ਹੈਕਰ ਨਵੇਂ-ਨਵੇਂ ਤਰੀਕਿਆਂ ਨਾਲ ਮਾਰ ਰਹੇ ਠੱਗੀ, ਸਾਈਬਰ ਕ੍ਰਾਈਮ ਤੇ ਆਨਲਾਈਨ ਧੋਖਾਦੇਹੀ ਦੇ ਵਧੇ ਮਾਮਲੇ
Monday, Nov 24, 2025 - 04:42 PM (IST)
ਅੰਮ੍ਰਿਤਸਰ (ਜ.ਬ.)- ਜਦੋਂ ਤੋਂ ਦੇਸ਼ ਦੇ ਸਾਰੇ ਕੰਮਾਂ ਅਤੇ ਵਿਭਾਗਾਂ ਨੇ ਆਪਣੇ ਆਪ ਨੂੰ ਆਨਲਾਈਨ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਵੱਡੀ ਗਿਣਤੀ ਵਿਚ ਸਾਈਬਰ ਕ੍ਰਾਈਮ ਅਤੇ ਆਨਲਾਈਨ ਧੋਖਾਦੇਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵਰਨਣਯੋਗ ਹੈ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਸਾਰੇ ਵਿਭਾਗਾਂ ਦਾ ਕੰਮ ਆਨਲਾਈਨ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਵਿਚ ਬੈਂਕ ਆਦਿ ਵੀ ਸ਼ਾਮਲ ਹਨ ਪਰ ਆਨਲਾਈਨ ਫਰਾਡ ਕਰਨ ਵਾਲੇ ਇੰਨੇ ਚਲਾਕ ਹਨ ਕਿ ਉਹ ਪੜ੍ਹੇ-ਲਿਖੇ ਲੋਕਾਂ ਨੂੰ ਵੀ ਝਾਂਸੇ ’ਚ ਲੈ ਕੇ ਉਨ੍ਹਾਂ ਨਾਲ ਫਰਾਡ ਕਰ ਕੇ ਠੱਗੀ ਮਾਰ ਲੈਂਦੇ ਹਨ। ਹੈਰਾਨੀਜਨਕ ਪਹਿਲੂ ਇਹ ਹੈ ਕਿ ਅਜਿਹੇ ਧੋਖਾਦੇਹੀ ਦੇ ਮਾਮਲੇ ਕਈ ਪੁਲਸ ਵਾਲਿਆਂ ਨਾਲ ਵੀ ਹੋ ਚੁੱਕੇ ਹਨ ਅਤੇ ਉਹ ਵੀ ਆਪਣੇ ਹੱਥ ਮਲਦੇ ਹੀ ਰਹਿ ਜਾਂਦੇ ਹਨ।
ਇਹ ਵੀ ਪੜ੍ਹੋ- ਸਵੇਰੇ-ਸਵੇਰੇ ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਐਨਕਾਊਂਟਰ 'ਚ ਬਦਮਾਸ਼ ਢੇਰ
ਪੈਸੇ ਦੀ ਅਦਾਇਗੀ ਨੂੰ ਆਸਾਨ ਬਣਾਉਣ ਲਈ ਬਣਾਏ ਗਏ ਸਨ ਐਪਸ
ਮੋਬਾਈਲ ਫੋਨ ਰਾਹੀਂ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰਨ ਨੂੰ ਆਸਾਨ ਬਣਾਉਣ ਲਈ ਕਈ ਐਪਸ ਬਣਾਏ ਗਏ, ਪਰ ਇਸ ਸਿਸਟਮ ਨੂੰ ਕੁਝ ਸ਼ਾਤਿਰ ਲੋਕਾਂ ਨੇ ਠੱਗੀ ਬਣਾਉਣ ਦਾ ਸਾਧਨ ਬਣਾ ਲਿਆ। ਮਾਹਿਰਾਂ ਨੇ ਮੋਬਾਈਲ ਫੋਨਾਂ 'ਤੇ ਗੂਗਲ ਪੇਅ, ਫ਼ੋਨ ਪੇਅ, ਪੇਟੀਐਮ ਅਤੇ ਕਈ ਹੋਰ ਆਨਲਾਈਨ ਐਪਾਂ ਆਦਿ ਨੂੰ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਇਆ ਗਿਆ ਸੀ ਪਰ ਹੁਣ ਇਨ੍ਹਾਂ ਐਪਾਂ ਨੂੰ ਧੋਖਾਦੇਹੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਆਪਣਾ ਹਥਿਆਰ ਬਣਾ ਲਿਆ ਹੈ | ਜਿਸ ਕਾਰਨ ਉਹ ਕਿਤੇ ਵੀ ਬੈਠੇ ਹੋਏ ਵੀ ਕੁਝ ਹੀ ਮਿੰਟਾਂ ਵਿਚ ਕਿਸੇ ਦੇ ਬੈਂਕ ਖਾਤੇ ਵਿੱਚੋਂ ਸਾਰੀ ਰਕਮ ਕੱਢ ਲੈਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਦਸੰਬਰ ਦੀ ਸ਼ੁਰੂਆਤ 'ਚ...
ਸ਼ਾਤਿਰ ਲੋਕ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਨਾਂ ’ਤੇ ਮਾਰਦੇ ਹਨ ਠੱਗੀ
ਸ਼ਾਤਿਰ ਹੈਕਰ ਭੋਲੇ-ਭਾਲੇ ਲੋਕਾਂ ਨੂੰ ਮੋਬਾਈਲ ’ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਝਾਂਸਾ ਦਿੰਦੇ ਹਨ, ਜਾਂ ਫਿਰ ਧਮਕਾਉਂਦੇ ਹਨ ਕਿ ਤੁਹਾਡਾ ਕ੍ਰੈਡਿਟ ਕਾਰਡ ਖਤਮ ਹੋ ਰਿਹਾ ਹੈ, ਜਾਂ ਫਿਰ ਸਿਮ ਦੀ ਵੈਲੀਡਿਟੀ ਖਤਮ ਹੋਣ ਕਾਰਨ ਬੰਦ ਕੀਤਾ ਜਾ ਰਿਹਾ ਹੈ ਅਤੇ ਅਗਰ ਤੁਹਾਨੂੰ ਇਹ ਨੰਬਰ ਜਾਰੀ ਰੱਖਣਾ ਹੈ ਤਾਂ ਤੁਹਾਨੂੰ ਇੱਕ ਓ. ਟੀ. ਪੀ. ਨੰਬਰ ਆਏਗਾ, ਜੋ ਕਿ ਸਾਡੇ ਨਾਲ ਸ਼ੇਅਰ ਕਰਨਾ ਹੋਵੇਗਾ। ਜਦ ਵਿਅਕਤੀ ਹੈਕਰ ਨਾਲ ਓ. ਟੀ. ਬੀ. ਨੰਬਰ ਸ਼ੇਅਰ ਕਰ ਦਿੰਦਾ ਹੈ ਤਾਂ ਉਸ ਵਿਅਕਤੀ ਦਾ ਖਾਤਾ ਕੁਝ ਹੀ ਮਿੰਟਾਂ ਚ ਚ ਖਾਲੀ ਹੋ ਜਾਂਦਾ ਹੈ। ਹੁਣ ਤਾਂ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਨਾਂ ਵਿੱਚ ਓਟੀਪੀ ਨੰਬਰ ਸ਼ੇਅਰ ਕੀਤੇ ਬਿਨਾਂ ਹੀ ਸੰਬੰਧਿਤ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਪੂਰੇ ਪੈਸੇ ਕੱਢ ਲਿਤੇ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ ਤੋਂ 3 ਡਰੋਨ ਜ਼ਬਤ, ਚਰਚਾ 'ਚ ਆਏ ਇਹ ਪਿੰਡ
ਹੈਕਰਾਂ ਨੇ ਇਮੋਸ਼ਨਲ ਬਲੈਕਮੇਲ ਕਰਨ ਦਾ ਕੱਢਿਆ ਹੁਣ ਨਵਾਂ ਤਰੀਕਾ
ਹੁਣ ਹੈਕਰਾਂ ਨੇ ਇਮੋਸ਼ਨਲ ਬਲੈਕ ਮੇਲਿੰਗ ਕਰ ਕੇ ਧੋਖਾਦੇਹੀ ਕਰਨ ਦਾ ਨਵਾਂ ਤਰੀਕਾ ਕੱਢਿਆ ਹੈ। ਇਸ ਸਬੰਧੀ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਇੰਸਟਾਗ੍ਰਾਮ ਹੈਕਰਾਂ ਨੇ ਹੈਕ ਕਰ ਲਿਆ ਅਤੇ ਉਨ੍ਹਾਂ ਨੇ ਉਸ ਦੇ ਕੁਝ ਜਾਣਕਾਰਾਂ ਨੂੰ ਫੋਨ ਕਰ ਕੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਕਾਰਨ ਕੈਨੇਡਾ ਰਹਿੰਦੇ ਉਸ ਦੇ ਪਰਿਵਾਰ ’ਚ ਵੱਡੇ ਭਰਾ ਰਾਜਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਤੁਰੰਤ 1 ਲੱਖ ਰੁਪਿਆ ਚਾਹੀਦਾ ਹੈ ਜੋ ਕਿ ਉਹ ਇਕ ਨੰਬਰ ਦਵੇਗਾ ਉਸ ਤੇ ਹੁਣੇ ਭੇਜਣੇ ਹਨ, ਨਹੀਂ ਤਾਂ ਉਸ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਜਦ ਮੋਹਿਤ ਨੇ ਡਰਦੇ ਹੋਏ ਆਪਣੇ ਕੈਨੇਡਾ ਰਹਿੰਦੇ ਆਪਣੇ ਭਰਾ ਰਾਜੇ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਇਸ ਤਰ੍ਹਾਂ ਦਾ ਕੋਈ ਵੀ ਹਾਦਸਾ ਨਹੀਂ ਵਾਪਰਿਆ ਹੈ ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਇਸ ਇਸ ਮਾਮਲੇ ਤਹਿਤ ਉਸ ਨਾਲ ਲੱਖਾਂ ਰੁਪਇਆ ਦੀ ਧੋਖਾਦੇਹੀ ਵੀ ਹੋ ਸਕਦੀ ਸੀ। ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਨਾਲ ਇਮੋਸ਼ਨਲ ਬਲੈਕਮੇਲਿਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੈਕਰ ਹੁਣ ਲੋਕਾਂ ਨੂੰ ਡਰਾ-ਧਮਕਾ ਕੇ ਅਤੇ ਫੋਨ ’ਤੇ ਪੈਸੇ ਦੀ ਮੰਗ ਕਰਕੇ ਲੋਕਾਂ ਦੇ ਇਮੋਸ਼ਨ ਨਾਲ ਖਿਲਵਾੜ ਕਰਦੇ ਹੋਏ ਲੋਕਾਂ ਨੂੰ ਫੋਨ ਤੇ ਪੈਸਿਆਂ ਦੀ ਡਿਮਾਂਡ ਕਰਦੇ ਹਨ ਅਤੇ ਫਿਰ ਜਦ ਲੋਕ ਅਚਾਨਕ ਡਰ ਕੇ ਤੁਰੰਤ ਪੈਸਾ ਭੇਜ ਦਿੰਦੇ ਹਨ ਤਾਂ ਫਿਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ
ਹੁਣ ਲੋਕਾਂ ਨੂੰ ਅਜਿਹੇ ਮਾਮਲਿਆਂ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਹੀ ਅਜਿਹੇ ਮਾਮਲਿਆਂ 'ਤੇ ਲਗਾਮ ਲੱਗੇਗੀ। ਜੇਕਰ ਕਿਸੇ ਨੂੰ ਵੀ ਕਿਸੇ ਅਣਜਾਣ ਵਿਅਕਤੀ ਦਾ ਕਾਲ ਆਉਂਦੀ ਹੈ ਤਾਂ ਉਹ ਫੋਨ ਨੂੰ ਧਿਆਨ ਨਾਲ ਸੁਣਨ ਅਤੇ ਕਿਸੇ ਨਾਲ ਕੋਈ ਵੀ ਓ. ਟੀ. ਪੀ. ਸਾਂਝਾ ਨਾ ਕਰਨ ਅਤੇ ਕਿਸੇ ਹੋਰ ਬੈਂਕ ਜਾਂ ਕ੍ਰੈਡਿਟ ਕਾਰਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ, ਨਹੀਂ ਤਾਂ ਜੇਕਰ ਉਹ ਇਹ ਜਾਣਕਾਰੀ ਹੈਕਰ ਨਾਲ ਸਾਂਝੀ ਕਰਦੇ ਹਨ, ਤਾਂ ਉਹ ਕਿਸੇ ਵੀ ਸਮੇਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ।
ਸਾਈਬਰ ਸੈੱਲ ’ਚ ਉੱਚ-ਤਕਨੀਕੀ, ਪੜ੍ਹੇ-ਲਿਖੇ ਅਤੇ ਮਾਹਿਰ ਕਰਮਚਾਰੀਆਂ ਦੀ ਗਠਿਤ ਕੀਤੀ ਹੈ ਟੀਮ: ਸੀ. ਪੀ. ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕੰਮ ਲਈ ਵਿਸ਼ੇਸ਼ ਤੌਰ ’ਤੇ ਪੜ੍ਹੇ-ਲਿਖੇ ਅਤੇ ਮਾਹਿਰ ਅਧਿਕਾਰੀਆਂ ਦੀ ਇੱਕ ਹਾਈਟੈੱਕ ਟੀਮ ਬਣਾਈ ਹੈ। ਨਵੀਂ ਟੀਮ ਬਹੁਤ ਤਤਪਰ ਹੈ ਅਤੇ ਆਨਲਾਈਨ ਧੋਖਾਦੇਹੀ ਦੇ ਬਹੁਤ ਸਾਰੇ ਮਾਮਲਿਆਂ ਨੂੰ ਹੱਲ ਕਰ ਰਹੀ ਹੈ। ਸਭ ਤੋਂ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਨਲਾਈਨ ਧੋਖਾਦੇਹੀ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਦੋ ਪੋਰਟਲ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇਕ ਹੈਲਪਲਾਈਨ ਨੰਬਰ 1930, ਯੂ. ਐੱਨ. ਸੀ. ਆਰ. ਬੀ. ਪੋਰਟਲ ਅਤੇ ਦੂਜਾ ਪੋਰਟਲ ਪੀ.ਜੀ.ਡੀ ਹੈ, ਜਿਸ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਜੋ ਵੀ ਸ਼ਿਕਾਇਤ ਆਉਂਦੀ ਹੈ, ਉਸ ਦੀ ਸੂਚਨਾ ਤੁਰੰਤ ਕਮਿਨਰੈਟ ਪੇਜ 'ਤੇ ਪਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ 'ਤੇ ਅਧਿਕਾਰੀ ਜੋ ਵੀ ਕੰਮ ਕਰਦੇ ਹਨ, ਉਸ ਦਾ ਪੂਰਾ ਵੇਰਵਾ ਕਮਿਸ਼ਨਰੇਟ ਪੁਲਸ ਦੇ ਪੇਜ 'ਤੇ ਪਾ ਦਿੱਤਾ ਜਾਂਦਾ ਹੈ, ਤਾਂ ਜੋ ਸ਼ਿਕਾਇਤਕਰਤਾ ਨੂੰ ਆਪਣੇ ਕੇਸ ਸਬੰਧੀ ਰੋਜ਼ਾਨਾ ਪੁਲਿਸ ਦੇ ਕੰਮ ਦੀ ਜਾਣਕਾਰੀ ਮਿਲ ਸਕੇ।
ਕਮਿਸ਼ਨਰ ਭੁੱਲਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਹੈ ਤਾਂ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਹੈਕਰ ਤੁਹਾਨੂੰ ਇਮੋਸ਼ਨਲ ਬਲੈਕਮੇਲ ਨਾ ਕਰ ਸਕੇ। ਜੇਕਰ ਕਿਸੇ ਨੂੰ ਆਪਣੇ ਮੋਬਾਈਲ ’ਤੇ ਕੋਈ ਵੀ ਓ. ਟੀ. ਪੀ. ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਇਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਦੂਜਾ ਉਸ ਓਟੀਪੀ ਨੰਬਰ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਹੁਣ ਵੱਖਰੇ ਤੌਰ ’ਤੇ ਬਣਾਇਆ ਗਿਆ ਸਾਈਬਰ ਸੈੱਲ ਕਈ ਨਵੀਆਂ ਤਕਨੀਕਾਂ ਅਪਣਾ ਰਿਹਾ ਹੈ, ਜਿਸ ਕਾਰਨ ਉਪਰੋਕਤ ਕੇਸਾਂ ਨੂੰ ਥੋੜ੍ਹੇ ਸਮੇਂ ’ਚ ਹੀ ਹੱਲ ਕੀਤਾ ਜਾ ਰਿਹਾ ਹੈ ਅਤੇ ਧੋਖਾ ਕਰਨ ਵਾਲੇ ਮੁਲਜਮ ਪੁਲਿਸ ਦੀ ਗ੍ਰਿਫ਼ਤ ’ਚ ਹਨ।
ਜੇਕਰ ਅਜਿਹੀ ਧੋਖਾਦੇਹੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਹੈਲਪਲਾਈਨ ਨੰਬਰ 1930 'ਤੇ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਇਸ ਨਾਲ ਧੋਖਾਦੇਹੀ ਕਰ ਕੇ ਗਬਨ ਕੀਤਾ ਸਾਰਾ ਪੈਸਾ ਤੁਰੰਤ ਫਰੀਜ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਤੁਰੰਤ ਇਸ ਗੱਲ ਦੀ ਜਾਣਕਾਰੀ ਮਿਲ ਜਾਵੇਗੀ ਕਿ ਪੈਸੇ ਕਿਸ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ ਜਾਂ ਕਿਤੇ ਗਏ ਹਨ। ਇਸ ਨਾਲ ਆਖ਼ਰਕਾਰ ਧੋਖਾਦੇਹੀ ਕਰਨ ਵਾਲਾ ਸ਼ਾਤਿਰ ਮੁਲਜ਼ਮ ਪੁਲਸ ਦੀ ਗ੍ਰਿਫਤ ਵਿਚ ਹੋਵੇਗਾ।
