ਨਹੀਂ ਰੁਕ ਰਿਹੈ ਢਾਬਿਆਂ ’ਤੇ ਰਾਤ ਨੂੰ ਖੜ੍ਹੀਆਂ ਗੱਡੀਆਂ ’ਚੋਂ ਪੈਟਰੋਲ-ਡੀਜ਼ਲ ਚੋਰੀ ਹੋਣ ਦਾ ਸਿਲਸਿਲਾ

Thursday, May 02, 2024 - 04:24 PM (IST)

ਨਹੀਂ ਰੁਕ ਰਿਹੈ ਢਾਬਿਆਂ ’ਤੇ ਰਾਤ ਨੂੰ ਖੜ੍ਹੀਆਂ ਗੱਡੀਆਂ ’ਚੋਂ ਪੈਟਰੋਲ-ਡੀਜ਼ਲ ਚੋਰੀ ਹੋਣ ਦਾ ਸਿਲਸਿਲਾ

ਕਿਸ਼ਨਗੜ੍ਹ (ਬੈਂਸ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ, ਬਿਆਸ ਪਿੰਡ ਅਤੇ ਕਾਲਾ ਬੱਕਰਾ ਨੇੜੇ ਬਣੇ ਢਾਬਿਆਂ ’ਤੇ ਰਾਤ ਨੂੰ ਗੱਡੀਆਂ ਖੜ੍ਹੀਆਂ ਕਰਨੀਆਂ ਹੁਣ ਡਰਾਈਵਰ ਭਾਈਚਾਰੇ ਲਈ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ ਹੈ। ਪਿਛਲੇ ਕਾਫ਼ੀ ਅਰਸੇ ਤੋਂ ਆਏ ਦਿਨ ਇਕ ਮਰੂਤੀ ਕਾਰ ’ਚ ਆਉਣ ਵਾਲਾ ਤੇਲ ਚੋਰੀ ਕਰਨ ਵਾਲਾ ਚੋਰ ਗਿਰੋਹ ਬੇਖ਼ੌਫ਼ ਹੋ ਕੇ ਰਾਤ ਨੂੰ ਢਾਬਿਆਂ ’ਤੇ ਖੜ੍ਹੀਆਂ ਗੱਡੀਆਂ ’ਚੋਂ ਸੈਂਕੜੇ ਲੀਟਰ ਡੀਜ਼ਲ ਜਾਂ ਪੈਟਰੋਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ।

ਸੂਚਨਾ ਮਿਲਣ ’ਤੇ ਪੁਲਸ ਢਾਬਿਆਂ ਅਤੇ ਨਜ਼ਦੀਕੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਦੀ ਰਹਿ ਜਾਂਦੀ ਹੈ। ਕਈ ਟਰੱਕ ਡਰਾਈਵਰ ਅਤੇ ਪੁਲਸ ਦੀ ਪੁੱਛ-ਪੜਤਾਲ ਤੋਂ ਡਰਦੇ ਹੋਏ ਆਪਣੇ ਟਰੱਕਾਂ ’ਚੋਂ ਚੋਰੀ ਹੋਈ ਤੇਲ ਦੀ ਸ਼ਿਕਾਇਤ ਵੀ ਸਬੰਧਤ ਪੁਲਸ ਚੌਕੀਆਂ ਨੂੰ ਨਹੀਂ ਕਰਦੇ ਤੇ ਚੁੱਪ-ਚੁਪੀਤੇ ਘਟਨਾ ਸਥਾਨ ਤੋਂ ਉਥੋਂ ਨਿਕਲਣ ਦੀ ਗੱਲ ਕਰਦੇ ਹਨ। ਕਰੀਬ 2 ਦਿਨ ਪਹਿਲਾਂ ਪਾਣੀਪਤ ਦੇ ਇਕ ਦੀਪਕ ਨਾਂ ਦੇ ਕੈਂਟਰ ਡਰਾਈਵਰ ਦੇ ਕੈਂਟਰ ’ਚੋਂ ਵੀ ਕਿਸ਼ਨਗੜ੍ਹ ਚੌਕ ਨੇੜੇ ਸੈਂਕੜੇ ਲੀਟਰ ਡੀਜ਼ਲ ਚੋਰੀ ਦੀ ਘਟਨਾ ਵਾਪਰੀ ਸੀ। ਉਸ ਦੇ ਕੈਂਟਰ ’ਚੋਂ ਤੇਲ ਚੋਰੀ ਕਰਨ ਵਾਲੇ ਚੋਰਾਂ ਨੂੰ ਇਕ ਆਟੋ ਚਾਲਕ ਵੱਲੋਂ ਮੌਕੇ ’ਤੇ ਵੇਖਿਆ ਗਿਆ, ਜਦੋਂ ਉਸ ਨੇ ਤੇਲ ਚੋਰੀ ਦਾ ਰੌਲਾ ਪਾਇਆ ਤਾਂ ਉਕਤ ਤੇਲ ਚੋਰੀ ਕਰਨ ਵਾਲਾ ਚੋਰ ਗਿਰੋਹ ਇਕ ਮਰੂਤੀ ਕਾਰ ’ਚ ਜਲੰਧਰ ਵੱਲ ਨੂੰ ਫਰਾਰ ਹੋਣ ’ਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ

ਇਸੇ ਤਰ੍ਹਾਂ ਬੀਤੀ ਲੰਘੀ ਰਾਤ ਵੀ ਤੇਲ ਚੋਰ ਗਿਰੋਹ ਵੱਲੋਂ ਬਿਆਸ ਪਿੰਡ ਨੇੜੇ ਇਕ ਢਾਬੇ ’ਤੇ ਖੜ੍ਹੇ ਕੰਟੇਨਰ ’ਚੋਂ ਚੋਰਾਂ ਵੱਲੋਂ ਤੇਲ ਵਾਲੀ ਟੈਂਕੀ ਦਾ ਢੱਕਣ ਪੱਟ ਕੇ ਕਰੀਬ 350 ਲੀਟਰ ਡੀਜ਼ਲ ਚੋਰੀ ਕਰ ਲਿਆ ਗਿਆ। ਉਕਤ ਕੰਟੇਨਰ ਚਾਲਕ ਕਿਰਪਾਲ ਸਿੰਘ ਪੁੱਤਰ ਰਘਵੀਰ ਸਿੰਘ ਨਿਵਾਸੀ ਯੂ. ਪੀ. ਨੇ ਦੱਸਿਆ ਕਿ ਉਹ ਜੰਮੂ ਸਾਂਬਾ ਤੋਂ ਆਪਣੇ ਕੰਟੇਨਰ ’ਚ ਖੇਤੀਬਾੜੀ ਸਬੰਧੀ ਦਵਾਈਆਂ ਲੈ ਕੇ ਧਾਰੋ ਹੈੜਾ ਹਰਿਆਣਾ ਜਾ ਰਿਹਾ ਸੀ। ਰਾਤ ਉਹ ਕਰੀਬ 2 ਢਾਈ ਵਜੇ ਬਿਆਸ ਪਿੰਡ ਨੇੜੇ ਇਕ ਢਾਬੇ ਕੋਲ ਆਪਣਾ ਕੰਟੇਨਰ ਖੜ੍ਹਾ ਕਰਕੇ ਕੰਟੇਨਰ ਦੇ ਹੀ ਅੰਦਰ ਸੌ ਗਿਆ। ਸਵੇਰੇ ਜਦੋਂ ਉਹ ਉੱਠਿਆ ਅਤੇ ਉਸ ਨੇ ਵੇਖਿਆ ਕਿ ਕੰਟੇਨਰ ਦੀ ਟੈਂਕੀ ਦਾ ਢੱਕਣ ਤੋੜ ਕੇ ਚੋਰਾਂ ਵੱਲੋਂ ਡੀਜ਼ਲ ਕੱਢਿਆ ਗਿਆ ਹੈ। ਘਟਨਾ ਸਥਾਨ ’ਤੇ ਕੁਝ ਡੀਜ਼ਲ ਡੁੱਲਿਆ ਹੋਇਆ ਵੀ ਸੀ।

ਕੰਟੇਨਰ ਚਾਲਕ ਕਿਰਪਾਲ ਸਿੰਘ ਵੱਲੋਂ ਆਪਣੇ ਕੰਟੇਨਰ ’ਚੋਂ ਡੀਜ਼ਲ ਚੋਰੀ ਹੋਣ ਦੀ ਸ਼ਿਕਾਇਤ ਐਮਰਜੈਂਸੀ ਕਾਲ 112 ਨੰਬਰ ’ਤੇ ਕਰਵਾ ਦਿੱਤੀ ਸੀ, ਜਿਸ ਦੀ ਸੂਚਨਾ ਸਬੰਧਤ ਅਲਾਵਲਪੁਰ ਪੁਲਸ ਚੌਂਕੀ ਨੂੰ ਮਿਲਣ ’ਤੇ ਏ. ਐੱਸ. ਆਈ. ਜੋਗਿੰਦਰ ਸਿੰਘ ਮਸੀਹ ਵੱਲੋਂ ਸਬੰਧਤ ਕੰਟੇਨਰ ਚਾਲਕ ਨਾਲ ਰਾਬਤਾ ਕਾਇਮ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਤੇਲ ਚੋਰੀ ਕਰਨ ਦੇ ਮਾਮਲੇ ’ਚ ਕਾਲਾ ਬੱਕਰੇ ਦੇ ਇਕ ਨੌਜਵਾਨ ਵੱਲੋਂ ਨਜ਼ਦੀਕੀ ਢਾਬਿਆਂ ਵਾਲਿਆਂ ’ਤੇ ਬਿਆਸ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਹਿੰਮਤ ਕਰ ਕੇ ਤੇਲ ਚੋਰੀ ਕਰਨ ਦੇ ਇਕ ਸ਼ੱਕੀ ਮਾਮਲੇ ’ਚ ਇਕ ਵਿਅਕਤੀ ਨੂੰ ਅਲਾਵਲਪੁਰ ਪੁਲਸ ਦੇ ਹਵਾਲੇ ਕੀਤਾ ਗਿਆ ਸੀ। ਦੇਖਣਾ ਬਾਕੀ ਹੈ ਕਿ ਢਾਬੇ ਨੇੜੇ ਰਾਤ ਨੂੰ ਖੜ੍ਹੀਆਂ ਹੋਣ ਵਾਲੀਆਂ ਗੱਡੀਆਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਨੂੰ ਅਲਾਵਲਪੁਰ, ਕਿਸ਼ਨਗੜ੍ਹ ਜਾਂ ਹੋਰ ਕੋਈ ਪੁਲਸ ਪਾਰਟੀ ਕਾਬੂ ਕਰਨ ’ਚ ਕਾਮਯਾਬ ਹੁੰਦੀ ਹੈ ਜਾਂ ਨਹੀਂ?

ਇਹ ਵੀ ਪੜ੍ਹੋ-ਨਹੀਂ ਵੇਖੀ ਹੋਵੇਗੀ ਇਹੋ ਜਿਹੀ ਜੁਗਾੜੂ ਰੇਹੜੀ, ਵਾਇਰਲ ਤਸਵੀਰਾਂ ਨੇ ਉਡਾਏ ਸਭ ਦੇ ਹੋਸ਼

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News