ਦਿੱਲੀ ਪੁਲਸ ਨੇ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਖਾਤਿਆਂ ''ਤੇ ਕੱਸਿਆ ਸ਼ਿਕੰਜਾ

Monday, Apr 08, 2024 - 01:26 PM (IST)

ਦਿੱਲੀ ਪੁਲਸ ਨੇ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਖਾਤਿਆਂ ''ਤੇ ਕੱਸਿਆ ਸ਼ਿਕੰਜਾ

ਨਵੀਂ ਦਿੱਲੀ-  ਦਿੱਲੀ ਪੁਲਸ ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਨਾਲ ਸਬੰਧਤ ਗੈਂਗਸਟਰਾਂ ਦੇ ਨਾਂ 'ਤੇ ਬਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਸ਼ਿਕੰਜਾ ਕੱਸਿਆ ਹੈ। ਪੁਲਸ ਨੇ ਹੁਣ ਤਕ ਗੈਂਗਸਟਰਾਂ ਦੇ 133 ਖਾਤੇ ਬਲਾਕ ਕਰਵਾਏ ਹਨ। ਦਰਅਸਲ 1 ਮਾਰਚ ਨੂੰ ਕੈਨੇਡਾ ਅਧਾਰਿਤ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ 'ਤੇ ਬਣਾਈ ਗਈ ਫੇਸਬੁੱਕ ਪ੍ਰੋਫਾਈਲ 'ਚ ਸਕ੍ਰੈਪ ਡੀਲਰ ਸਚਿਨ ਮੁੰਜਾਲ ਉਰਫ ਸਚਿਨ ਗੋਡਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ। ਗੋਦਾਰਾ ਦੀ ਪੋਸਟ ਵਿਚ ਜਿਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ, ਉਹ 29 ਫਰਵਰੀ ਨੂੰ ਗੁਰੂਗ੍ਰਾਮ ਦੇ ਵਸਨੀਕ ਗੋਡਾ ਦੇ ਕਤਲ ਦਾ ਸੀ, ਜਿਸ ਦੀ ਰੋਹਤਕ ਵਿਚ ਉਸ ਦੀ ਮਾਂ ਅਤੇ ਪਤਨੀ ਦੇ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ ਪੋਸਟ ਵਿਚ ਕਤਲ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਗਿਆ ਹੈ ਕਿ ਸਕ੍ਰੈਪ ਡੀਲਰ ਇਕ ਵਿਰੋਧੀ ਗਿਰੋਹ ਨਾਲ ਜੁੜਿਆ ਹੋਇਆ ਸੀ ਅਤੇ ਫਿਰੌਤੀ ਦੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ। ਗੈਂਗਸਟਰ ਨੇ 'ਹੋਰਨਾਂ' ਨੂੰ ਵੀ ਚਿਤਾਵਨੀ ਦਿਤੀ ਕਿ ਉਹ ਉਸ ਦੀਆਂ ਕਾਲਾਂ 'ਤੇ ਧਿਆਨ ਦੇਣ, ਬਿਨਾਂ ਇਹ ਦੱਸੇ ਕਿ ਉਹ ਕਿਸ ਦਾ ਜ਼ਿਕਰ ਕਰ ਰਿਹਾ ਸੀ। ਗੋਦਾਰਾ ਦੀ ਪੋਸਟ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਉਸ ਦੀ ਪ੍ਰੋਫਾਈਲ ਫੇਸਬੁੱਕ 'ਤੇ ਰਿਪੋਰਟ ਕੀਤੀ ਅਤੇ ਇਸ ਨੂੰ ਬਲਾਕ ਕਰ ਦਿਤਾ।

ਗੋਦਾਰਾ ਦੀ ਫੇਸਬੁੱਕ ਪ੍ਰੋਫਾਈਲ ਗੈਂਗਸਟਰਾਂ ਦੇ 175 ਸੋਸ਼ਲ ਮੀਡੀਆ ਅਕਾਊਂਟਾਂ ਵਿਚੋਂ ਇਕ ਹੈ, ਜਿਨ੍ਹਾਂ ਦੀ ਸਪੈਸ਼ਲ ਸੈੱਲ ਨੇ ਪਿਛਲੇ ਮਹੀਨੇ ਪਛਾਣ ਕੀਤੀ ਹੈ, ਜਿਨ੍ਹਾਂ ਵਿਚੋਂ 133 ਨੂੰ ਸੋਮਵਾਰ ਤਕ ਬਲਾਕ ਕਰ ਦਿੱਤਾ ਗਿਆ ਹੈ ਜਾਂ ਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਵਿਸ਼ੇਸ਼ ਸੈੱਲ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਤਰਾਜ਼ਯੋਗ ਪੋਸਟਾਂ, ਤਸਵੀਰਾਂ ਅਤੇ ਵੀਡੀਓ ਦੇ ਸਕ੍ਰੀਨਸ਼ਾਟ ਅਤੇ ਲਿੰਕ ਦੇ ਰੂਪ 'ਚ ਲੋੜੀਂਦੇ ਸਬੂਤ ਵੀ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਅਜਿਹੇ 175 ਸੋਸ਼ਲ ਮੀਡੀਆ ਅਕਾਊਂਟਸ 'ਚੋਂ 133 ਨੂੰ ਪਹਿਲਾਂ ਹੀ ਬਲਾਕ ਕਰ ਦਿਤਾ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਗੈਂਗਸਟਰਾਂ ਜਿਵੇਂ ਅਰਸ਼ ਡੱਲਾ, ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ, ਹਾਸ਼ਿਮ ਬਾਬਾ, ਹਿਮਾਂਸ਼ੂ ਭਾਊ, ਜਤਿੰਦਰ ਗੋਗੀ, ਕਾਲਾ ਜਠੇਰੀ, ਕੌਸ਼ਲ ਚੌਧਰੀ, ਨੀਰਜ ਬਵਾਨਾ, ਰੋਹਿਤ ਗੋਦਾਰਾ ਅਤੇ ਸੁੱਖਾ ਕਾਹਲੋਂ ਦੇ ਨਾਂ ਦੀ ਵਰਤੋਂ ਕਰਕੇ ਬਣਾਏ ਗਏ ਸਨ।
 


author

Tanu

Content Editor

Related News