ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
Monday, Apr 06, 2026 - 02:59 PM (IST)
ਚੰਡੀਗੜ੍ਹ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬ ਦੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ 'ਚ ਕੀਤੇ ਗਏ ਇੱਕ ਮੁਲਾਂਕਣ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਨਵੀਂ ਚਿੰਤਾ ਜਤਾਈ ਗਈ ਹੈ। ਚੰਡੀਗੜ੍ਹ ਸਥਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਸੂਬੇ ਦੇ 34 ਪਛਾਣੇ ਗਏ ਪ੍ਰਦੂਸ਼ਿਤ ਸਥਾਨਾਂ ਤੋਂ ਪਾਣੀ ਦੇ ਨਮੂਨੇ ਲਏ ਸਨ। ਇਹ ਰਿਪੋਰਟ 2 ਅਪ੍ਰੈਲ ਨੂੰ ਨੈਸ਼ਨਲ ਗ੍ਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੂੰ ਸੌਂਪੀ ਗਈ ਹੈ, ਜਿਸ ਨੇ ਪੰਜਾਬ 'ਚ ਖੇਤੀਬਾੜੀ ਅਤੇ ਉਦਯੋਗਿਕ ਕਾਰਨਾਂ ਕਰਕੇ ਹੋ ਰਹੇ ਪਾਣੀ ਦੇ ਪ੍ਰਦੂਸ਼ਣ ਦਾ ਸਵੈ-ਮੋਟੂ ਨੋਟਿਸ ਲਿਆ ਸੀ। ਜਾਂਚ ਦੇ ਨਤੀਜਿਆਂ ਅਨੁਸਾਰ ਪਟਿਆਲਾ (ਸ਼ੰਭੂਕਲਾਂ-ਰਾਜਪੁਰਾ) ਅਤੇ ਫਾਜ਼ਿਲਕਾ (ਦੀਪੁਲਾਨਾ) ਵਰਗੇ ਖੇਤਰਾਂ 'ਚ ਪਾਣੀ ਦਾ ਪੀ. ਐੱਚ. ਪੱਧਰ ਪੀਣ ਵਾਲੇ ਪਾਣੀ ਦੇ ਤੈਅ ਮਿਆਰਾਂ ਤੋਂ ਵੱਧ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਪਾਵਰਕਾਮ ਵਲੋਂ ਵੱਡੀ ਰਾਹਤ, ਹੁਣ ਮਿਲਣਗੇ ਸਿੱਧੇ ਬਿਜਲੀ ਕੁਨੈਕਸ਼ਨ
ਇਸ ਤੋਂ ਇਲਾਵਾ 7 ਵੱਖ-ਵੱਖ ਥਾਵਾਂ 'ਤੇ ਫਲੋਰਾਈਡ ਦੀ ਮਾਤਰਾ 1 mg/l ਦੀ ਸੀਮਾ ਤੋਂ ਵੱਧ ਪਾਈ ਗਈ ਹੈ। ਰਿਪੋਰਟ ਮੁਤਾਬਕ ਘੱਟੋ-ਘੱਟ ਤਿੰਨ ਸਥਾਨਾਂ 'ਤੇ ਆਰਸੈਨਿਕ ਦੀ ਮਾਤਰਾ 0.01 mg/l ਦੀ ਸਵੀਕਾਰਯੋਗ ਸੀਮਾ ਤੋਂ ਉੱਪਰ ਪਾਈ ਗਈ ਹੈ ਅਤੇ ਕਈ ਥਾਵਾਂ 'ਤੇ ਲੋਹੇ ਦੀ ਮਾਤਰਾ ਵੀ ਨਿਰਧਾਰਤ ਹੱਦਾਂ ਨੂੰ ਪਾਰ ਕਰ ਗਈ ਹੈ। 10 ਨਮੂਨਿਆਂ ਵਿੱਚ ਕੁੱਲ ਘੁਲਣਸ਼ੀਲ ਠੋਸ ਪਦਾਰਥ500 mg/l ਤੋਂ ਵੱਧ ਪਾਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ, ਅੱਜ ਤੱਕ ਦਾ ਮਿਲਿਆ ਆਖ਼ਰੀ ਮੌਕਾ
ਰਿਪੋਰਟ 'ਚ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਲੰਬੇ ਸਮੇਂ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਉਦਯੋਗਿਕ ਰਹਿੰਦ-ਖੂੰਹਦ, ਸੀਵਰੇਜ, ਅਤੇ ਖੇਤੀਬਾੜੀ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਪਾਣੀ ਦੇ ਗੰਭੀਰ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਹਾਲਾਂਕਿ ਕੁੱਝ ਪੈਰਾਮੀਟਰ ਜਿਵੇਂ ਕਿ ਸਲਫੇਟ ਅਤੇ ਨਾਈਟ੍ਰੇਟ ਜ਼ਿਆਦਾਤਰ ਥਾਵਾਂ 'ਤੇ ਨਿਰਧਾਰਤ ਸੀਮਾ ਦੇ ਅੰਦਰ ਪਾਏ ਗਏ ਹਨ, ਪਰ ਭਾਰੀ ਧਾਤਾਂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
