ਅੰਦੋਲਨ ਨਾਲ ਜਨ-ਜੀਵਨ ‘ਉਥਲ-ਪੁਥਲ’, ਕਿਸਾਨਾਂ ਦਾ ਵੀ ਹੋ ਰਿਹਾ ਨੁਕਸਾਨ

04/24/2024 4:07:50 AM

ਆਪਣੀਆਂ ਮੰਗਾਂ ਮੰਨਵਾਉਣ ਲਈ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਕੁਝ ਹੋਰਨਾਂ ਹਿੱਸਿਆਂ ’ਚ ਕਿਸਾਨਾਂ ਵੱਲੋਂ ਜੂਨ 2020 ਤੋਂ ਸ਼ੁਰੂ ਕੀਤੇ ਗਏ ਅੰਦੋਲਨ ਦਾ ਪਹਿਲਾ ਪੜਾਅ 19 ਦਸੰਬਰ, 2021 ਨੂੰ ਪ੍ਰਧਾਨ ਮੰਤਰੀ ਦੇ ਭਰੋਸੇ ਪਿੱਛੋਂ ਖ਼ਤਮ ਕਰ ਦਿੱਤਾ ਗਿਆ ਸੀ। ਪਰ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੁਣ ਇਹ ਅੰਦੋਲਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅੰਦੋਲਨ ਦੇ ਦੂਜੇ ਪੜਾਅ ’ਚ ਕਿਸਾਨ ਪਿਛਲੇ 71 ਦਿਨਾਂ ਤੋਂ ਹਰਿਆਣਾ-ਪੰਜਾਬ ਦੀ ਹੱਦ ’ਤੇ ਸ਼ੰਭੂ ਬਾਰਡਰ ’ਤੇ ਧਰਨਾ ਲਾਈ ਬੈਠੇ ਹਨ।

ਇਸ ਸਬੰਧੀ ਕਿਸਾਨ ਸੰਗਠਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਗੱਲਬਾਤ ਦੇ 5 ਦੌਰ ਹੋ ਚੁੱਕੇ ਹਨ ਪਰ ਨਤੀਜਾ ਸਿਫਰ ਹੀ ਰਿਹਾ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਉਹ ਉਥੋਂ ਨਹੀਂ ਜਾਣਗੇ। ਕਿਸਾਨ ਅੰਦੋਲਨ-2 ਦੌਰਾਨ ਜਿਥੇ ਪੁਲਸ ਦੇ 2 ਜਵਾਨ ਸ਼ਹੀਦ ਹੋਏ ਹਨ, ਉਥੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ 17 ਸਾਥੀਆਂ ਦੀ ਜਾਨ ਇਸ ਅੰਦੋਲਨ ’ਚ ਜਾ ਚੁੱਕੀ ਹੈ।

ਪੰਜਾਬ ਦੇ ‘ਸੰਯੁਕਤ ਕਿਸਾਨ ਮੋਰਚਾ’ (ਗੈਰ-ਸਿਆਸੀ) ਅਤੇ ‘ਕਿਸਾਨ ਮਜ਼ਦੂਰ ਮੋਰਚਾ’ ਵੱਲੋਂ ਆਪਣੀਆਂ ਪੈਂਡਿੰਗ ਮੰਗਾਂ ਸਬੰਧੀ ਜਨਵਰੀ ਦੇ ਅੰਤ ’ਚ ਸੱਦਾ ਦੇਣ ਪਿੱਛੋਂ ਹਰਿਆਣਾ ਦੀ ‘ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਸੰਗਠਨ’ ਨੇ 13 ਫਰਵਰੀ, 2024 ਨੂੰ ਦਿੱਲੀ ਜਾਣ ਲਈ ਸ਼ੰਭੂ ਬਾਰਡਰ ’ਤੇ ਡੇਰਾ ਲਾ ਦਿੱਤਾ ਸੀ। ਇਸ ’ਤੇ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੇ ਪੰਜਾਬ ਤੋਂ ਹਰਿਆਣਾ ’ਚ ਦਾਖਲ ਹੋ ਕੇ ਦਿੱਲੀ ਜਾਣ ਵਾਲੇ ਸਭ ਰਾਹ ਬੰਦ ਕਰਵਾ ਦਿੱਤੇ ਜਿਸ ’ਚ ਅੰਬਾਲਾ ਦਾ ਸ਼ੰਭੂ ਅਤੇ ਖਨੌਰੀ ਦੇ ਬਾਰਡਰ ਸ਼ਾਮਲ ਹਨ। ਇਸ ਪਿੱਛੋਂ ਕਿਸਾਨਾਂ ਅਤੇ ਪੁਲਸ ਦਰਮਿਆਨ ਘੱਟੋ-ਘੱਟ 3 ਵਾਰ ਝੜਪਾਂ ਵੀ ਹੋ ਚੁੱਕੀਆਂ ਹਨ।

ਇਸ ਦੌਰਾਨ 28 ਮਾਰਚ ਨੂੰ ਵਿਰੋਧ ਦਿਖਾਵਾ ਕਰ ਰਹੇ 3 ਕਿਸਾਨਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲੈਣ ਨਾਲ ਕਿਸਾਨਾਂ ਨੇ ਹੋਰ ਵਧੇਰੇ ਗੁੱਸੇ ’ਚ ਆ ਕੇ 9 ਅਪ੍ਰੈਲ ਨੂੰ ਸ਼ੰਭੂ ਬਾਰਡਰ ’ਤੇ ਰੇਲਗੱਡੀਆਂ ਨੂੰ ਰੋਕਣ ਦਾ ਐਲਾਨ ਕਰ ਦਿੱਤਾ। ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਪ੍ਰਸ਼ਾਸਨ ਨੇ ਗੱਲਬਾਤ ਕਰ ਕੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ 7 ਦਿਨ ਦਾ ਸਮਾਂ ਮੰਗਿਆ ਸੀ ਪਰ ਜਦੋਂ ਉਨ੍ਹਾਂ ਦੀ ਰਿਹਾਈ ਨਹੀਂ ਹੋਈ ਤਾਂ ਕਿਸਾਨਾਂ ਨੇ 17 ਅਪ੍ਰੈਲ ਨੂੰ ਸ਼ੰਭੂ ਬਾਰਡਰ ’ਤੇ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਜੋ ਅਜੇ ਤੱਕ ਜਾਰੀ ਹੈ। 22 ਅਪ੍ਰੈਲ ਨੂੰ ਵੀ ਸ਼ੰਭੂ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਰਹਿਣ ਨਾਲ 107 ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਅਤੇ 45 ਰੇਲਗੱਡੀਆਂ ਰੱਦ ਕੀਤੀਆਂ ਗਈਆਂ।

ਇਸ ਅੰਦੋਲਨ ਕਾਰਨ ਅੰਮ੍ਰਿਤਸਰ, ਨਵੀਂ ਦਿੱਲੀ, ਲੁਧਿਆਣਾ, ਬਠਿੰਡਾ ਵਰਗੇ ਪ੍ਰਮੁੱਖ ਸ਼ਹਿਰਾਂ ਦਰਮਿਆਨ ਚੱਲਣ ਵਾਲੀਆਂ ਅਹਿਮ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। 22 ਅਪ੍ਰੈਲ ਤੱਕ ਫਿਰੋਜ਼ਪੁਰ ਡਵੀਜ਼ਨ ਦੀਆਂ 494 ਟਰੇਨਾਂ ਪ੍ਰਭਾਵਿਤ ਹੋਈਆਂ। ਟਰੇਨਾਂ ਨੂੰ ਰੱਦ ਕਰਨ ਕਾਰਨ ਫਿਰੋਜ਼ਪੁਰ ਡਵੀਜ਼ਨ ਵੱਲੋਂ ਮੁਸਾਫਰਾਂ ਨੂੰ ਲੱਖਾਂ ਰੁਪਏ ਦਾ ਰਿਫੰਡ ਜਾਰੀ ਕਰਨਾ ਪਿਆ। ਅਜਿਹੇ ਹਾਲਾਤ ਦਰਮਿਆਨ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਖਟਕੜ’ ਪਿੰਡ ’ਚ 22 ਅਪ੍ਰੈਲ ਨੂੰ ਕਿਸਾਨ ਸੰਗਠਨਾਂ ਦੀ ਮਹਾਪੰਚਾਇਤ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨੋਂ ਗ੍ਰਿਫਤਾਰ ਕਿਸਾਨਾਂ ਨੂੰ 27 ਅਪ੍ਰੈਲ ਤੱਕ ਰਿਹਾਅ ਨਾ ਕਰਨ ’ਤੇ ਦੁਬਾਰਾ ਮਹਾਪੰਚਾਇਤ ਬੁਲਾ ਕੇ ਇਸ ਸਬੰਧੀ ਸਰਬਸੰਮਤੀ ਨਾਲ ਵੱਡਾ ਫੈਸਲਾ ਲਿਆ ਜਾਏਗਾ ਅਤੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕੀਤੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ।

ਜਿਥੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਸਬੰਧ ਹੈ, ਇਹ ਸਰਕਾਰ ਅਤੇ ਉਨ੍ਹਾਂ ਦਰਮਿਆਨ ਦਾ ਮਾਮਲਾ ਹੈ। ਆਮ ਲੋਕਾਂ ਦੀ ਹਮਦਰਦੀ ਤਾਂ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਰਹੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨੀਆਂ ਚਾਹੀਦੀਆਂ ਹਨ। ਪਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਰੇਲਗੱਡੀਆਂ ਨੂੰ ਰੋਕਣ ਅਤੇ ਟ੍ਰੈਫਿਕ ਜਾਮ ਕਰਨ ਵਰਗੇ ਕਦਮਾਂ ਨਾਲ ਰੇਲ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ ਅਤੇ ਵਿਸ਼ੇਸ਼ ਰੂਪ ਨਾਲ ਆਸ-ਪਾਸ ਦੇ ਲੋਕਾਂ ਦਾ ਜਨ-ਜੀਵਨ ਉਥਲ-ਪੁਥਲ ਹੋ ਕੇ ਰਹਿ ਗਿਆ ਹੈ।

ਇਸ ਦੇ ਨਾਲ ਹੀ ਪ੍ਰਦਰਸ਼ਨ ਵਾਲੀ ਥਾਂ ਦੇ ਆਸ-ਪਾਸ ਦੇ ਇਲਾਕਿਆਂ ’ਚ ਵਪਾਰ-ਕਾਰੋਬਾਰ ਦੀਆਂ ਸਰਗਰਮੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਵਸਤਾਂ ਦੀ ਸਪਲਾਈ ਚੇਨ ਟੁੱਟਣ ਕਾਰਨ ਮਹਿੰਗਾਈ ਵੀ ਵਧ ਰਹੀ ਹੈ। ਫਸਲਾਂ ਦੀ ਵਾਢੀ ਦੇ ਮੌਸਮ ’ਚ ਮੌਜੂਦਾ ਫਸਲ ਦੀ ਸੰਭਾਲ ਅਤੇ ਅਗਲੀ ਫਸਲ ਦੀ ਤਿਆਰੀ ਕਰਨ ਦੀ ਬਜਾਏ ਕਿਸਾਨ ਖੇਤਾਂ ਤੋਂ ਦੂਰ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਜਿਸ ਕਾਰਨ ਉਨ੍ਹਾਂ ਦਾ ਆਪਣਾ ਵੀ ਨੁਕਸਾਨ ਹੋ ਰਿਹਾ ਹੈ।

ਇਹੀ ਨਹੀਂ, ਇਸ ਚੋਣ ਮੌਸਮ ’ਚ ਕਿਸਾਨਾਂ ਵੱਲੋਂ ਵੋਟ ਨਾ ਦੇਣ ਕਾਰਨ ਸਬੰਧਤ ਪਾਰਟੀਆਂ ਨੂੰ ਵੀ ਨੁਕਸਾਨ ਹੋਵੇਗਾ, ਇਸ ਲਈ ਸਭ ਧਿਰਾਂ ਨੂੰ ਇਸ ਵਿਸ਼ੇ ’ਚ ਲਚਕੀਲਾ ਰਵੱਈਆ ਅਪਣਾ ਕੇ ਇਹ ਸਮੱਸਿਆ ਨਿਪਟਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੇ ਖੇਤਾਂ ’ਚ ਵਾਪਸ ਜਾਣ ਅਤੇ ਲੋਕਾਂ ਨੂੰ ਵੀ ਇਨ੍ਹਾਂ ਧਰਨਿਆਂ-ਪ੍ਰਦਰਸ਼ਨਾਂ ਤੋਂ ਮੁਕਤੀ ਮਿਲੇ।

–ਵਿਜੇ ਕੁਮਾਰ


Harpreet SIngh

Content Editor

Related News