ਹਜ਼ਾਰਾਂ ਕਿਸਾਨਾਂ ਨੇ ਸ਼ੰਭੂ ਰੇਲਵੇ ਟ੍ਰੈਕ ਕੀਤਾ ਜਾਮ, 100 ਤੋਂ ਵੱਧ ਗੱਡੀਆਂ ਰੱਦ, ਕਰੋੜਾਂ ਰੁਪਏ ਦੇ ਬਿਜ਼ਨੈੱਸ ਦਾ ਨੁਕਸਾਨ
Tuesday, Apr 30, 2024 - 11:22 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)– ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਦੇ ਚਲਦਿਆਂ ਜਿਥੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਸੰਘਰਸ਼ 78ਵੇਂ ਦਿਨ ਅੰਦਰ ਪ੍ਰਵੇਸ਼ ਹੋ ਚੁੱਕਾ ਹੈ, ਉਥੇ ਅੱਜ 14ਵੇਂ ਦਿਨ ਹਰਿਆਣਾ ਪੁਲਸ ਵਲੋ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਸ਼ੰਭੂ ਰੇਲਵੇ ਸਟੇਸ਼ਨ 14ਵੇਂ ਦਿਨ ਪੂਰੀ ਤਰ੍ਹਾਂ ਜਾਮ ਰਿਹਾ। ਸ਼ੰਭੂ ਰੇਲਵੇ ਸਟੇਸ਼ਨ ਉੱਤਰੀ ਭਾਰਤ ਦਾ ਅਹਿਮ ਰੇਲਵੇ ਟ੍ਰੈਕ ਹੈ। ਇਸ ਦੇ 14 ਦਿਨਾਂ ਤੋਂ ਜਾਮ ਹੋਣ ਕਾਰਨ ਪਟਿਆਲਾ, ਲੁਧਿਆਣਾ ਤੇ ਸਮੁੱਚੇ ਜ਼ਿਲਿਆਂ ਅੰਦਰ ਕਰੋੜਾਂ-ਅਰਬਾਂ ਦੇ ਬਿਜ਼ਨੈੱਸ ਦਾ ਨੁਕਸਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਖਾਲਿਸਤਾਨ ਸਮਰਥਕਾਂ ਦਾ ਖੁੱਲ੍ਹ ਕੇ ਪ੍ਰਚਾਰ ਤੇ ਪ੍ਰਸਾਰ ਦਾ ਮਾਧਿਅਮ ਬਣ ਰਹੀ ਕੈਨੇਡਾ ਸਰਕਾਰ’
ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਨੇ ਇਸ ਸਬੰਧੀ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਹੈ ਪਰ ਹਰਿਆਣਾ ਪੁਲਸ ਦੀ ਅੜੀ ਕਾਰਨ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਉਥੇ ਕਿਸਾਨ ਇਸ ਗੱਲ ਨੂੰ ਲੈ ਕੇ ਰੋਸ ’ਚ ਹਨ ਕਿ ਜਦੋਂ ਤੱਕ ਹਰਿਆਣਾ ਪੁਲਸ ਉਨ੍ਹਾਂ ਦੇ ਕਿਸਾਨਾਂ ਨੂੰ ਰਿਹਾਅ ਨਹੀਂ ਕਰਦੀ, ਉਦੋਂ ਤੱਕ ਰੇਲਵੇ ਟ੍ਰੈਕ ਖਾਲੀ ਨਹੀਂ ਹੋਵੇਗਾ। ਟ੍ਰੈਕ ਜਾਮ ਹੋਣ ਕਾਰਨ ਅੱਜ ਵੀ 100 ਤੋਂ ਵੱਧ ਗੱਡੀਆਂ ਨੂੰ ਰੱਦ ਕਰਨਾ ਪਿਆ ਤੇ ਉਨ੍ਹਾਂ ਦੇ ਰੂਟ ਬਦਲਨੇ ਪਏ।
ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਮਜ਼ਦੂਰ ਦਿਵਸ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਆ ਰਹੇ ਹਨ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਦੀ ਵੱਡੀ ਗਿਣਤੀ ਨੂੰ ਬੱਸ ਕਾਫਲੇ ਦੇ ਰੂਪ ’ਚ ਅੰਮ੍ਰਿਤਸਰ ਦੇ ਬਿਆਸ ਪੁੱਲ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਤੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਵਲੋਂ ਤੋਰਿਆ ਜਥਾ ਸ਼ੰਭੂ ਬਾਰਡਰ ’ਤੇ ਪੁੱਜਾ।
ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਮਾਤਾਵਾਂ-ਬੀਬੀਆਂ ਵਲੋਂ ਮੋਰਚੇ ਦੀ ਅਗਵਾਈ ਆਪਣੇ ਹੱਥਾਂ ’ਚ ਲੈਣ ਤੋਂ ਬਾਅਦ ਮੋਰਚਾ ਹੋਰ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਲਗਾਤਾਰ ਪਿੰਡ ਪੱਧਰ ’ਤੇ ਲਾਮਬੰਦ ਕਰਕੇ ਅੰਦੋਲਨ ’ਚ ਜੀਅ-ਤੋੜ ਮਿਹਨਤ ਕਰਕੇ ਅੰਦੋਲਨ ’ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਜਦੋਂ ਤੱਕ ਐੱਮ. ਐੱਸ. ਪੀ. ਤੇ ਖਰੀਦ ਦਾ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ, ਕਿਸਾਨ ਮਜ਼ਦੂਰ ਦੀ ਕੁਲ ਕਰਜ਼ਾ ਮੁਕਤੀ ਨਹੀਂ ਹੁੰਦੀ, ਕਿਸਾਨ ਤੇ ਖੇਤ ਮਜ਼ਦੂਰ ਲਈ ਪੈਨਸ਼ਨ ਸਕੀਮ ਲਾਗੂ ਨਹੀਂ ਹੁੰਦੀ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੋਜ਼ਗਾਰ ਤੇ 700 ਰੁਪਏ ਦਿਹਾੜੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤੇ ਕਿਸਾਨ-ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵਲੋਂ ਰੱਖੇ ਗਏ 10 ਸੂਤਰੀ ਮੰਗ-ਪੱਤਰ ਦੀਆਂ ਸਾਰੀਆਂ ਮੰਗਾਂ ਦੇ ਠੋਸ ਹੱਲ ਨਹੀਂ ਕੀਤੇ ਜਾਂਦੇ, ਉਨੀ ਦੇਰ ਤਕ ਸੰਘਰਸ਼ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।