ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ''ਚ ਵਾਧਾ

09/23/2017 4:53:04 PM


ਫਾਜ਼ਿਲਕਾ(ਨਾਗਪਾਲ, ਲੀਲਾਧਰ)—ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਦਾ ਕਚੂਮਰ ਕੱਢ ਦਿੱਤਾ ਹੈ। ਇਹ ਵਿਚਾਰ ਪ੍ਰਗਟ ਕਰਦੇ ਹੋਏ ਭਾਰਤੀ ਇੰਕਲਾਬੀ ਮਾਰਕਸਵਾਦੀ ਪਾਰਟੀ ਦੇ ਫਾਜ਼ਿਲਕਾ-ਜਲਾਲਾਬਾਦ ਇੰਚਾਰਜ ਕਾਮਰੇਡ ਸ਼ਕਤੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆਈ ਪਰ ਦੇਸ਼ ਵਿਚ ਤੇਲ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਸਰਕਾਰ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਜੇਕਰ ਅੰਤਰਰਾਸ਼ਟਰੀ ਕੀਮਤਾਂ ਵਧੀਆਂ ਤਾਂ ਦੇਸ਼ ਵਿਚ ਰੇਟ ਬਿਨਾਂ ਦੇਰੀ ਦੇ ਵਧਾਏ ਗਏ ਅਤੇ ਜੇਕਰ ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ ਘਟੀਆਂ ਤਾਂ ਉਸਦਾ ਫਾਇਦਾ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ ਤੇ ਕੀਮਤਾਂ ਨਹੀਂ ਘਟਾਈਆਂ ਜਾਂਦੀਆਂ। 
ਕਾਮਰੇਡ ਸ਼ਕਤੀ ਨੇ ਦੱਸਿਆ ਕਿ 2012 ਵਿਚ ਅੰਤਰਰਾਸ਼ਟਰੀ ਰੇਟ 120 ਡਾਲਰ ਸੀ ਅਤੇ ਪੈਟ੍ਰੋਲ 65 ਰੁਪਏ ਲੀਟਰ ਸੀ। 2014 ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਪੈਟ੍ਰੋਲ 57 ਰੁਪਏੇ ਲੀਟਰ ਸੀ ਅਤੇ ਅੰਤਰਰਾਸ਼ਟਰੀ ਕੀਮਤ 147 ਡਾਲਰ ਸੀ। ਉਦੋਂ ਟੈਕਸ 35 ਪ੍ਰਤੀਸ਼ਤ ਸੀ ਅਤੇ ਹੁਣ ਵਧਾ ਕੇ 58 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। 2012-13 ਵਿਚ ਰਿਲਾਇੰਸ ਦਾ ਮੁਨਾਫਾ 21000 ਕਰੋੜ ਸੀ, ਜੋ 2016 ਵਿਚ 43000 ਕਰੋੜ ਹੋ ਗਿਆ। ਪੈਟ੍ਰੋਲ ਦੇ ਟੈਕਸਾਂ ਵਿਚ 112 ਪ੍ਰਤੀਸ਼ਤ ਅਤੇ ਡੀਜ਼ਲ ਦੇ ਟੈਕਸਾਂ ਵਿਚ 300 ਪ੍ਰਤੀਸ਼ਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੈਟ੍ਰੋਲੀਅਮ ਮੰਤਰੀ ਨੇ ਇਹ ਬਿਆਨ ਦੇ ਕੇ ਗਰੀਬਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਿਆ ਹੈ ਕਿ ਪੈਟ੍ਰੋਲ ਅਤੇ ਡੀਜ਼ਲ ਖਰੀਦਣ ਵਾਲੇ ਭੁੱਖੇ ਨਹੀਂ ਮਰਦੇ ਕਿਉਂਕਿ ਉਸ ਮੰਤਰੀ ਨੇ ਗਰੀਬੀ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਭਾਰਤੀ ਇੰਕਲਾਬੀ ਮਾਰਕਸਵਾਦੀ ਪਾਰਟੀ ਵਧੀਆਂ ਹੋਈਆਂ ਤੇਲ ਕੀਮਤਾਂ ਦੀ ਸਖਤ ਨਿੰਦਾ ਕਰਦੀ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਲਦੀ ਤੇਲ ਦੀਆਂ ਕੀਮਤਾਂ 'ਤੇ ਨੱਥ ਪਾਈ ਜਾਵੇ।


Related News