ਪੁਲਸ ਦੀਆਂ ਫਰਜ਼ੀ ਕਾਲਾਂ ਨਾਲ ਲੋਕਾਂ ਨਾਲ ਹੋ ਰਹੀ ਠੱਗੀ, ਇਨ੍ਹਾਂ ਸਾਵਧਾਨੀਆਂ ਨਾਲ ਕਰ ਸਕਦੇ ਬਚਾਅ
Thursday, Nov 20, 2025 - 04:37 PM (IST)
ਤਰਨਤਾਰਨ(ਰਮਨ)- ਡਿਜ਼ੀਟਲ ਪੁਲਸ ਅਰੈਸਟ ਦੀਆਂ ਫਰਜ਼ੀ ਕਾਲਾਂ ਨਾਲ ਲੋਕ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਫਰਜ਼ੀ ਕਾਲਾਂ ਕਰਕੇ ਰੋਜ਼ਾਨਾ ਲੋਕ ਇਨ੍ਹਾਂ ਠੱਗਾਂ ਦੇ ਸ਼ਿਕਾਰ ਹੁੰਦੇ ਵੀ ਵੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਫਰਜ਼ੀ ਕਾਲ ਕਰਨ ਵਾਲਿਆਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਬੱਚੇ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਪੁਲਸ ਹਿਰਾਸਤ ਵਿਚ ਹੋਣ, ਭਿਆਨਕ ਹਾਦਸਾ ਵਾਪਰਨ ਦੌਰਾਨ ਹਸਪਤਾਲ ਵਿਚ ਦਾਖਲ ਹੋਣ, ਮਾਨਯੋਗ ਅਦਾਲਤ ਦੇ ਗੰਭੀਰ ਧਰਾਵਾਂ ਤਹਿਤ ਸੰਮਣ ਜਾਰੀ ਹੋਣ, ਆਧਾਰ ਕਾਰਡ ਲਿੰਕ ਨਾ ਹੋਣ, ਲੱਕੀ ਡਰਾਅ ਨਿਕਲਣ ਆਦਿ ਸ਼ਾਮਲ ਹਨ।
ਰੋਜ਼ਾਨਾ ਵੱਖ-ਵੱਖ ਕਿਸਮ ਦੇ ਠੱਗਾਂ ਵੱਲੋਂ ਆਨਲਾਈਨ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਜਿਸ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਿੱਥੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪੁਲਸ ਵੱਲੋਂ ਵੀ ਇਨ੍ਹਾਂ ਨੂੰ ਨੱਥ ਪਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਦੇਸ਼ ਵਿਚ ਸੈਂਕੜੇ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦਾ ਗੁਜ਼ਾਰਾ ਹੀ ਇਸ ਧੋਖਾਧੜੀ ਦੇ ਧੰਦੇ ਤੋਂ ਚੱਲਦਾ ਹੈ।
ਇਹ ਵੀ ਪੜ੍ਹੋ- ਪੰਜਾਬ: ਪਿਓ-ਧੀ ਦੀਆਂ ਸੜਕ 'ਤੇ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਆਮ ਹੀ ਵੇਖਣ ਨੂੰ ਮਿਲਦਾ ਸੀ ਕਿ ਆਨਲਾਈਨ ਠੱਗੀ ਕਰਨ ਵਾਲੇ ਭੋਲੇ ਭਾਲੇ ਲੋਕਾਂ ਨੂੰ ਫੋਨ ਕਾਲ ਕਰਕੇ ਜਿੱਥੇ ਪਹਿਲਾਂ ਓ.ਟੀ.ਪੀ ਅਤੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰਦੇ ਹੋਏ, ਉਥੇ ਹੀ ਉਨ੍ਹਾਂ ਦੇ ਪੈਸੇ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲੈਂਦੇ ਸਨ ਪ੍ਰੰਤੂ ਹੁਣ ਠੱਗਾਂ ਵੱਲੋਂ ਆਪਣੇ ਆਪ ਨੂੰ ਮਾਹੌਲ ਦੇ ਹਿਸਾਬ ਨਾਲ ਅਪਗ੍ਰੇਡ ਕਰ ਲਿਆ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਹੁਣ ਪੜ੍ਹੇ-ਲਿਖੇ ਅਤੇ ਅਨਪੜ੍ਹ ਲੋਕਾਂ ਨੂੰ ਇਕ ਬਰਾਬਰ ਸਮਝਦੇ ਹੋਏ ਠੱਗੀ ਲਈ ਨਵੀਂ ਸਕੀਮ ਤਿਆਰ ਕਰ ਲਈ ਗਈ ਹੈ, ਜਿਸ ਦੌਰਾਨ ਉਨ੍ਹਾਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸੁਪਰੀਮ ਕੋਰਟ ਦਾ ਕਥਿਤ ਤੌਰ ਉਪਰ ਹਵਾਲਾ ਦਿੰਦੇ ਹੋਏ ਵਾਰੰਟ ਨਿਕਲਣ ਸਬੰਧੀ ਜਿੱਥੇ ਫਰਜ਼ੀ ਕਾਲਾਂ ਕੀਤੀਆਂ ਜਾਣੀਆਂ ਜਾਰੀ ਰੱਖੀਆਂ ਗਈਆਂ ਹਨ, ਉਥੇ ਹੀ ਪੁਲਸ ਥਾਣੇ ਵਿਚ ਕੇਸ ਦਰਜ ਹੋਣ, ਨਜ਼ਦੀਕੀ ਰਿਸ਼ਤੇਦਾਰ ਜਾਂ ਬੇਟੇ ਨੂੰ ਪੁਲਸ ਹਿਰਾਸਤ ਵਿਚ ਰੱਖਣ ਸਬੰਧੀ ਡਰਾਵਾ ਦਿੰਦੇ ਹੋਏ ਆਪਣਾ ਠੱਗੀ ਦਾ ਸ਼ਿਕਾਰ ਆਸਾਨੀ ਨਾਲ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਇਥੇ ਇਕ ਹੋਰ ਬੜੀ ਹੈਰਾਨੀ ਦੀ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਠੱਗਾਂ ਵੱਲੋਂ ਫੋਨ ਕਰਨ ਸਮੇਂ ਜਿੱਥੇ ਵਟਸਅਪ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ, ਉਥੇ ਹੀ ਡਿਸਪਲੇਅ ਫੋਟੋ (ਡੀ.ਪੀ) ਉਪਰ ਕਿਸੇ ਪੁਲਸ ਅਧਿਕਾਰੀ ਦੀ ਫੋਟੋ ਲਗਾਈ ਗਈ ਹੁੰਦੀ ਹੈ। ਜਿਸ ਨੂੰ ਵੇਖ ਕੇ ਲੋਕ ਉਸੇ ਵੇਲੇ ਸਬੰਧਤ ਠੱਗ ਦੀ ਗੱਲ ਦੇ ਬਹਿਕਾਵੇ ਵਿਚ ਆ ਜਾਂਦੇ ਹਨ ਅਤੇ ਉਸਦੀ ਡਿਮਾਂਡ ਨੂੰ ਤੁਰੰਤ ਪੂਰੀ ਕਰਦੇ ਹੋਏ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੂੰ ਅੱਜ-ਕੱਲ ਬਹੁਤ ਜ਼ਿਆਦਾ ਫੋਨ ਕਾਲ ਆ ਰਹੀਆਂ ਹਨ, ਜਿਸ ਵਿਚ ਉਨ੍ਹਾਂ ਖਿਲਾਫ ਮਾਨਯੋਗ ਅਦਾਲਤ ਵਿਚ ਚੱਲ ਰਹੇ ਕੇਸ ਵਿਚ ਹਾਜ਼ਰ ਨਾ ਹੋਣ ਕਰਕੇ ਵਾਰੰਟ ਨਿਕਲਣ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਕਾਲਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage
ਫੋਨ ਕਰਨ ਵਾਲੇ ਵਿਅਕਤੀ ਵੱਲੋਂ ਕਈ ਵਾਰ ਪਰਿਵਾਰਕ ਮੈਂਬਰਾਂ ਦਾ ਵੇਰਵਾ ਫੋਟੋ ਸਮੇਤ ਭੇਜਦੇ ਹੋਏ ਵੱਖ-ਵੱਖ ਕਿਸਮਾਂ ਦੇ ਬਹਾਨੇ ਅਤੇ ਡਰਾਵਾ ਦਿੰਦੇ ਹੋਏ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੱਗਾਂ ਵੱਲੋਂ ਮੋਬਾਈਲ ਫੋਨ ਉਪਰ ਜ਼ਿਆਦਾਤਰ ਆਨਲਾਈਨ ਲਿੰਕ ਭੇਜਦੇ ਹੋਏ ਉਸਨੂੰ ਭਰਨ ਸਬੰਧੀ ਲਾਲਚ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਬੈਂਕ ਵਿਚ ਮੌਜੂਦ ਰਾਸ਼ੀ ਨੂੰ ਆਸਾਨੀ ਨਾਲ ਠੱਗ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲੈਂਦੇ ਹਨ। ਇਸ ਤੋਂ ਇਲਾਵਾ ਬੈਂਕ ਏ.ਟੀ.ਐੱਮ ਕਾਰਡ ਨੂੰ ਰੀਨਿਊ ਕਰਵਾਉਣਾ, ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਵਾਉਣਾ, ਬੈਂਕ ਖਾਤੇ ਦਾ ਕੇ.ਵਾਈ.ਸੀ ਕਰਵਾਉਣਾ, ਲੱਕੀ ਕੂਪਨ ਦਾ ਡਰਾ ਨਿਕਲਣਾ, ਆਨਲਾਈਨ ਸ਼ਾਪਿੰਗ ਦੌਰਾਨ ਆਪਣਾ ਸ਼ਿਕਾਰ ਬਣਾਉਣਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਠੱਗਾਂ ਵੱਲੋਂ ਫਰੈਂਡਸ਼ਿਪ ਕਰਦੇ ਹੋਏ ਜ਼ਿਆਦਾਤਰ ਵੱਡੀ ਉਮਰ ਦੇ ਵਿਅਕਤੀਆਂ ਨੂੰ ਅਸ਼ਲੀਲ ਵੀਡੀਓ ਭੇਜਦੇ ਹੋਏ ਆਪਣੇ ਜਾਲ ਵਿਚ ਫਸਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਰਕਮ ਵਸੂਲ ਕੀਤੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੈਕਨੀਕਲ ਸੈੱਲ ਦੇ ਇੰਚਾਰਜ ਏ.ਐੱਸ.ਆਈ ਰਣਬੀਰ ਸਿੰਘ ਨੇ ਦੱਸਿਆ ਕਿ ਆਨਲਾਈਨ ਫਰਾਡ ਸਬੰਧੀ ਰੋਜ਼ਾਨਾ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਦੇ ਚੱਲਦਿਆਂ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ, ਜਿਸ ਨੂੰ ਫਰਜ਼ੀ ਪੁਲਸ ਦੇ ਪਰਚੇ ਸਬੰਧੀ ਜਾਂ ਫਿਰ ਮਾਨਯੋਗ ਅਦਾਲਤ ਦੇ ਸੰਮਣ ਭੇਜਣ ਸਬੰਧੀ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਆਨਲਾਈਨ ਫੋਨ ਦੌਰਾਨ ਕਿਸੇ ਨੂੰ ਵੀ ਆਪਣੀ ਬੈਂਕ ਖਾਤੇ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਜੇ ਕਿਸੇ ਨੂੰ ਕੋਈ ਲਿੰਕ ਭੇਜਦਾ ਹੈ ਅਤੇ ਉਸਦੇ ਵਿਚ ਪ੍ਰੋਫਾਰਮੇ ਨੂੰ ਭਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਉਪਰ ਅਮਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੋਨ ਕਾਲ ਰਾਹੀਂ ਕਿਸੇ ਅਣਜਾਣ ਵਿਅਕਤੀ ਵੱਲੋਂ ਦਿੱਤੀ ਗਈ ਕਿਸੇ ਵੀ ਕਿਸਮ ਦੀ ਜਾਣਕਾਰੀ ਭਾਵੇਂ ਉਹ ਐਕਸੀਡੈਂਟ ਨਾਲ ਸਬੰਧਤ ਹੋਵੇ ਜਾਂ ਫਿਰ ਹਸਪਤਾਲ ਵਿਚ ਮਰੀਜ਼ ਦੇ ਦਾਖਲ ਹੋਣ ਸਬੰਧੀ ਹੋਵੇ ਦੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਹੀ ਉਸ ਉਪਰ ਅਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਟਸਐਪ ਵਿਚ ਟੂ ਸਟੈੱਪ ਵੈਰੀਫਿਕੇਸ਼ਨ ਨੂੰ ਚਾਲੂ ਰੱਖਿਆ ਜਾਵੇ ਅਤੇ ਇਸ ਦੌਰਾਨ 6 ਅੱਖਰਾਂ ਦਾ ਪਾਸਵਰਡ ਜ਼ਰੂਰ ਲਗਾਇਆ ਜਾਵੇ, ਅਜਿਹਾ ਕਰਨ ਦੌਰਾਨ ਕੋਈ ਵੀ ਵਿਅਕਤੀ ਤੁਹਾਡਾ ਵਟਸਐੱਪ ਹੈਕ ਨਹੀਂ ਕਰ ਸਕਦਾ ਹੈ।
