ਸਤਲੁਜ ਦਰਿਆ ''ਚ ਦਿਨ-ਦਿਹਾੜੇ ਪੌਕਲੇਨ ਮਸ਼ੀਨ ਨਾਲ ਬੰਨ੍ਹ ਮਾਰਨ ਵਾਲੇ ਰੇਤ ਮਾਫੀਆ ਖ਼ਿਲਾਫ਼ ਕਾਰਵਾਈ

Wednesday, Nov 19, 2025 - 06:17 PM (IST)

ਸਤਲੁਜ ਦਰਿਆ ''ਚ ਦਿਨ-ਦਿਹਾੜੇ ਪੌਕਲੇਨ ਮਸ਼ੀਨ ਨਾਲ ਬੰਨ੍ਹ ਮਾਰਨ ਵਾਲੇ ਰੇਤ ਮਾਫੀਆ ਖ਼ਿਲਾਫ਼ ਕਾਰਵਾਈ

ਸਿੱਧਵਾਂ ਬੇਟ (ਚਾਹਲ)- ਪਿੰਡ ਅੱਕੂਵਾਲ ਵਿਖੇ ਰੇਤ ਮਾਫੀਆ ਵੱਲੋਂ 5 ਅਕਤੂਬਰ ਨੂੰ  ਦਿਨ-ਦਿਹਾੜੇ ਪੌਕਲਾਈਨ ਮਸ਼ੀਨ ਨਾਲ ਸਤਲੁਜ ਦਰਿਆ ਅੰਦਰ 115 ਫੁੱਟ ਬੰਨ ਮਾਰਕੇ ਬਦਲੇ ਜਾ ਰਹੇ ਪਾਣੀ ਦੇ ਕੁਦਰਤੀ ਵਹਾਅ ਖਿਲਾਫ ਆਖਰਕਾਰ ਪੁਲਸ ਨੂੰ  ਮੁਕੱਦਮਾ ਦਰਜ ਕਰਨਾ ਪਿਆ ਹੈ। ਇਸ ਮਾਮਲੇ ਨੂੰ  ਉਸ ਸਮੇਂ ਜਗਬਾਣੀ ਅਖਬਾਰ ਵਲੋਂ ਵੀ ਪਮੁੱਖਤਾ ਨਾਲ ਉਠਾਇਆ ਗਿਆ ਸੀ ਪਰ ਪੁਲਸ ਨੇ ਡੇਢ ਮਹੀਨੇ ਬਾਅਦ ਖਾਨਾਪੂਰਤੀ ਕਰਦਿਆਂ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਹੈ ਜਦਕਿ ਸ਼ਿਕਾਇਤ ਕਰਤਾ ਸੁਰਜੀਤ ਸਿੰਘ ਪੁੱਤਰ ਜਰੇਤ ਸਿੰਘ ਵਾਸੀ ਵੇਹਰਾਂ ਨੇ ਪੁਲਸ ਤੇ ਮਾਈਨਿੰਗ ਵਿਭਾਗ ਨੂੰ  ਦਰਿਆ 'ਚ ਬੰਨ ਲਾਉਣ ਵਾਲੇ ਵਿਅਕਤੀਆਂ ਦੇ ਨਾਂ ਅਤੇ ਮੌਕੇ ਦੀਆਂ ਵੀਡੀਓ ਤੇ ਫੋਟੋ ਵੀ ਸਬੂਤ ਵਜ਼ੋਂ ਪੇਸ਼ ਕੀਤੇ ਸਨ। ਸੁਰਜੀਤ ਸਿੰਘ ਦਾ ਦੋਸ਼ ਸੀ ਕਿ ਸਤਲੁਜ ਦਰਿਆ ਅੰਦਰ ਇਹ ਬੰਨ ਤਿ੍ਪਤੀ ਅਰਥ ਕੰਪਨੀ ਪ੍ਰਾਈਵੇਟ ਲਿਮਿਟਿਡ ਐਂਡ ਪ੍ਰੋਜੈਕਟ ਕੰਪਨੀ ਵਲੋਂ ਮਾਰਿਆ ਜਾ ਰਿਹਾ ਹੈ, ਜਿਸ ਨੂੰ  ਸਰਕਾਰ ਵਲੋਂ ਪਿੰਡ ਅੱਕੂਵਾਲ ਵਿਖੇ ਰੇਤ ਦੀ ਖੱਡ ਚਲਾਉਣ ਦੀ ਮਨਜ਼ੂਰੀ ਮਿਲੀ ਹੋਈ ਹੈ ਪਰ ਸੂਬੇ 'ਚ ਆਏ ਹੜ੍ਹਾਂ ਕਾਰਨ ਕੰਪਨੀ ਦੇ ਮਨਜ਼ੂਰਸ਼ੂਦਾ ਖਸਰਾ ਨੰਬਰਾਂ ਵਿਚ ਦਰਿਆ ਦਾ ਪਾਣੀ ਭਰ ਜਾਣ ਕਰਕੇ ਕੰਪਨੀ ਵਲੋਂ ਪਾਣੀ ਦਾ ਵਹਾਅ ਬਦਲ ਕੇ ਹੋਰ ਨੰਬਰਾਂ ਵਿਚ ਨਾਜਾਇਜ਼ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਦਰਖਾਸਤ ਵਿਚ ਦੋਸ਼ ਲਗਾਇਆ ਸੀ ਕਿ ਜੇਕਰ ਰੇਤ ਮਾਫੀਆ ਵਲੋਂ ਆਪਣੇ ਫਾਇਦੇ ਲਈ ਦਰਿਆ ਦੇ ਪਾਣੀ ਦਾ ਵਹਾਅ ਬਦਲਿਆ ਜਾਂਦਾ ਹੈ ਤਾਂ ਇਸ ਨਾਲ ਜਲੰਧਰ ਵਾਲੇ ਪਾਸੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਪਹਿਲਾਂ ਵੀ 2023 ਵਿਚ ਰੇਤ ਮਾਫੀਆ ਵਲੋਂ ਸਤਲੁਜ ਦਰਿਆ ਅੰਦਰ ਕੀਤੀ ਗਈ ਗੈਰ-ਕਾਨੂੰਨੀ ਮਾਈਨਿੰਗ ਦਾ ਸੰਤਾਪ ਜਲੰਧਰ ਜ਼ਿਲੇ ਦੇ ਲੋਕ ਭੁਗਤ ਚੁੱਕੇ ਹਨ।

ਮਾਨੀਨਿੰਗ ਇੰਸਪੈਕਟਰ ਦੇ ਬਿਆਨਾਂ 'ਤੇ ਹੋਈ ਕਾਰਵਾਈ

ਮਾਨੀਨਿੰਗ ਵਿਭਾਗ ਦੇ ਇੰਸਪੈਕਟਰ ਕਰਮਪ੍ਰੀਤ ਸਿੰਘ ਨੇ ਸਤਲੁਜ ਦਰਿਆ ਅੰਦਰ ਨਜਾਇਜ਼ ਤਰੀਕੇ ਨਾਲ ਲਾਏ ਜਾ ਰਹੇ ਬੰਨ ਖਿਲਾਫ ਕਾਰਵਾਈ ਕਰਨ ਲਈ 12 ਅਕਤੂਬਰ ਨੂੰ  ਥਾਣਾ ਸਿੱਧਵਾਂ ਬੇਟ ਦੀ ਪੁਲਸ ਨੂੰ  ਲਿਖਤੀ ਦਰਖਾਸਤ ਦਿੱਤੀ ਸੀ। ਇਸਪੈਕਟਰ ਨੇ ਆਪਣੀ ਦਰਖਾਸਤ ਰਾਹੀਂ ਦੱਸਿਆ ਸੀ ਕਿ ਉਹਨਾਂ ਨੂੰ  11 ਅਕਤੂਬਰ ਨੂੰ  ਟੈਲੀਫੋਨ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਪਿੰਡ ਅੱਕੂਵਾਲ ਨੇੜੇ ਪੋਕਲਾਈਨ ਮਸ਼ੀਨ ਨਾਲ ਸਤਲੁਜ ਦਰਿਆ ਵਿਚ ਨਜਾਇਜ਼ ਤਰੀਕੇ ਨਾਲ ਪਾਣੀ ਦਾ ਵਹਾਅ ਰੋਕ ਕੇ ਬੰਨ ਲਾਇਆ ਜਾ ਰਿਹਾ ਹੈ। ਮੌਕੇ 'ਤੇ ਜਾ ਕੇ ਦੇਖਿਆ ਤਾਂ ਸਤਲੁਜ ਦਰਿਆ ਵਿਚ 5 ਫੁੱਟ ਚੌੜਾ ਤੇ 115 ਮੀਟਰ ਬੰਨ ਬਣਿਆ ਹੋਇਆ ਹੈ। ਉਹਨਾਂ ਨੇ ਪੁਲਸ ਨੂੰ  ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਲਈ ਕਿਹਾ ਸੀ ਜਿਸ 'ਤੇ ਪੁਲਸ ਵਲੋਂ ਹੁਣ ਕਾਰਵਾਈ ਕੀਤੀ ਗਈ ਹੈ।

PunjabKesari

ਮੁਲਜ਼ਮਾਂ ਖਿਲਾਫ ਕਾਰਵਾਈ ਲਈ ਦੁਬਾਰਾ ਹਾਈਕੋਰਟ ਜਾਵਾਂਗਾ: ਸੁਰਜੀਤ ਸਿੰਘ

ਸ਼ਿਕਾਇਤਕਰਤਾ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ  ਦਰਿਆ ਅੰਦਰ ਬੰਨ ਲਾਉਣ ਵਾਲੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਵਾਉਣ ਲਈ ਡੇਢ ਮਹੀਨਾ ਲੰਬਾ ਸੰਘਰਸ਼ ਕਰਨਾ ਪਿਆ ਹੈ। ਉਸ ਨੇ ਦੱਸਿਆ ਕਿ ਮੇਰੇ ਵਲੋਂ ਮਾਈਨਿੰਗ ਵਿਭਾਗ ਦੇ ਚੀਫ ਸੈਕਟਰੀ ਸਮੇਤ ਪੁਲਸ ਵਿਭਾਗ ਨੂੰ  ਵੀ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪਰ ਰੇਤ ਮਾਫੀਆ ਪਾਵਰਫੁੱਲ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ। ਸੁਰਜੀਤ ਸਿੰਘ ਨੇ ਦੱਸਿਆ ਕਿ ਇਨਸਾਫ ਲੈਣ ਲਈ ਉਸ ਵਲੋਂ ਮਾਣਯੋਗ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਜਿਸ ਤੋਂ ਘਬਰਾ ਕਰਕੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁੱਕਦਮਾ ਦਰਜ ਕੀਤਾ ਹੈ ਜਦ ਕਿ ਮੇਰੇ ਵਲੋਂ ਜਗਰਾਓਾ ਦੇ ਸੱਤਾਧਾਰੀ ਆਗੂ ਸਮੇਤ ਤਿੰਨ ਵਿਅਕਤੀਆਂ ਖਿਲਾਫ ਬਾਈਨੇਮ ਦਰਖਾਸਤ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ ਦਰਿਆ 'ਚ ਬੰਨ ਲਗਾਕੇ ਪਾਣੀ ਦਾ ਵਹਾਅ ਬਦਲਣ ਵਾਲੇ ਕਥਿਤ ਮੁਲਜ਼ਮਾਂ ਖਿਲਾਫ ਕਾਰਵਾਈ ਕਰਵਾਉਣ ਲਈ ਉਹ ਦੁਬਾਰਾ ਹਾਈਕੋਰਟ ਜਾਣਗੇ। ਉਹਨਾਂ ਦੱਸਿਆ ਕਿ ਪੁਲਸ ਵਲੋਂ ਅਜੇ ਤੱਕ ਬੰਨ ਲਾਉਣ ਲਈ ਵਰਤੀ ਗਈ ਪੌਕਲਾਈਨ ਮਸ਼ੀਨ ਵੀ ਜਬਤ ਨਹੀਂ ਕੀਤੀ ਗਈ।

ਦੋਸ਼ੀਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਥਾਣਾ ਮੁਖੀ

ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਮਾਨੀਨਿੰਗ ਵਿਭਾਗ ਦੇ ਇੰਸਪੈਕਟਰ ਕਰਮਪ੍ਰੀਤ ਸਿੰਘ ਦੀ ਦਰਖਾਸਤ ਅਨੁਸਾਰ ਮੁੱਕਦਮਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


author

Anmol Tagra

Content Editor

Related News