ਗੁਰਦਾਸਪੁਰ ਜ਼ਿਮਨੀ ਚੋਣ : ਮਹਿਲਾ ਤੇ ਨੌਜਵਾਨ ਵੋਟਰਾਂ ''ਚ ਨਹੀਂ ਦਿਸ ਰਿਹਾ ਜ਼ਿਆਦਾ ਉਤਸ਼ਾਹ

Wednesday, Sep 27, 2017 - 11:00 AM (IST)

ਪਠਾਨਕੋਟ, (ਸ਼ਾਰਦਾ) — ਗੁਰਦਾਸਪੁਰ ਜ਼ਿਮਨੀ ਚੋਣ ਦੇ ਸਿਆਸੀ ਦੰਗਲ ਵਿਚ ਬੇਸ਼ੱਕ ਤਿੰਨੇ ਸਿਆਸੀ ਦਲ ਸੱਤਾ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਸਣੇ 'ਆਪ' ਲੰਗੋਟ ਕੱਸ ਕੇ ਕੁੱਦ ਚੁੱਕੇ ਹਨ ਅਤੇ ਪਾਰਟੀ ਵਰਕਰ ਆਪਣੇ-ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ ਪਰ ਲੋਕਤੰਤਰ ਦੀ ਮੂਲ ਚੋਣ ਪ੍ਰਕਿਰਿਆ ਦਾ ਅਟੁੱਟ ਹਿੱਸਾ ਮਹਿਲਾ ਅਤੇ ਨੌਜਵਾਨ ਵੋਟਰਾਂ ਵਿਚ ਇਸ ਚੋਣ ਨੂੰ ਲੈ ਕੇ ਬਹੁਤਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਹੈ। ਹਾਲਾਂਕਿ 6 ਮਹੀਨੇ ਪਹਿਲਾਂ ਸੂਬੇ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਰਗ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। 
ਅਜਿਹੇ ਵਿਚ ਸਿਰਫ ਕੁਝ ਹੀ ਮਹੀਨਿਆਂ ਬਾਅਦ ਹੋਣ ਜਾ ਰਹੀ ਇਸ ਮਹੱਤਵਪੂਰਨ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਮਹਿਲਾ ਅਤੇ ਨੌਜਵਾਨ ਵੋਟਰਾਂ ਜੋ ਸੰਸਦੀ ਇਲਾਕੇ ਦੇ ਅਧੀਨ ਆਉਂਦੇ ਕੁਲ ਵੋਟਰਾਂ ਦਾ ਕਰੀਬ ਤਿੰਨ ਚੌਥਾਈ ਭਾਗ ਤੋਂ ਜ਼ਿਆਦਾ ਬਣਦੇ ਹਨ, ਵਿਚ ਵੋਟ ਪਾਉਣ ਅਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਉਤਸ਼ਾਹ ਇਕਦਮ ਠੰਡਾ ਪੈਣ ਤੋਂ ਸਿਆਸੀ ਮਾਹਿਰ ਇਕਦਮ ਹੈਰਾਨ ਹਨ ਤੇ ਇਸਦੇ ਪਿੱਛੇ ਕਾਰਨਾਂ ਨੂੰ ਖੰਗਾਲਣ ਵਿਚ ਰੁਝੇ ਹਨ। ਜੇਕਰ ਮਹਿਲਾ ਅਤੇ ਨੌਜਵਾਨ ਵੋਟਰਾਂ ਦਾ ਇਸ ਉਪ ਚੋਣ ਨੂੰ ਲੈ ਕੇ ਠੰਡਾ ਪਿਆ ਉਤਸ਼ਾਹ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਇਸਦਾ ਪ੍ਰਭਾਵ ਵੋਟ ਫੀਸਦੀ 'ਤੇ ਪੈ ਸਕਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਸਿਰਫ ਕੁਝ ਮਹੀਨਿਆਂ ਬਾਅਦ ਹੀ ਉਪ ਚੋਣ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਪੁਰਸ਼ ਵੋਟਰ ਤਾਂ ਉਤਸ਼ਾਹਿਤ ਹਨ ਪਰ ਮਹਿਲਾ ਅਤੇ ਨੌਜਵਾਨ ਵੋਟਰ ਜ਼ਿਆਦਾ ਰੁਚੀ ਨਹੀਂ ਲੈ ਰਹੇ। ਇਸਦਾ ਕਾਰਨ ਮਹਿਲਾਵਾਂ ਅਤੇ ਨੌਜਵਾਨ ਵੋਟਰਾਂ ਦੀਆਂ ਆਪਣੀਆਂ-ਆਪਣੀਆਂ ਪ੍ਰਾਥਮਿਕਤਾਵਾਂ ਹਨ। ਇਥੇ ਨੌਜਵਾਨ ਵਰਗ ਵਿਚ ਜੋ ਨਵੇਂ ਬਣੇ ਵੋਟਰ ਹਨ, ਉਹ ਤਾਂ ਉੱਚ ਯੋਗਤਾ ਜਾਂ ਨੌਕਰੀਆਂ ਹਾਸਲ ਕਰਨ ਲਈ ਮੁਸ਼ੱਕਤ ਕਰ ਰਹੇ ਹਨ ਅਤੇ ਭਾਰੀ ਮੁਕਾਬਲੇਬਾਜ਼ੀ ਨਾਲ ਜੂਝ ਰਹੇ ਹਨ। ਉਥੇ ਹੀ ਮਹਿਲਾਵਾਂ ਸਾਹਮਣੇ ਨੋਟਬੰਦੀ ਤੋਂ ਬਾਅਦ ਆਪਣਾ ਘਰੇਲੂ ਬਜਟ ਸੰਤੁਲਨ ਕਰਨ ਦੀ ਵੱਡੀ ਚੁਣੌਤੀ ਹੈ।  ਅਜਿਹੇ ਵਿਚ ਇਸ ਵਰਗ ਦਾ ਆਕਰਸ਼ਣ ਉਪ ਚੋਣ ਨੂੰ ਲੈ ਕੇ ਜ਼ਿਆਦਾ ਨਜ਼ਰ ਨਹੀਂ ਆ ਰਿਹਾ ਹੈ।


Related News