ਇੰਡਸ ਹਸਪਤਾਲ ’ਚ ਹੰਗਾਮਾ: 35 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ, ਡਾਕਟਰਾਂ ’ਤੇ ਲਾਪਰਵਾਹੀ ਦੇ ਗੰਭੀਰ ਦੋਸ਼

Tuesday, Apr 14, 2026 - 04:00 AM (IST)

ਇੰਡਸ ਹਸਪਤਾਲ ’ਚ ਹੰਗਾਮਾ: 35 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ, ਡਾਕਟਰਾਂ ’ਤੇ ਲਾਪਰਵਾਹੀ ਦੇ ਗੰਭੀਰ ਦੋਸ਼

ਡੇਰਾਬਸੀ (ਵਿਕਰਮਜੀਤ, ਗੁਰਜੀਤ) : ਡੇਰਾਬਸੀ-ਅੰਬਾਲਾ ਸੜਕ ’ਤੇ ਸਥਿਤ ਇੰਡਸ ਹਸਪਤਾਲ ਇਕ ਵਾਰ ਮੁੜ ਵਿਵਾਦਾਂ ’ਚ ਆ ਗਿਆ ਹੈ। 4 ਅਪ੍ਰੈਲ ਨੂੰ ਛਾਤੀ ’ਚ ਹਲਕੇ ਦਰਦ ਦੀ ਸ਼ਿਕਾਇਤ ਨਾਲ ਦਾਖ਼ਲ ਕਰਵਾਏ ਗਏ 35 ਸਾਲਾ ਦੀਪਕ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਾਏ ਹਨ। ਮ੍ਰਿਤਕ ਦੀਪਕ ਜੀ.ਬੀ.ਪੀ. ਸੁਸਾਇਟੀ ਡੇਰਾਬਸੀ ਦਾ ਵਸਨੀਕ ਸੀ ਤੇ ਸਪੇਅਰ ਪਾਰਟ ਡਿਸਟ੍ਰੀਬਿਊਟਰ ਵਜੋਂ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, 4 ਅਪ੍ਰੈਲ ਨੂੰ ਹਲਕੇ ਦਰਦ ਤੋਂ ਬਾਅਦ ਉਹ ਖ਼ੁਦ ਗੱਡੀ ਚਲਾ ਕੇ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੇ ਦਿਲ ’ਚ ਸਟੰਟ ਪਾਇਆ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਸਟੰਟ ਪਾਉਣ ਤੋਂ ਬਾਅਦ ਹੀ ਉਸ ਦੀ ਹਾਲਤ ਲਗਾਤਾਰ ਖ਼ਰਾਬ ਹੋਣ ਲੱਗ ਪਈ। ਪਰਿਵਾਰ ਦੇ ਅਨੁਸਾਰ, ਡਾਕਟਰਾਂ ਨੇ ਬਾਅਦ ’ਚ ਦਿਮਾਗ਼ ’ਚ ਬਲੌਕੇਜ ਦੱਸਦੇ ਹੋਏ ਉਸ ਦਾ ਆਪ੍ਰੇਸ਼ਨ ਕੀਤਾ, ਪਰ ਆਪ੍ਰੇਸ਼ਨ ਤੋਂ ਬਾਅਦ ਦੀਪਕ ਨੂੰ ਹੋਸ਼ ਨਹੀਂ ਆਇਆ ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ। ਸੋਮਵਾਰ ਸ਼ਾਮ ਕਰੀਬ 5 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰ ਨੇ ਦੋਸ਼ ਲਾਇਆ ਕਿ ਬਿਨਾਂ ਪੂਰੀ ਜਾਣਕਾਰੀ ਦੇ ਦਿਮਾਗ਼ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਮਰੀਜ਼ ਨੂੰ ਵੈਂਟੀਲੇਟਰ ’ਤੇ ਰੱਖ ਕੇ ਲੱਖਾਂ ਰੁਪਏ ਵਸੂਲੇ ਗਏ। ਉਨ੍ਹਾਂ ਨੇ ਡਾਕਟਰ ਰਾਜੇਸ਼ ਕੁਮਾਰ ਅਤੇ ਡਾਕਟਰ ਨਰੇਸ਼ ਬੰਸਲ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ : ਵਿਸਾਖੀ 'ਤੇ 6 ਜੋੜੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇਗਾ ਰੇਲਵੇ, ਫਿਰੋਜ਼ਪੁਰ ਸਿਟੀ 'ਚ ਵੀ ਹੋਵੇਗਾ ਠਹਿਰਾਅ

ਜਾਂਚ ਲਈ ਬਣੇਗਾ ਮਾਹਿਰਾਂ ਦਾ ਪੈਨਲ

ਇਸ ਸਬੰਧੀ ਡੇਰਾਬਸੀ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ’ਚ ਰੱਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਸਿਵਲ ਸਰਜਨ ਮੋਹਾਲੀ ਵੱਲੋਂ ਮਾਹਿਰਾਂ ਦਾ ਪੈਨਲ ਬਣਾਇਆ ਜਾਵੇਗਾ ਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਡਾਕਟਰਾਂ ਵੱਲੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਈ : ਜੀ.ਐੱਮ.

ਇਸ ਬਾਰੇ ਇੰਡਸ ਹਸਪਤਾਲ ਦੇ ਜੀ.ਐੱਮ. ਆਪ੍ਰੇਸ਼ਨ ਨਵੀਸ਼ ਨਰੂਲਾ ਨੇ ਕਿਹਾ ਕਿ ਮਰੀਜ਼ ਦਾ ਆਪ੍ਰੇਸ਼ਨ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰਾਂ ਵੱਲੋਂ ਮਰੀਜ਼ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਈ।

ਪਹਿਲਾਂ ਵੀ ਲੱਗ ਚੁੱਕੇ ਨੇ ਦੋਸ਼

ਗੌਰਤਲਬ ਹੈ ਕਿ ਅਪ੍ਰੈਲ 2023 ’ਚ ਵੀ ਇਸੇ ਹਸਪਤਾਲ ’ਤੇ ਕਿਡਨੀ ਰਿਪਲੇਸਮੈਂਟ ਦੇ ਨਾਂ ’ਤੇ ਲੱਖਾਂ ਰੁਪਏ ਦੇ ਹੇਰਫੇਰ ਦੇ ਗੰਭੀਰ ਦੋਸ਼ ਲੱਗੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News