ਨਗਰ ਕੀਰਤਨ ''ਚ ਲੁੱਟ-ਖੋਹ ਕਰਨ ਵਾਲਾ 12 ਔਰਤਾਂ ਦਾ ਗਿਰੋਹ ਚੜਿਆ ਪੁਲਸ ਅੜਿੱਕੇ
Sunday, Nov 23, 2025 - 08:05 PM (IST)
ਮਾਛੀਵਾੜਾ ਸਾਹਿਬ (ਟੱਕਰ) : ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੂੰ ਲੁੱਟਣ ਦੀ ਫਿਰਾਕ ਵਿਚ ਆਈਆਂ 12 ਔਰਤਾਂ ਦਾ ਇੱਕ ਵੱਡਾ ਗਿਰੋਹ ਮਾਛੀਵਾੜਾ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਲਸ ਦੀ ਮੁਸਤੈਦੀ ਕਾਰਨ ਕਈ ਵਾਰਦਾਤਾਂ ਹੋਣ ਤੋਂ ਬਚਾਅ ਹੋ ਗਿਆ। ਮੁਲਜ਼ਮਾਂ ਦੀ ਪਹਿਚਾਣ ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ, ਅਮਰਜੀਤ ਕੌਰ ਵਾਸੀ ਪਿੰਡ ਜੌਲੀਆਂ, ਬਿਮਲਾ ਕੌਰ, ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ, ਲਵਪ੍ਰੀਤ ਕੌਰ, ਮੁਖਤਿਆਰੋ ਉਰਫ਼ ਹੁਸ਼ਿਆਰੋ ਉਰਫ਼ ਸੀਤੋ ਵਾਸੀ ਸਮੁੰਦਗੜ੍ਹ ਛੰਨਾ, ਰੇਖਾ ਵਾਸੀ ਪਿੰਡ ਮਾਜੀ, ਕੈਲੋ ਵਾਸੀ ਹੰਢਿਆਇਆ, ਪ੍ਰੀਤੋ ਉਰਫ਼ ਬੀਰੋ ਵਾਸੀ ਇੰਦਰਾ ਬਸਤੀ ਸੁਨਾਮ, ਸਰਬੋ ਉਰਫ਼ ਮੋਨੀ ਉਰਫ਼ ਸੋਨੀ ਵਾਸੀ ਬਰਨਾਲਾ, ਕ੍ਰਿਸ਼ਨਾ ਵਾਸੀ ਪਿੰਡ ਸ਼ੇਰ ਮਾਜਰਾ, ਜਰਨੈਲ ਕੌਰ ਵਾਸੀ ਬਾਘੜੀਆਂ ਵਜੋਂ ਹੋਈ ਹੈ।
ਮਾਛੀਵਾੜਾ ਪੁਲਸ ਥਾਣਾ ਕੋਲ ਆੜ੍ਹਤ ਦਾ ਕੰਮ ਕਰਦੇ ਤੇਜਵਿੰਦਰ ਸਿੰਘ ਉਰਫ਼ ਡੀ.ਸੀ. ਨੇ ਬਿਆਨ ਦਰਜ ਕਰਵਾਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਤਾਂ ਅਨਾਜ ਮੰਡੀ ਦੇ ਬਾਹਰ ਪੁੱਜਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਹਿਬ ਕੋਲ ਗਿਆ। ਪ੍ਰਸ਼ਾਦਿ ਲੈਣ ਉਪਰੰਤ ਜਦੋਂ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ ਨੂੰ ਹੱਥ ਮਾਰਿਆ ਤਾਂ ਦੇਖਿਆ ਕਿ ਉਸ ’ਚੋਂ ਪਰਸ ਗਾਇਬ ਸੀ। ਬਿਆਨਕਰਤਾ ਅਨੁਸਾਰ ਉਸਦੇ ਪਰਸ ਵਿਚ 16 ਹਜ਼ਾਰ ਰੁਪਏ ਨਕਦ, ਡਰਾਇਵਿੰਗ ਲਾਈਸੈਂਸ, ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ ਵੀ ਚੋਰੀ ਹੋ ਚੁੱਕੇ ਸਨ। ਇਸ ਤੋਂ ਇਲਾਵਾ ਨਾਲ ਹੀ ਖੜ੍ਹੇ ਆੜ੍ਹਤੀ ਸ਼ਸ਼ੀ ਭਾਟੀਆ ਨੇ ਦੱਸਿਆ ਕਿ ਉਸਦਾ ਪਰਸ ਵੀ ਚੋਰੀ ਹੋ ਚੁੱਕਾ ਹੈ ਜਿਸ ’ਚ 11 ਹਜ਼ਾਰ ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ ਚੋਰੀ ਹੋ ਚੁੱਕੇ ਸਨ। ਮਾਛੀਵਾੜਾ ਸਾਹਿਬ ਦੀ ਇੱਕ ਮਹਿਲਾ ਭਿੰਦਰ ਕੌਰ ਪਤਨੀ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸਦੇ ਖੱਬੇ ਹੱਥ ’ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਹੈ।
ਮਾਛੀਵਾੜਾ ਪੁਲਸ ਵਲੋਂ ਇਨ੍ਹਾਂ ਦੇ ਬਿਆਨਾਂ ਦੇ ਅਧਾਰ ’ਤੇ ਪਰਚਾ ਦਰਜ ਕਰ ਤੁਰੰਤ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੀ ਤਲਾਸ਼ ਸ਼ੁਰੂ ਕੀਤੀ ਤਾਂ ਇਹ 12 ਔਰਤਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਸ ਦੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਇਹ ਗਿਰੋਹ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇਨ੍ਹਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ ਅਤੇ ਕਈਆਂ ਦੇ ਪਰਸ ਤੇ ਸੋਨੇ ਦੀ ਗਹਿਣੇ ਚੋਰੀ ਕਰਨੇ ਸਨ।
ਗ੍ਰਿਫ਼ਤਾਰ ਔਰਤਾਂ ’ਚੋਂ ਕਈਆਂ ’ਤੇ ਪਹਿਲਾਂ ਹੀ ਨੇ ਅਪਰਾਧਿਕ ਮਾਮਲੇ ਦਰਜ
ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ 12 ਔਰਤਾਂ ਦੇ ਗਿਰੋਹ ’ਚੋਂ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ’ਚ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ’ਤੇ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਥਾਣੇ ਵਿਚ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ ਜਾਂ ਕਿਸੇ ਮਾਮਲੇ ਵਿਚ ਇਹ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਤਾਂ ਨਹੀਂ।
ਅਪਰਾਧਿਕ ਮਾਮਲਾ ਦਰਜ ਹੋਣ ਤੋਂ ਬਾਅਦ ਬਦਲ ਲੈਂਦੀਆਂ ਨੇ ਨਾਮ
ਪੁਲਸ ਵਲੋਂ ਗ੍ਰਿਫ਼ਤਾਰ ਕੀਤੀਆਂ 12 ਔਰਤਾਂ ’ਚੋਂ ਤਿੰਨ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਤਿੰਨ-ਤਿੰਨ ਨਾਮ ਸਾਹਮਣੇ ਆਏ ਹਨ। ਇਹ ਔਰਤਾਂ ਜਦੋਂ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਣਾ ਨਾਮ ਬਦਲ ਲੈਂਦੀਆਂ ਹਨ। ਇੱਥੋਂ ਤੱਕ ਆਪਣੀਆਂ ਪਤੀਆਂ ਦਾ ਨਾਮ ਵੀ ਬਦਲ ਲੈਂਦੀਆਂ ਹਨ ਤਾਂ ਜੋ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਾ ਮਿਲ ਸਕੇ। ਥਾਣਾ ਮੁਖੀ ਨੇ ਦੱਸਿਆ ਕਿ ਇਹ ਔਰਤਾਂ ਦਾ ਚੋਰ ਗਿਰੋਹ ਧਾਰਮਿਕ ਮੇਲਿਆਂ, ਨਗਰ ਕੀਰਤਨਾਂ ’ਚ ਜਾ ਕੇ ਜਿੱਥੇ ਕਿ ਭੀੜ ਹੁੰਦੀ ਹੈ ਉੱਥੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਹਨ।
ਗ੍ਰਿਫ਼ਤਾਰੀ ਤੋਂ ਬਾਅਦ ਔਰਤਾਂ ਦੇ ਪਿੱਛੇ ਕੋਈ ਵੀ ਪਰਿਵਾਰਕ ਮੈਂਬਰ ਸਾਰ ਲੈਣ ਵੀ ਨਾ ਆਇਆ
ਮਾਛੀਵਾੜਾ ਪੁਲਸ ਵਲੋਂ ਜਦੋਂ 12 ਔਰਤਾਂ ਗ੍ਰਿਫ਼ਤਾਰ ਕੀਤੀਆਂ ਗਈਆਂ ਹਨ ਤਾਂ ਬੜਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਇਨ੍ਹਾਂ ਸਾਰੀਆਂ ਔਰਤਾਂ ਦੀ ਪੈਰਵਾਈ ਕਰਨ ਲਈ ਕੋਈ ਵੀ ਪਰਿਵਾਰਕ ਮੈਂਬਰ ਮਾਛੀਵਾੜਾ ਥਾਣਾ ਨਾ ਪੁੱਜਾ। ਪੁਲਸ ਵਲੋਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਵੀ ਲਿਆਂਦਾ ਗਿਆ। ਇਹ ਔੌਰਤਾਂ ਦਾ ਗਿਰੋਹ ਜਦੋਂ ਘਰ ਨਾ ਪੁੱਜਾ ਤਾਂ ਇਨ੍ਹਾਂ ਦੇ ਪਤੀ ਜਾਂ ਪਰਿਵਾਰਕ ਮੈਂਬਰ ਕੋਈ ਵੀ ਸਾਰ ਲੈਣ ਨਾ ਆਇਆ ਕਿ ਉਹ ਕਿਉਂ ਘਰ ਨਹੀਂ ਪੁੱਜੀਆਂ। ਮਾਛੀਵਾੜਾ ਨਗਰ ਕੀਰਤਨ ’ਚ ਸ਼ਰਧਾਲੂਆਂ ਨੂੰ ਲੁੱਟਣ ਲਈ ਇਹ 12 ਔਰਤਾਂ ਨਹੀਂ ਬਲਕਿ ਹੋਰ ਵੀ ਇਨ੍ਹਾਂ ਦੇ ਸਾਥੀ ਹੋ ਸਕਦੇ ਹਨ ਜੋ ਮੌਕੇ ’ਤੇ ਪੁਲਸ ਦੀ ਅੱਖ ਤੋਂ ਬਚ ਗਏ। ਹੋਰ ਤਾਂ ਹੋਰ ਇਨ੍ਹਾਂ ਔਰਤਾਂ ’ਚ ਕੁਝ ਬਜ਼ੁਰਗ ਵੀ ਹਨ ਅਤੇ ਕੁਝ ਅੱਧਖੜ ਉਮਰ ਦੀਆਂ ਹਨ ਜੋ ਨਗਰ ਕੀਰਤਨ ਵਿਚ ਹੱਥ ’ਚ ਬੈਗ ਫੜ ਅਤੇ ਵਧੀਆ ਕੱਪੜੇ ਪਾ ਕੇ ਸ਼ਾਮਲ ਹੁੰਦੇ ਹਨ ਤਾਂ ਜੋ ਉਨ੍ਹਾਂ ’ਤੇ ਕੋਈ ਸ਼ੱਕ ਨਾ ਕਰ ਸਕੇ ਕਿ ਉਹ ਲੁੱਟ, ਖੋਹ ਕਰਨ ਆਈਆਂ ਹਨ।
