ਪੰਜਾਬ ''ਚ 1,20,00,000 ਰੁਪਏ ਦੀ ਵੱਡੀ ਠੱਗੀ! ਜਾਣੋ ਪੂਰਾ ਮਾਮਲਾ
Thursday, Nov 13, 2025 - 01:58 PM (IST)
ਲੁਧਿਆਣਾ (ਤਰੁਣ): ਗਾਰਮੈਂਟਸ ਤਿਆਰ ਕਰਨ ਵਾਲੇ 3 ਲੋਕਾਂ ਦੀ ਇਕ ਫ਼ਰਮ ਨੇ ਇਕ ਕੱਪੜਾ ਵਪਾਰੀ ਤੋਂ 1.20 ਕਰੋੜ ਰੁਪਏ ਦੀ ਠੱਗੀ ਮਾਰ ਲਈ। ਕੱਪੜਾ ਵਪਾਰੀ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਮਾਲ ਲਿਆ, ਪਰ ਪੈਸੇ ਨਹੀਂ ਦਿੱਤੇ। ਇਸ ਮਗਰੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਲੰਬੀ ਚੱਲੀ ਪੜਤਾਲ ਮਗਰੋਂ 2 ਸਾਲ ਬਾਅਦ ਇਲਾਕਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਅੰਕੁਸ਼ ਨਿਟਿੰਗ ਵਰਕਸ ਪ੍ਰਾਈਵੇਟ ਲਿਮਿਟਡ ਦੇ ਮਾਲਕ ਅੰਕੁਸ਼ ਅਰੋੜਾ ਨੇ ਦੱਸਿਆ ਕਿ 2021-22 ਵਿਚ ਉਸ ਨੇ ਪ੍ਰਤੀਕ ਦੀਵਾਨ, ਨਰੇਸ਼ ਕੁਮਾਰ ਤੇ ਕਨਵ ਜੈਨ ਨੂੰ ਤਕਰੀਬਨ 1.20 ਕਰੋੜ ਰੁਪਏ ਦਾ ਕੱਪੜਾ ਦਿੱਤਾ। ਮੁਲਜ਼ਮ ਕੱਪੜਾ ਲੈ ਕੇ ਗਰਮੀ ਤੇ ਸਰਦੀ ਦਾ ਮਾਲ ਤਿਆਰ ਕਰਦੇ ਸਨ। ਮੁਲਜ਼ਮਾਂ ਨੇ ਕੱਪੜਾ ਖਰੀਦ ਕੇ ਮਾਲ ਤਿਆਰ ਕੀਤਾ ਤੇ ਵੇਚ ਦਿੱਤਾ, ਪਰ ਉਸ ਦੀ ਫ਼ਰਮ ਦਾ ਕਰਜ਼ਾ ਨਹੀਂ ਉਤਾਰਿਆ। ਮੁਲਜ਼ਮਾਂ ਨੇ ਨਾ ਤਾਂ ਮਾਲ ਵਾਪਸ ਕੀਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਉਸ ਨੇ ਕਈ ਵਾਰ ਆਪਣੇ ਪੈਸੇ ਮੰਗੇ ਪਰ ਮੁਲਜ਼ਮਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਲਟਾ ਉਸ ਨੂੰ ਧਮਕੀਆਂ ਦੇਣ ਲੱਗ ਪਏ।
ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਿੰਨੋ ਮੁਲਜ਼ਮ ਆਪਸ ਵਿਚ ਪਾਰਟਨਰ ਸੀ, ਪਰ ਇਨ੍ਹਾਂ ਦਾ ਕੰਮ ਵੱਖਰਾ-ਵੱਖਰਾ ਹੈ। ਫ਼ਿਲਹਾਲ ਪੁਲਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
