ਪੰਜਾਬ ਦੇ ਹਸਪਤਾਲਾਂ ’ਚ ICU ਤੇ ਡਾਕਟਰਾਂ ਦੀ ਘਾਟ ’ਤੇ ਹਾਈਕੋਰਟ ਸਖ਼ਤ, ਮੰਗੀ ਜ਼ਿਲ੍ਹਾਵਾਰ ਰਿਪੋਰਟ

Tuesday, Mar 10, 2026 - 02:05 PM (IST)

ਪੰਜਾਬ ਦੇ ਹਸਪਤਾਲਾਂ ’ਚ ICU ਤੇ ਡਾਕਟਰਾਂ ਦੀ ਘਾਟ ’ਤੇ ਹਾਈਕੋਰਟ ਸਖ਼ਤ, ਮੰਗੀ ਜ਼ਿਲ੍ਹਾਵਾਰ ਰਿਪੋਰਟ

ਚੰਡੀਗੜ੍ਹ (ਗੰਭੀਰ) : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਆਈ. ਸੀ. ਯੂ. ਸਹੂਲਤਾਂ ਅਤੇ ਮਾਹਰ ਡਾਕਟਰਾਂ ਦੀ ਘਾਟ ਦੇ ਮੁੱਦੇ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਤੋਂ ਵਿਸਤ੍ਰਿਤ ਸਥਿਤੀ ਰਿਪੋਰਟ ਮੰਗੀ ਹੈ। ਅਦਾਲਤ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਡਾਕਟਰਾਂ ਦੀਆਂ ਨਿਯੁਕਤੀਆਂ ਅਤੇ ਖ਼ਾਲੀ ਅਸਾਮੀਆਂ ਦੀ ਅਸਲ ਸਥਿਤੀ ਸਪੱਸ਼ਟ ਕੀਤੀ ਜਾਵੇ, ਤਾਂ ਜੋ ਸਿਹਤ ਸੇਵਾਵਾਂ ਦੀ ਸਥਿਤੀ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ। ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ 'ਚ ਆਈ. ਸੀ. ਯੂ. ਸਹੂਲਤਾਂ ਉਪਲੱਬਧ ਹਨ। ਹਲਫ਼ਨਾਮੇ ਮੁਤਾਬਕ ਜਲੰਧਰ ਜ਼ਿਲ੍ਹਾ ਹਸਪਤਾਲ ਵਿਚ 24 ਆਈ. ਸੀ. ਯੂ. ਬੈੱਡ ਹਨ ਅਤੇ ਸਾਰੇ ਕਾਰਜਸ਼ੀਲ ਹਨ।

ਮੋਹਾਲੀ ਜ਼ਿਲ੍ਹਾ ਹਸਪਤਾਲ ਵਿਚ 15 ਆਈ. ਸੀ. ਯੂ. ਬੈੱਡ ਹਨ, ਜਦੋਂ ਕਿ ਪਟਿਆਲਾ ’ਚ 14 ਸਮਰਪਿਤ ਆਈ. ਸੀ. ਯੂ. ਬੈੱਡ ਹਨ। ਹੁਸ਼ਿਆਰਪੁਰ ਜ਼ਿਲ੍ਹਾ ਹਸਪਤਾਲ ਵਿਚ ਦੋ ਆਈ. ਸੀ. ਯੂ. ਬੈੱਡ ਕਾਰਜਸ਼ੀਲ ਹਨ। ਅੰਮ੍ਰਿਤਸਰ ਵਿਚ 12 ਆਈ. ਸੀ. ਯੂ. ਬੈੱਡ ਹਨ, ਜਿਨ੍ਹਾਂ ਵਿਚੋਂ 6 ਫਿਲਹਾਲ ਹਾਈ ਡਿਪੈਂਡੇਂਸੀ ਯੂਨਿਟ ਵਜੋਂ ਵਰਤੋਂ ਕੀਤੇ ਜਾ ਰਹੇ ਹਨ। ਸਰਕਾਰ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਯੋਜਨਾ ਅਧੀਨ ਪੰਜਾਬ ਦੇ 22 ਜ਼ਿਲ੍ਹਿਆਂ 'ਚ ਕ੍ਰਿਟੀਕਲ ਕੇਅਰ ਬਲਾਕ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਬਲਾਕਾਂ ’ਚ ਆਧੁਨਿਕ ਆਈ. ਸੀ. ਯੂ. ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ, ਤਾਂ ਜੋ ਐਮਰਜੈਂਸੀ ਹਾਲਾਤਾਂ, ਮਹਾਮਾਰੀ ਅਤੇ ਆਫ਼ਤਾਂ ਦੌਰਾਨ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਹਾਲਾਂਕਿ ਅਦਾਲਤ ਦੇ ਸਵਾਲ ’ਤੇ ਸੂਬਾ ਸਰਕਾਰ ਇਹ ਸਪੱਸ਼ਟ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ ਕਿ ਇਨ੍ਹਾਂ ਕ੍ਰਿਟੀਕਲ ਕੇਅਰ ਬਲਾਕਾਂ ਦੀ ਸਥਾਪਨਾ ਕਿਸ ਪੜਾਅ ’ਤੇ ਹੈ। 
ਮਲੇਰਕੋਟਲਾ ਹਸਪਤਾਲ ਦਾ ਉੱਠਿਆ ਮੁੱਦਾ
ਸੁਣਵਾਈ ਦੌਰਾਨ ਮਲੇਰਕੋਟਲਾ ਜ਼ਿਲ੍ਹੇ 'ਚ ਆਈ. ਸੀ. ਯੂ. ਸਹੂਲਤਾਂ ਮੁਹੱਈਆ ਨਾ ਹੋਣਾ ਅਤੇ ਮਾਹਰ ਡਾਕਟਰਾਂ ਦੀ ਕਮੀ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਿਆ। ਸੂਬਾ ਸਰਕਾਰ ਨੇ ਦੱਸਿਆ ਕਿ ਮਲੇਰਕੋਟਲਾ ਹਸਪਤਾਲ 'ਚ ਮਾਹਰ ਡਾਕਟਰਾਂ ਦੀਆਂ ਕੁੱਲ 15 ਮਨਜ਼ੂਰਸ਼ੁਦਾ ਅਸਾਮੀਆਂ ਹਨ। ਪਹਿਲਾਂ ਦਾਇਰ ਹਲਫ਼ਨਾਮੇ ਦੇ ਸਮੇਂ ਸਾਰੀਆਂ ਅਸਾਮੀਆਂ ’ਤੇ ਡਾਕਟਰ ਤਾਇਨਾਤ ਸਨ ਪਰ ਬਾਅਦ ’ਚ ਕੁੱਝ ਡਾਕਟਰਾਂ ਦੇ ਤਬਾਦਲੇ ਹੋਣ ਕਾਰਨ ਫਿਲਹਾਲ ਪੰਜ ਅਹੁਦੇ ਖ਼ਾਲੀ ਹੋ ਗਏ ਹਨ।
 


author

Babita

Content Editor

Related News