'ਨਹੀਂ ਤਾਂ ਕਾਂਗਰਸ ਖ਼ਤਮ ਹੋਜੂ...' ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ 'ਤੇ ਸੁਖਬੀਰ ਬਾਦਲ ਦਾ ਬਿਆਨ
Saturday, Feb 28, 2026 - 06:12 PM (IST)
ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਮਗਰੋਂ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਹੈ ਕਿ ਰਾਹੁਲ ਗਾਂਧੀ ਪੰਜਾਬ ਜਾਂ ਪੰਜਾਬੀਆਂ ਲਈ ਕੋਈ ਸਕਾਰਾਤਮਕ ਏਜੰਡਾ ਤੈਅ ਕਰਨ ਨਹੀਂ, ਸਗੋਂ ਕਾਂਗਰਸੀਆਂ ਦਾ ਕਲੇਸ਼ ਮਿਟਾਉਣ ਲਈ ਪੰਜਾਬ ਆਇਆ ਸੀ। ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਨੂੰ ਪਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸਾਰੇ ਲੀਡਰ ਇਕ ਦੂਜੇ ਨੂੰ ਮਾਰਨ ਨੂੰ ਫ਼ਿਰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ 'ਦਬਕਾ' ਮਾਰਨ ਹੀ ਪੰਜਾਬ ਆਇਆ ਸੀ ਕਿ ਇਕੱਠੇ ਹੋ ਜਾਓ, ਨਹੀਂ ਤਾਂ ਕਾਂਗਰਸ ਖ਼ਤਮ ਹੋ ਜਾਵੇਗੀ। ਸੁਖਬੀਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਤਾ ਹੈ ਕਿ ਉਸ ਦੀ ਪਾਰਟੀ ਟੁੱਟਣ ਕੰਢੇ ਹੈ।
The @INCIndia leader @RahulGandhi has not come to Punjab out of any concern for Punjabis or set a positive agenda for his party.
— Sukhbir Singh Badal (@officeofssbadal) February 28, 2026
He is here only to quell the dissidence in the Punjab Congress. He understands the party is on the verge of disintegration with all its leaders at… pic.twitter.com/geqdqI4Y9f
ਇੱਥੇ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਅੱਜ ਪੰਜਾਬ ਦੌਰੇ 'ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਬਰਨਾਲੇ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ। ਇੱਥੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਸਿੱਧੇ ਤੌਰ 'ਤੇ ਆਖਿਆ ਕਿ ਇਕੱਲਾ ਖਿਡਾਰੀ ਕਦੇ ਵੀ ਜਿੱਤ ਨਹੀਂ ਸਕਦਾ, ਇਸ ਲਈ ਟੀਮ ਪਲੇਅਰ ਬਣੋ। ਰਾਹੁਲ ਗਾਂਧੀ ਨੇ ਇਹ ਵੀ ਆਖਿਆ ਕਿ 'ਜੇਕਰ ਤੁਸੀਂ ਟੀਮ ਪਲੇਅਰ ਨਾ ਬਣੇ ਤਾਂ ਅਸੀਂ ਤੁਹਾਨੂੰ ਰਿਜ਼ਰਵ ਖਿਡਾਰੀ ਬਣਾ ਦਿਆਂਗੇ।' ਉਨ੍ਹਾਂ ਸਪਸ਼ਟ ਤੌਰ 'ਤੇ ਆਖਿਆ ਕਿ ਭਾਵੇਂ ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕੋਈ ਵੀ ਪਾਰਟੀ ਤੋਂ ਵੱਡਾ ਨਹੀਂ ਹੈ। ਹੁਣ ਸੁਖਬੀਰ ਸਿੰਘ ਬਾਦਲ ਨੇ ਇਸੇ ਬਿਆਨ 'ਤੇ ਤੰਜ ਕੱਸਿਆ ਹੈ।
