ਕੰਗਨਾ ਰਣੌਤ ਮੁੜ ਪੰਜਾਬ ਦਾ ਮਾਹੌਲ ਵਿਗਾੜਨ ਦੀ ਫਿਰਾਕ 'ਚ!

Saturday, Aug 17, 2024 - 02:06 PM (IST)

ਕੰਗਨਾ ਰਣੌਤ ਮੁੜ ਪੰਜਾਬ ਦਾ ਮਾਹੌਲ ਵਿਗਾੜਨ ਦੀ ਫਿਰਾਕ 'ਚ!

ਐਂਟਰਟੇਨਮੈਂਟ ਡੈਸਕ : ਬੇਸ਼ੱਕ ਬਾਲੀਵੁੱਡ ਲਈ ਕੰਗਨਾ ਰਣੌਤ 'Queen' ਹੈ ਪਰ ਉਹ ਪੰਜਾਬ ਖ਼ਿਲਾਫ਼ ਨਫ਼ਰਤੀ ਬੋਲ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ। ਅਕਸਰ ਹੀ ਉਹ ਪੰਜਾਬੀਆਂ ਨੂੰ ਖ਼ਾਸ ਕਰਕੇ ਸਿੱਖਾਂ ਨੂੰ ਖਾਲਿਸਤਾਨੀ ਕਹਿੰਦੀ ਹੈ। ਜੇਕਰ ਤਾਜ਼ਾ ਮੁੱਦੇ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫ਼ਿਲਮ 'Emergency' ਦਾ ਟਰੇਲਰ ਲਾਂਚ ਹੋਇਆ ਹੈ, ਜਿਸ ਤੋਂ ਬਾਅਦ ਖ਼ਦਸ਼ਾ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਪੂਰੀ ਕੋਸ਼ਿਸ਼ ਜਾ ਰਹੀ ਹੈ। ਬੇਸ਼ੱਕ ਇਸ ਫ਼ਿਲਮ 'ਐਮਰਜੈਂਸੀ' ਤੇ ਇੰਦਰਾ ਗਾਂਧੀ ਦੇ ਵਿਚਾਲੇ ਘੁੰਮਦੀ ਹੈ ਪਰ ਇਸ 2 ਮਿੰਟ 53 ਸੈਕਿੰਡ ਦੇ ਟਰੇਲਰ 'ਚ ਸਿੱਖਾਂ ਨੂੰ ਬਹੁਤ ਗ਼ਲਤ ਤਰੀਕੇ ਨਾਲ ਦਿਖਾਇਆ ਜਾਪਦਾ ਹੈ। ਇਸ ਵਿਚ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਨੂੰ ਦਿਖਾਇਆ ਗਿਆ ਹੈ, ਜਿਸ ਵਿਚ ਜਰਨੈਲ ਸਿੰਘ ਭਿੰਡਰਾਵਾਲੇ ਦਾ ਕਿਰਦਾਰ ਵੀ ਦਿਖਾਇਆ ਗਿਆ ਹੈ, ਜੋ ਇਸ ਦੇ ਨਾਲ ਹੀ ਆਵਾਜ਼ ਆ ਰਹੀ ਹੈ ਕਿ 'ਤੁਹਾਡੀ ਪਾਰਟੀ ਨੂੰ ਵੋਟ ਚਾਹੀਦੀ ਹੈ ਤੇ ਸਾਨੂੰ ਖ਼ਾਲਿਸਤਾਨ।' ਇਸ ਦੇ ਨਾਲ ਹੀ ਸੰਜੇ ਸਿੰਘ ਦੇ ਖਾੜਕੂਆਂ ਨਾਲ ਸਬੰਧਾਂ ਤੇ ਪੰਜਾਬ 'ਚ ਹੋਏ ਕਥਿਤ ਕਤਲੇਆਮ ਨੂੰ ਦਿਖਾਇਆ ਗਿਆ ਹੈ। ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ 'ਚ ਖਾੜਕੂਵਾਦ ਦੀ ਲਹਿਰ ਤੇ ਭਿੰਡਰਾਵਾਲਾ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ। ਹਾਲਾਂਕਿ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਹੈ ਤੇ ਹੁਣ ਜਦੋਂ ਇਸ ਨੂੰ ਵੱਡੇ ਪਰਦੇ 'ਤੇ ਦਿਖਾਇਆ ਜਾਵੇਗਾ ਤਾਂ ਇਸ ਦਾ ਵਿਰੋਧ ਹੋਣਾ ਸੁਭਾਵਿਕ ਹੀ ਹੈ।

ਉਥੇ ਹੀ ਇਸ ਮੁੱਦੇ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਸੋਸ਼ਲ ਮੀਡੀਆ 'ਤੇ ਇਸ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਅਮਰਦੀਪ ਸਿੰਘ ਗਿੱਲ ਨੇ ਲਿਖਿਆ, ''ਸਿਨੇਮਾ ਹਮੇਸ਼ਾ ਹੀ ਬਹੁਤ ਵੱਡਾ ਹਥਿਆਰ ਰਿਹਾ ਹੈ। ਇਸ ਨੂੰ ਤੁਸੀਂ ਕਿਸੇ ਦੇ ਵੀ ਵਿਰੋਧ 'ਤੇ ਕਿਸੇ ਦੇ ਵੀ ਹੱਕ 'ਚ ਵਰਤ ਸਕਦੇ ਹੋ। ਅੱਜ ਕੱਲ ਸਰਕਾਰ ਪੱਖੀ ਫ਼ਿਲਮਾਂ ਬਣ ਰਹੀਆਂ ਹਨ ਬੇਸ਼ੱਕ ਇਹ ਫਲਾਪ ਵੀ ਰਹੀਆਂ ਹਨ ਪਰ ਕੁਝ ਫ਼ਿਲਮਾਂ ਸਫ਼ਲ ਵੀ ਰਹੀਆਂ ਹਨ, ਜਿਨਾਂ ਕਰਕੇ 'ਪ੍ਰਚਾਰਵਾਦੀ' ਫ਼ਿਲਮਾਂ ਲਗਾਤਾਰ ਬਣ ਰਹੀਆਂ ਹਨ। ਇਸੇ ਲੜੀ ਦੀ ਫ਼ਿਲਮ ਹੈ 'ਐਮਰਜੈਂਸੀ', ਜਿਸ ਨੂੰ ਬਣਾਇਆ ਹੈ ਐਮ. ਪੀ. ਕੰਗਨਾ ਰਣੌਤ ਨੇ, ਉਸ ਨੇ ਹੀ ਫ਼ਿਲਮ 'ਚ ਇੰਦਰਾ ਗਾਂਧੀ ਦੀ ਕੇਂਦਰੀ ਭੂਮਿਕਾ ਨਿਭਾਈ ਹੈ। ਇੱਥੇ ਆਪ ਸਭ ਨੂੰ ਯਾਦ ਰਹੇ ਕਿ ਕੰਗਨਾ ਭਾਰਤੀ ਜਨਤਾ ਪਾਰਟੀ ਦੀ ਐੱਮ. ਪੀ. ਹੋਣ ਦੇ ਬਾਵਜ਼ੂਦ ਵੀ ਇੰਦਰਾ ਗਾਂਧੀ ਦੀ ਪ੍ਰਸ਼ੰਸਕ ਹੈ। ਕਿਸਾਨ ਅੰਦੋਲਨ ਵੇਲੇ ਉਸ ਦਾ ਬਿਆਨ ਯਾਦ ਕਰੋ। ਜਦੋਂ ਉਸ ਨੇ ਸਾਡੇ ਕਿਸਾਨਾਂ ਅਤੇ ਸਿੱਖਾਂ ਬਾਰੇ ਕਿਹਾ ਸੀ ਕਿ ਮੋਦੀ ਜੀ ਇੰਨਾਂ ਨਾਲ ਇੰਦਰਾ ਜੀ ਵਾਲੀ ਕਰੋ, ਇੰਨਾਂ ਨੂੰ ਉਵੇਂ ਕੁਚੱਲ ਦਿਓ ਜਿਵੇਂ ਇੰਦਰਾ ਜੀ ਨੇ ਇੰਨਾਂ ਨੂੰ ਚੌਰਾਸੀ ਵੇਲੇ ਕੁਚੱਲਿਆ ਸੀ। ਹੁਣ 'ਐਮਰਜੈਂਸੀ' ਫ਼ਿਲਮ ਦਾ ਟਰੇਲਰ ਵੇਖ ਕੇ ਮੇਰਾ ਮੱਥਾ ਠਣਕਿਆ ਜਦ ਮੈਂ ਟਰੇਲਰ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ 'ਸਿੱਖ ਖਾੜਕੂਆਂ' ( ਕੰਗਨਾ ਅਨੁਸਾਰ 'ਅੱਤਵਾਦੀ' ) ਦੀ ਝਲਕ ਦੇਖੀ ਅਤੇ ਭਿੰਡਰਾਂ ਵਾਲਿਆਂ ਦਾ ਡਾਇਲਾਗ ਸੁਣਿਆ ਕਿ 'ਆਪ ਕੋ ਵੋਟ ਚਾਹੀਏ ਔਰ ਹਮੇਂ ਚਾਹੀਏ ਖਾਲਿਸਤਾਨ !' ਮੈਂ ਇਹ ਸੀਨ ਦੇਖ ਕੇ ਇੱਕ ਤਰਾਂ ਨਾਲ 'ਡਰ' ਗਿਆ ਕਿ ਕੰਗਨਾ ਨੇ ਬਤੌਰ ਡਾਇਰੈਕਟਰ, ਪ੍ਰੋਡਿਊਸਰ ਅਤੇ ਐਕਟਰ ਕੀ 'ਗੁਲ' ਖਿਲਾਏ ਹੋਣਗੇ ! ਉਸ ਦਾ ਪੰਜਾਬ, ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਵਿਰੋਧੀ ਚਿਹਰਾ ਕਿਵੇਂ ਉੱਘੜ ਕੇ ਸਾਡੇ ਸਾਹਮਣੇ ਆਵੇਗਾ। ਉਹ ਕਾਂਗਰਸ ਦਾ ਵਿਰੋਧ ਕਰਦੀ ਕਰਦੀ ਅਤੇ ਬੀ. ਜੇ . ਪੀ. ਦੀ ਪ੍ਰਸ਼ੰਸਾ ਕਰਦੀ ਕਰਦੀ ਸਾਡੇ ਖ਼ਿਲਾਫ ਕਿੰਨਾਂ ਜ਼ਹਿਰ ਉੱਗਲੇਗੀ ਇਸ ਲਈ ਤਿਆਰ ਰਹੋ। ਕੰਗਨਾ ਨੇ ਟਰੇਲਰ 'ਚ ਉਹ ਸੀਨ ਵੀ ਦਿਖਾਇਆ ਹੈ ਜਦੋਂ ਇੰਦਰਾ ਗਾਂਧੀ ਅਟਲ ਬਿਹਾਰੀ ਵਾਜਪਾਈ ਦੀ ਪ੍ਰੰਸ਼ਸਾ ਕਰਦੀ ਹੋਈ ਉਸ ਨੂੰ 'ਸੱਚਾ ਦੇਸ਼ ਭਗਤ' ਕਹਿੰਦੀ ਹੈ ... ਵਾਹ ਕੰਗਨਾ ਜੀ ਵਾਹ।

PunjabKesari
 
ਦੋਸਤੋਂ ਇਸ ਦੇਸ਼ ਦਾ ਸੈਂਸਰ ਬੋਰਡ ਵੀ 'ਜ਼ਿੰਦਾਬਾਦ' ਹੈ, ਜੋ ਸ਼ਹੀਦ ਜਸਵੰਤ ਸਿੰਘ ਖਾਲੜਾ 'ਤੇ ਬਣੀ ਫ਼ਿਲਮ ਨੂੰ ਕਿਸੇ ਹਾਲਤ 'ਚ ਵੀ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦਾ ਉਹ ਕੰਗਨਾ ਦੀ ਇਸ ਫ਼ਿਲਮ ਦਾ 'ਨਵੇਂ ਪੰਗੇ ਖੜੇ ਕਰੂ' ਟਰੇਲਰ ਨੂੰ ਆਰਾਮ ਨਾਲ 15 ਅਗਸਤ ਵਾਲੇ ਦਿਨ ਰਿਲੀਜ਼ ਕਰਨ ਲਈ ਪਾਸ ਕਰ ਦਿੰਦਾ ਹੈ। ਇਹ ਹੈ ਸਾਡੀ 'ਆਜ਼ਾਦੀ' ... ਤੇ ਇਹ ਹੈ ਕੰਗਨਾ ਰਣੌਤ ਦੀ ਅਜ਼ਾਦੀ ! ... ਬਾਕੀ ਸਾਰਾ ਕੁਝ ਪੂਰੀ ਫ਼ਿਲਮ ਦੇ ਰਿਲੀਜ਼ ਹੋਣ 'ਤੇ ਸਭ ਦੇ ਸਾਹਮਣੇ ਆ ਜਾਵੇਗਾ , ਸੋ ਗ਼ੈਰਤਮੰਦ ਪੰਜਾਬੀਓ ਤਿਆਰ ਰਹੋ! 

PunjabKesari

ਦੱਸਣਯੋਗ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕੰਗਨਾ ਰਣੌਤ ਨੇ ਸਿੱਖਾਂ ਨੂੰ ਖਾਲਿਸਤਾਨੀ ਤੇ ਵੱਖਵਾਦੀ ਦੱਸਿਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਵੱਡੇ ਪਰਦੇ 'ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬੀ ਤੇ ਸਿੱਖ ਕਿਸ ਤਰ੍ਹਾਂ ਨਾਲ ਨਜਿੱਠਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News