਿਊਬਵੇਲ ਕੋਠੀ ਕੋਲ ਤਾਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ, ਤਾਂ ਜੋ ਅੰਦਰਲਾ ਤਾਂਬਾ ਕੱਢਿਆ ਜਾ ਸਕੇ। ਚੋਰ ਤਾਂਬਾ ਇਕੱਠਾ ਕਰਕੇ ਲੈ ਗਏ ਅਤੇ ਇਕ ਚੋਰੀ ਕੀਤਾ ਪੱਖਾ ਵੀ ਉਥੇ ਹੀ ਛੱਡ ਗਏ।
ਸਵੇਰੇ ਜਦੋਂ ਕਿਸਾਨ ਖੇਤਾਂ ਵਿਚ ਫਸਲਾਂ ਦੀ ਦੇਖਭਾਲ ਅਤੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਏ ਤਾਂ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਾ। ਟਿਊਬਵੈੱਲ ਕੋਠਿਆਂ ਵਿਚ ਜਾ ਕੇ ਵੇਖਿਆ ਗਿਆ ਤਾਂ ਮੋਟਰਾਂ ਦੀਆਂ ਤਾਰਾਂ ਵੱਢੀਆਂ ਹੋਈਆਂ ਗਾਇਬ ਸਨ। ਇਸ ਘਟਨਾ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਗੁੱਸਾ ਅਤੇ ਡਰ ਦਾ ਮਾਹੌਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਚੋਰੀਆਂ ਕਾਰਨ ਹੁਣ ਉਹ ਰਾਤ ਸਮੇਂ ਆਪਣੇ ਖੇਤਾਂ ਵਿੱਚ ਜਾਣ ਤੋਂ ਵੀ ਘਬਰਾਉਣ ਲੱਗ ਪਏ ਹਨ। ਪੀੜਤ ਕਿਸਾਨ ਬਲੌਰ ਸਿੰਘ, ਮਿਸਤਰੀ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਸਮੇਤ ਹੋਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ। ਇਸ ਸਬੰਧੀ ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
