ਤੀਜਾ ਵਿਆਹ ਕਰਾਉਣ ਵਾਲੇ ਪਤੀ ਨੇ ਪਤਨੀ ਨਾਲ ਜੋ ਕੀਤਾ, ਕਿਸੇ ਨੇ ਸੁਫ਼ਨੇ 'ਚ ਵੀ ਨੀ ਸੋਚਿਆ ਹੋਣਾ
Wednesday, Jul 20, 2022 - 10:15 AM (IST)

ਈਸੜੂ (ਬੈਨੀਪਾਲ) : ਨਜ਼ਦੀਕੀ ਪਿੰਡ ਰੌਣੀ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਪੇਟੀ ’ਚ ਬੰਦ ਕਰ ਦਿੱਤੀ ਗਈ। ਇਸ ਤੋਂ ਬਾਅਦ ਲਾਸ਼ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੀ ਮਦਦ ਨਾਲ ਪੇਟੀ ’ਚੋਂ ਬਾਹਰ ਕੱਢਵਾਇਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ (49) ਪੁੱਤਰੀ ਹਾਕਮ ਸਿੰਘ ਵਾਸੀ ਪਿੰਡ ਮਹਿਸਮਪੁਰ, ਤਹਿਸੀਲ ਧੂਰੀ ਦਾ ਵਿਆਹ 12 ਕੁ ਸਾਲ ਪਹਿਲਾਂ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਰੌਣੀ ਨਾਲ ਹੋਇਆ ਸੀ। ਉਨ੍ਹਾਂ ਦੇ ਕੋਈ ਵੀ ਔਲਾਦ ਨਹੀਂ ਸੀ। ਅਕਸਰ ਹੀ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ ਕੁੱਟਦਾ-ਮਾਰਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 4-5 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਤਾਰੀਖਾਂ ਲਈ ਆਰੇਂਜ ਅਲਰਟ ਜਾਰੀ
ਸ਼ੁੱਕਰਵਾਰ ਨੂੰ ਹੀ ਉਹ ਚੌਥੀ-ਪੰਜਵੀਂ ਵਾਰ ਆਪਣੀ ਪਤਨੀ ਨੂੰ ਮਨਾ ਕੇ ਘਰ ਲੈ ਕੇ ਆਇਆ ਸੀ। ਬੀਤੀ ਸ਼ਾਮ ਤੋਂ ਕੁਲਵਿੰਦਰ ਕੌਰ ਦਾ ਫ਼ੋਨ ਬੰਦ ਆਉਣ ’ਤੇ ਜਦੋਂ ਉਹਦੇ ਪੇਕਿਆਂ ਦੇ ਪਰਿਵਾਰਕ ਮੈਂਬਰਾਂ ਨੇ ਜਸਵਿੰਦਰ ਸਿੰਘ ਨੂੰ ਫ਼ੋਨ ਕਰ ਕੇ ਪੁੱਛਿਆ ਤਾਂ ਪਹਿਲਾਂ ਤਾਂ ਉਹ ਟਾਲ-ਮਟੋਲ ਕਰਦਾ ਰਿਹਾ ਤੇ ਬਾਅਦ ’ਚ ਫੋਨ ਬੰਦ ਕਰ ਲਿਆ। ਸ਼ੱਕ ਪੈਣ ’ਤੇ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਉਸ ਦੇ ਘਰ ਪੁੱਜੇ ਤਾਂ ਉੱਥੇ ਜਿੰਦਾ ਲੱਗਾ ਦੇਖਿਆ। ਉਹ ਸਰਪੰਚ ਕੋਲ ਚਲੇ ਗਏ ਅਤੇ ਸਰਪੰਚ ਨੇ ਉਨ੍ਹਾਂ ਨੂੰ ਪੁਲਸ ਚੌਂਕੀ ਰੌਣੀ ਭੇਜ ਦਿੱਤਾ। ਪੁਲਸ ਚੌਂਕੀ ਰੌਣੀ ਦੇ ਇੰਚਾਰਜ ਸਤਪਾਲ ਸਿੰਘ ਤੇ ਮੁਨਸ਼ੀ ਪਰਮਜੀਤ ਸਿੰਘ ਤੁਰੰਤ ਉਨ੍ਹਾਂ ਨਾਲ ਘਰ ਆ ਗਏ।
ਇਹ ਵੀ ਪੜ੍ਹੋ : ਜੀਜੇ ਨੇ ਭਰੇ ਬਜ਼ਾਰ ਸਾਲੇ ਦੇ ਖੂਨ ਨਾਲ ਰੰਗੇ ਹੱਥ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ (ਵੀਡੀਓ)
ਜਦੋਂ ਉਨ੍ਹਾਂ ਕੰਧ ਟੱਪ ਕੇ ਅੰਦਰ ਆ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਮੇਨ ਗੇਟ ਨੂੰ ਅੰਦਰੋਂ ਤੇ ਬਾਹਰੋਂ ਜਿੰਦਾ ਲਾ ਕੇ ਅੰਦਰ ਕਮਰੇ ’ਚ ਬੈਠਾ ਸੀ। ਜਦੋਂ ਉਨ੍ਹਾਂ ਸਾਰੇ ਘਰ ਦੀ ਤਲਾਸ਼ੀ ਲਈ ਤਾਂ ਕੁਲਵਿੰਦਰ ਕੌਰ ਦੀ ਲਾਸ਼ ਪੇਟੀ ’ਚੋਂ ਬਰਾਮਦ ਹੋਈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਸਵਿੰਦਰ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ। ਖ਼ਬਰ ਲਿਖਣ ਤੱਕ ਪੁਲਸ ਦੀ ਮੁੱਢਲੀ ਪੁੱਛ-ਗਿੱਛ ਦੌਰਾਨ ਜਸਵਿੰਦਰ ਸਿੰਘ ਕਤਲ ਕਰਨ ਬਾਰੇ ਮੰਨਿਆ ਨਹੀਂ ਸੀ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਦਾ ਇਹ ਤੀਜਾ ਵਿਆਹ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ