‘ਹਡ਼੍ਹ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਖਾਤਿਆਂ ’ਚ ਪਾਇਆ ਜਾ ਰਿਹੈ’

02/16/2019 4:09:38 AM

ਕਪੂਰਥਲਾ (ਸੋਢੀ)-2017 ਵਿਚ ਆਏ ਭਾਰੀ ਹਡ਼੍ਹ ਨਾਲ ਮੰਡ ਖੇਤਰ ਦੇ ਵੱਡੀ ਗਿਣਤੀ ’ਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਸੀ, ਦਾ ਮੁਆਵਜ਼ਾ ਕਿਸਾਨਾਂ ਦੇ ਸਿੱਧਾ ਖਾਤਿਆਂ ’ਚ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾਕਟਰ ਚਾਰੂਮਿਤਾ ਤੇ ਤਹਿਸੀਲਦਾਰ ਮੈਡਮ ਸੀਮਾ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਦਰਿਆ ਬਿਆਸ ਨਾਲ ਲੱਗਦੇ ਲਗਭਗ 2 ਹਜ਼ਾਰ ਕਿਸਾਨਾਂ ਦੀਆਂ ਫਸਲਾਂ ਹਡ਼੍ਹ ਨਾਲ ਨੁਕਸਾਨੀਆਂ ਗਈਆਂ ਸਨ, ਜਿਨ੍ਹਾਂ ਦਾ ਮੁਆਵਜ਼ਾ ਦੇਣ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਸੀ, ਜਿਸ ’ਤੇ ਸਰਕਾਰ ਵਲੋਂ ਤਕਰੀਬਨ 8 ਕਰੋਡ਼ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜੋ ਕਿ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਹੋਏ ਨੁਕਸਾਨ ਬਦਲੇ ਪ੍ਰਤੀ ਏਕਡ਼ 8 ਹਜ਼ਾਰ ਰੁਪਏ ਦੇ ਹਿਸਾਬ ਨਾਲ ਕਿਸਾਨਾਂ ਦੇ ਖਾਤਿਆਂ ਵਿਚ ਮੁਆਵਜ਼ਾ ਜਮ੍ਹਾ ਕਰਵਾਇਆ ਗਿਆ ਹੈ। ਇਸ ਸਮੇਂ ਗੁਰਵਿੰਦਰ ਸਿੰਘ ਰਜਿਸਟਰੀ ਕਲਰਕ ਤੇ ਰਣਜੀਤ ਸਿੰਘ ਸੈਣੀ, ਚਤਰ ਸਿੰਘ ਰੀਡਰ ਆਦਿ ਨੇ ਵੀ ਸ਼ਿਰਕਤ ਕੀਤੀ।

Related News