ਸਾਵਧਾਨ! ਸਮੁੰਦਰੀ ਡਾਕੂਆਂ ਦੇ ਹਮਲੇ ਦੀ ਕਹਾਣੀ ਬਣਾ ਔਰਤਾਂ ਨਾਲ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ
Friday, Mar 08, 2019 - 09:48 AM (IST)

ਜਲੰਧਰ (ਪੁਨੀਤ) : ਸਮੁੰਦਰੀ ਡਾਕੂਆਂ ਦੇ ਹਮਲੇ ਦੀ ਕਹਾਣੀ ਬਣਾ ਕੇ ਠੱਗੀ ਮਾਰਨ ਵਾਲੇ ਨਾਈਜੀਰੀਅਨ ਗਿਰੋਹ ਇੰਟਰਨੈੱਟ 'ਤੇ ਅੱਜ-ਕਲ ਬੇਹੱਦ ਸਰਗਰਮ ਹੈ, ਉਕਤ ਗਿਰੋਹ ਵਿਸ਼ੇਸ਼ ਤੌਰ 'ਤੇ ਔਰਤਾਂ ਨੂੰ ਸ਼ਿਕਾਰ ਬਣਾ ਕੇ ਲੱਖਾਂ ਰੁਪਏ ਠੱਗ ਚੁੱਕਾ ਹੈ। ਉਕਤ ਗਿਰੋਹ ਖੁਦ ਨੂੰ ਇੰਡੀਅਨ ਮਰਚੈਂਟ ਨੇਵੀ ਦਾ ਅਧਿਕਾਰੀ ਦੱਸ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਤੇ ਤਸਵੀਰਾਂ ਸ਼ੇਅਰ ਕਰ ਰਿਹਾ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਦੇ ਸਮੁੰਦਰ 'ਚ ਉਨ੍ਹਾਂ 'ਤੇ ਜਦੋਂ ਸੋਮਾਲੀ ਸਮੁੰਦਰੀ ਡਾਕੂਆਂ ਨੇ ਹਮਲਾ ਬੋਲਿਆ ਤਾਂ ਹਿੰਮਤ ਨਾਲ ਉਨ੍ਹਾਂ ਨੇ ਡਾਕੂਆਂ ਦਾ ਸਾਹਮਣਾ ਕੀਤਾ। ਉਕਤ ਲੋਕਾਂ ਨੇ ਦਰਜਨ ਭਰ ਅਕਾਊਂਟ ਬਣਾਏ ਹਨ ਜਿਨ੍ਹਾਂ ਰਾਹੀਂ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਹ ਗਿਰੋਹ ਮੈਟ੍ਰੀਮੋਨੀਅਲ ਵੈੱਬਸਾਈਟ 'ਤੇ ਔਰਤਾਂ ਨੂੰ ਸਰਚ ਕਰਦੇ ਹਨ ਅਤੇ ਉਨ੍ਹਾਂ ਦੀਆਂ ਜਾਣਕਾਰੀਆਂ ਇਕੱਠੀਆਂ ਕਰ ਕੇ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਉਕਤ ਅਕਾਊਂਟ ਇੰਡੀਅਨ ਲੋਕਾਂ ਦੇ ਨਾਂ ਨਾਲ ਬਣੇ ਹਨ ਤੇ ਹਮਦਰਦੀ ਲੈਣ ਲਈ ਉਕਤ ਗਿਰੋਹ ਕਈ ਤਰ੍ਹਾਂ ਦੀਆਂ ਰੋਮਾਂਚਿਤ ਕਹਾਣੀਆਂ ਬਣਾ ਰਿਹਾ ਹੈ। ਇਸ ਦੇ ਲਈ ਇੰਡੀਅਨ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਹਨ। ਦਿੱਲੀ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਇਸ ਸਬੰਧ 'ਚ ਸ਼ਿਕਾਇਤ ਮਿਲੀ, ਜਿਸ 'ਤੇ ਇਸ ਗਿਰੋਹ ਦਾ ਪਰਦਾਫਾਸ਼ ਹੋਇਆ। ਸਾਈਬਰ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਅਨਿਲ ਰਾਏ ਮੁਤਾਬਕ ਪੁਲਸ ਨੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਭਾਈ ਰੇਮੰਡ (28), ਮੇਲੋਡੀ (21) ਤੇ ਉਨ੍ਹਾਂ ਦੇ ਸਾਥੀ ਕਰੀਮ ਰਿਦਵਾਨ (27), ਓਸਸ ਕਲਿਫਰਡ (28) ਦੇ ਰੂਪ 'ਚ ਹੋਈ ਹੈ।
ਰੇਮੰਡ ਅਤੇ ਮੇਲੋਡੀ ਗਾਰਮੈਂਟ ਐਕਸਪੋਰਟ ਦਾ ਕੰਮ ਕਰਦੇ ਸਨ ਪਰ ਉਨ੍ਹਾਂ ਦਾ ਬਿਜ਼ਨੈੱਸ ਅੱਗੇ ਨਹੀਂ ਵਧ ਸਕਿਆ, ਜਿਸ ਦੇ ਬਾਅਦ ਉਨ੍ਹਾਂ ਕੰਪਿਊਟਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਲੋਕਾਂ ਨਾਲ ਠੱਗੀ ਕਰਨੀ ਸ਼ੁਰੂ ਕਰ ਦਿੱਤੀ। ਉਕਤ ਲੋਕਾਂ ਨੂੰ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਨ 'ਚ ਵੀ ਮਾਹਿਰ ਹਨ। ਪੁਣੇ ਦੀ ਇਕ ਮਹਿਲਾ ਨੇ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਤਿਵਾੜੀ ਪੰਡਿਤ ਦੇ ਨਾਂ ਨਾਲ ਖੁਦ ਨੂੰ ਮਰਚੈਂਟ ਨੇਵੀ ਦਾ ਇਕ ਅਧਿਕਾਰੀ ਦੱਸਣ ਵਾਲੇ ਵਿਅਕਤੀ ਨੇ ਉਨ੍ਹਾਂ ਨਾਲ 24,000 ਰੁਪਏ ਦੀ ਠੱਗੀ ਕੀਤੀ। ਉਕਤ ਗਿਰੋਹ ਕਈ ਤਰ੍ਹਾਂ ਦਾ ਸਾਮਾਨ ਵੇਚਣ ਦੀਆਂ ਗੱਲਾਂ ਵੀ ਕਰਦੇ ਸਨ। ਉਨ੍ਹਾਂ ਨੇ ਔਰਤ ਨੂੰ ਮਿਲਣ ਦੀ ਗੱਲ ਕਹਿ ਕੇ ਕਿਹਾ ਕਿ ਉਹ ਆਪਣਾ ਬੈਗ ਕਸਟਮ ਵਿਭਾਗ ਰਾਹੀਂ ਭੇਜਣਗੇ। ਇਸ ਦੇ ਬਾਅਦ ਇਕ ਹੋਰ ਔਰਤ ਵੱਲੋਂ ਫੋਨ ਕਰ ਕੇ ਪੈਸਿਆਂ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਔਰਤ ਵੱਲੋਂ ਪੈਸੇ ਭਿਜਵਾਉਣ ਦੇ ਬਾਅਦ ਇਕ ਹੋਰ ਵਿਅਕਤੀ ਵੱਲੋਂ ਉਸ ਨਾਲ ਸੰਪਰਕ ਕਰ ਕੇ ਹੋਰ ਪੈਸਿਆਂ ਦੀ ਮੰਗ ਕੀਤੀ, ਜਿਸ 'ਤੇ ਉਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਪੁਲਸ ਨਾਲ ਸੰਪਰਕ ਕੀਤਾ। ਦੋਸ਼ੀਆਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 419, 420 ਤੇ ਆਈ. ਟੀ. ਐਕਟ ਦੀ ਧਾਰਾ 6-ਸੀ ਤੇ 6-ਡੀ ਅਤੇ ਵਿਦੇਸ਼ੀ ਐਕਟ ਦੀ ਧਾਰਾ 14 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਹੋ ਰਹੀ ਹੈ ਠੱਗੀ
ਉਥੇ, ਅਜਿਹੇ ਵੀ ਕਈ ਗਿਰੋਹ ਸਰਗਰਮ ਹਨ, ਜੋ ਲੋਕਾਂ ਨੂੰ ਲਾਟਰੀ ਲੱਗਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਹਨ, ਪਿਛਲੇ ਸਮੇਂ ਦੌਰਾਨ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆਈਆਂ। ਇਹ ਲੋਕ ਲੋਕਾਂ ਦੇ ਬੈਂਕ ਅਕਾਊਂਟ ਨਾਲ ਜੁੜੀਆਂ ਜਾਣਕਾਰੀਆਂ ਹਾਸਲ ਕਰਦੇ ਹਨ, ਜਿਸ ਦੇ ਬਾਅਦ ਠੱਗੀ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਹ ਗਿਰੋਹ ਇੰਨਾ ਸ਼ਾਤਿਰ ਹੈ ਕਿ ਪਹਿਲਾਂ ਖੁਦ ਲੋਕਾਂ ਦੇ ਅਕਾਊਂਟ 'ਚ ਛੋਟੀ ਜਿਹੀ ਰਕਮ ਪਾਉਂਦੇ ਹਨ, ਜਿਸ ਦੇ ਬਾਅਦ ਲੱਖਾਂ ਦੀ ਠੱਗੀ ਕਰਦੇ ਹਨ। ਬੈਂਕ ਵੱਲੋਂ ਲੋਕਾਂ ਨੂੰ ਜਾਗਰੂਕ ਕਰ ਕੇ ਕਈ ਤਰ੍ਹਾਂ ਦੇ ਮੈਸੇਜ ਵੀ ਭੇਜੇ ਜਾ ਰਹੇ ਹਨ, ਜਿਸ 'ਚ ਕਿਹਾ ਜਾਂਦਾ ਹੈ ਕਿ ਬੈਂਕ ਫੋਨ 'ਤੇ ਉਨ੍ਹਾਂ ਦਾ ਓ. ਟੀ. ਪੀ. (ਵਨ ਟਾਈਮ ਪਾਸਵਰਡ) ਦੀ ਡਿਮਾਂਡ ਨਹੀਂ ਕਰਦਾ। ਇਸ ਦੇ ਇਲਾਵਾ ਬੈਂਕ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਜੁੜੀਆਂ ਜਾਣਕਾਰੀਆਂ ਵੀ ਬੈਂਕ ਵੱਲੋਂ ਨਹੀਂ ਪੁੱਛੀਆਂ ਜਾਂਦੀਆਂ। ਮਾਹਿਰਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਲਾਲਚ 'ਚ ਆਉਣ ਤੋਂ ਬਚਣਾ ਚਾਹੀਦਾ ਹੈ। ਜੇਕਰ ਬੈਂਕ ਦੇ ਅਧਿਕਾਰੀ ਹੋਣ ਦਾ ਦਾਅਵਾ ਕਰਕੇ ਉਨ੍ਹਾਂ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਜਾਣਕਾਰੀਆਂ ਮੰਗਦਾ ਹੈ ਤਾਂ ਉਸ ਸਥਿਤੀ 'ਚ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ।