ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

Saturday, Feb 21, 2026 - 05:30 PM (IST)

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਮੁੰਬਈ (ਇੰਟ.) : ਮਾਰਚ ’ਚ ਰਿਲੀਜ਼ ਹੋਣ ਵਾਲੀਆਂ ਹਿੰਦੀ ਅਤੇ ਦੱਖਣੀ ਭਾਰਤੀ ਭਾਸ਼ਾਵਾਂ ਦੀਆਂ ਘੱਟੋ-ਘੱਟ ਪੰਜ ਫ਼ਿਲਮਾਂ ਨੇ ਆਪਣੀ ਤਰੀਕ ਅੱਗੇ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 19 ਮਾਰਚ ਨੂੰ ਪਰਦੇ ’ਤੇ ਉਤਰ ਰਹੀਆਂ ਦੋ ਮੈਗਾ ਬਜਟ ਫ਼ਿਲਮਾਂ ‘ਧੁਰੰਧਰ-2’ ਅਤੇ ‘ਟਾਕਸਿਕ’ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਟ੍ਰੇਡ ਸੂਤਰਾਂ ਅਨੁਸਾਰ, ਸੰਨੀ ਦਿਓਲ ਦੀ ‘ਗਬਰੂ’, ਰਾਮ ਚਰਨ ਦੀ ‘ਪੇਡੀ’, ਆਯੁਸ਼ਮਾਨ ਖੁਰਾਣਾ ਦੀ ‘ਪਤੀ ਪਤਨੀ ਔਰ ਵੋ 2’ ਅਤੇ ਅਦੀਵੀ ਸ਼ੇਸ਼ ਦੀ ‘ਡਕੈਤ : ਏ ਲਵ ਸਟੋਰੀ’ ਵਰਗੀਆਂ ਫ਼ਿਲਮਾਂ ਦੀ ਰਿਲੀਜ਼ ਨੂੰ ਉਕਤ ਦੋ ਫ਼ਿਲਮਾਂ ਨਾਲ ਸਿੱਧੀ ਟੱਕਰ ਤੋਂ ਬਚਣ ਲਈ ਟਾਲ ਦਿੱਤਾ ਗਿਆ ਹੈ।

ਭਾਰੀ ਕ੍ਰੇਜ਼, ਮੈਗਾ ਓਪਨਿੰਗ ਦੀ ਉਮੀਦ

ਟ੍ਰੇਡ ਐਨਾਲਿਸਟ ਸ਼ਮਿੰਦਰ ਮਲਿਕ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵਾਂ ਫ਼ਿਲਮਾਂ ਨੂੰ ਲੈ ਕੇ ਦਰਸ਼ਕਾਂ ਵਿਚ ਜ਼ਬਰਦਸਤ ਉਤਸ਼ਾਹ ਹੈ, ਇਸ ਲਈ ਨਿਰਮਾਤਾ ਮੁਕਾਬਲੇ ਤੋਂ ਬਚਣਾ ਚਾਹੁੰਦੇ ਹਨ। ਰਣਵੀਰ ਸਿੰਘ ਦੀ ‘ਧੁਰੰਧਰ-2’ ਅਤੇ ਯਸ਼ ਸਟਾਰਰ ‘ਟਾਕਸਿਕ’ ਦੋਵੇਂ 19 ਮਾਰਚ ਨੂੰ ਰਿਲੀਜ਼ ਹੋਣਗੀਆਂ। ਮਲਟੀਪਲੈਕਸ ਚੇਨ ਮਿਰਾਜ ਸਿਨੇਮਾਜ਼ ਦੇ ਐੱਮ. ਡੀ. ਭੁਵਨੇਸ਼ ਮਹਿੰਦੀਰਤਾ ਅਨੁਸਾਰ, ਦਰਸ਼ਕਾਂ ਵਿਚ ਦੋਵਾਂ ਫ਼ਿਲਮਾਂ ਲਈ ਭਾਰੀ ਦਿਲਚਸਪੀ ਹੈ। ‘ਧੁਰੰਧਰ-2’ ਆਪਣੀ ਪਹਿਲੀ ਫ਼ਿਲਮ ਦੀ ਸਫਲਤਾ ’ਤੇ ਸਵਾਰ ਹੈ, ਜਦ ਕਿ ‘ਟਾਕਸਿਕ’ ਯਸ਼ ਦੇ ਆਲ ਇੰਡੀਆ ਸਟਾਰਡਮ ਦਾ ਫ਼ਾਇਦਾ ਉਠਾਏਗੀ।

1500 ਕਰੋੜ ਤੱਕ ਪਹੁੰਚ ਸਕਦੈ ਅੰਕੜਾ

ਟ੍ਰੇਡ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਈਦ ਅਤੇ ਗੁੜੀ ਪੜਵਾ ਦੇ ਲੰਬੇ ਵੀਕਐਂਡ ਦਾ ਲਾਭ ਲੈਂਦੇ ਹੋਏ ਦੋਵੇਂ ਫ਼ਿਲਮਾਂ ਸਾਂਝੇ ਤੌਰ ’ਤੇ ਘੱਟੋ-ਘੱਟ 1500 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਦਰਜ ਕਰ ਸਕਦੀਆਂ ਹਨ। ਨਿਰਮਾਤਾ ਗਿਰੀਸ਼ ਜੌਹਰ ਦਾ ਕਹਿਣਾ ਹੈ ਕਿ ਇਕੋ ਦਿਨ ਦੋ ਵੱਡੀਆਂ ਫ਼ਿਲਮਾਂ ਦਾ ਰਿਲੀਜ਼ ਹੋਣਾ ਨਵਾਂ ਨਹੀਂ ਹੈ। ‘ਗਦਰ’ ਅਤੇ ‘ਲਗਾਨ’ (2001), ‘ਵੈਲਕਮ’ ਅਤੇ ‘ਤਾਰੇ ਜ਼ਮੀਨ ਪਰ’ (2007) ਇਸ ਦੀਆਂ ਉਦਾਹਰਣਾਂ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਸ਼ੁਰੂਆਤੀ ਵੀਕਐਂਡ ਵਿਚ ਹੀ 300 ਕਰੋੜ ਰੁਪਏ ਤੱਕ ਦਾ ਕਲੈਕਸ਼ਨ ਸੰਭਵ ਹੈ।

ਬਜਟ ਵੀ ਮੈਗਾ, ਦਾਅ ਵੀ ਵੱਡਾ

‘ਟਾਕਸਿਕ’ : ਗੀਤੂ ਮੋਹਨਦਾਸ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਦਾ ਬਜਟ 500–600 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਹ ਫ਼ਿਲਮ ਕੰਨੜ ਅਤੇ ਅੰਗਰੇਜ਼ੀ ਵਿਚ ਸ਼ੂਟ ਕੀਤੀ ਗਈ ਹੈ ਅਤੇ ਹਿੰਦੀ, ਤਾਮਿਲ, ਤੇਲਗੂ ਸਮੇਤ 6 ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ। ਉਥੇ ਹੀ ‘ਧੁਰੰਧਰ-2’ : ਆਦਿੱਤਿਆ ਧਰ ਦੇ ਨਿਰਦੇਸ਼ਨ ਹੇਠ ‘ਧੁਰੰਧਰ’ ਅਤੇ ‘ਧੁਰੰਧਰ-2’ ਦਾ ਸਾਂਝਾ ਬਜਟ 350–400 ਕਰੋੜ ਰੁਪਏ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਇਹ ਫ਼ਿਲਮ 5 ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ।

ਪਹਿਲੇ ਹਫ਼ਤੇ ਸ਼ੋਅ ਵੰਡਣ ਦੀ ਚੁਣੌਤੀ

ਸਿਨੇਮਾਘਰਾਂ ਦੇ ਮਾਲਕਾਂ ਸਾਹਮਣੇ ਪਹਿਲੇ ਹਫ਼ਤੇ ਦੋਵਾਂ ਫ਼ਿਲਮਾਂ ਦੇ ਸ਼ੋਅ ਸੰਤੁਲਿਤ ਕਰਨ ਦੀ ਚੁਣੌਤੀ ਹੋਵੇਗੀ। ‘ਟਾਕਸਿਕ’ ਦੀ ਡਿਸਟ੍ਰੀਬਿਊਸ਼ਨ ਏ. ਏ. ਫ਼ਿਲਮਜ਼ ਕਰ ਰਹੀ ਹੈ, ਜਦ ਕਿ ‘ਧੁਰੰਧਰ-2’ ਨੂੰ ਪੀ.ਵੀ.ਆਰ. ਆਈਨਾਕਸ ਚਾਰ ਵੱਡੇ ਬਾਜ਼ਾਰਾਂ ਵਿਚ ਵੰਡੇਗਾ। ਟ੍ਰੇਡ ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਹਫ਼ਤੇ ਤੋਂ ਦਰਸ਼ਕਾਂ ਦੀ ਪਸੰਦ ਹੀ ਤੈਅ ਕਰੇਗੀ ਕਿ ਕਿਸ ਫ਼ਿਲਮ ਨੂੰ ਕਿੰਨੇ ਸ਼ੋਅ ਮਿਲਣਗੇ।


author

cherry

Content Editor

Related News