ਭਾਰਤ-ਪਾਕਿ ਵਿਚਕਾਰ ''ਤਲਖ ਟਿੱਪਣੀਆਂ'' ਤੇ ''ਇਤਿਹਾਸਕ ਫੈਸਲਿਆਂ'' ਦਾ ਗਵਾਹ ਬਣਿਆ ਸਾਲ-2019

01/01/2020 12:29:40 PM

ਗੁਰਦਾਸਪੁਰ (ਹਰਮਨਪ੍ਰੀਤ) : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਦਿਲਚਸਪ ਘਟਨਾਕ੍ਰਮ ਵਿਚੋਂ ਗੁਜ਼ਰ ਕੇ 'ਸਾਲ-2019' ਭਾਰਤ ਅਤੇ ਪਾਕਿਸਤਾਨ ਦਰਮਿਆਨ ਬੇਹੱਦ ਕੁੜੱਤਣ ਅਤੇ ਤਲਖੀ ਦੇ ਬਾਵਜੂਦ ਇਤਿਹਾਸਕ ਵਰਤਾਰਿਆਂ ਦਾ ਗਵਾਹ ਬਣਿਆ ਹੈ। ਦੋਵਾਂ ਦੇਸ਼ਾਂ ਦਰਮਿਆਨ ਹੋਈਆਂ ਜੰਗਾਂ ਦੇ ਕਈ ਸਾਲਾਂ ਬਾਅਦ ਸਾਲ 2019 ਦੌਰਾਨ ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਦੋਵਾਂ ਦੇਸ਼ਾਂ ਦੀ ਤਲਖੀ ਕਾਰਣ ਸਰਹੱਦਾਂ 'ਤੇ ਜੰਗ ਵਰਗੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਹੋਰ ਤੇ ਹੋਰ ਇਨ੍ਹਾਂ ਦੋਵਾਂ ਗੁਆਂਢੀ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਸਮੇਤ ਫੌਜ ਦੇ ਅਧਿਕਾਰੀ ਵੀ ਇਕ ਦੂਜੇ ਨੂੰ ਸਿੱਧੇ-ਅਸਿੱਧੇ ਤੌਰ 'ਤੇ ਪਰਮਾਣੂ ਬੰਬਾਂ ਦੀਆਂ ਧਮਕੀਆਂ ਦਿੰਦੇ ਰਹੇ। ਪੂਰੇ ਸਾਲ ਚੱਲੇ ਇਸ ਸਿਲਸਿਲੇ ਨੇ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੇ ਵਪਾਰ, ਪੱਤਰ ਵਿਹਾਰ/ਡਾਕ, ਕੂਟਨੀਤਿਕ ਸਬੰਧਾਂ ਸਮੇਤ ਹਵਾਈ ਮਾਰਗਾਂ ਦੀ ਵਰਤੋਂ ਤੱਕ ਬੰਦ ਕਰਵਾ ਦਿੱਤੀ ਸੀ ਪਰ ਤਸੱਲੀ ਵਾਲੀ ਗੱਲ ਇਹ ਰਹੀ ਕਿ ਦੋਵਾਂ ਦੇਸ਼ਾਂ ਦੇ ਅਣਸੁਖਾਵੇਂ ਸਬੰਧਾਂ ਦਾ ਪ੍ਰਛਾਵਾ ਕਰਤਾਰਪੁਰ ਸਾਹਿਬ ਲਾਂਘੇ 'ਤੇ ਨਹੀਂ ਪਿਆ।

ਪੁਲਵਾਮਾ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ ਤਲਖੀ ਵਾਲਾ ਮਾਹੌਲ
ਇਸ ਸਾਲ ਜੈਸ਼-ਏ-ਮੁਹੰਮਦ ਵੱਲੋਂ 13 ਫਰਵਰੀ ਨੂੰ ਪੁਲਵਾਮਾ ਨੇੜੇ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹਮਲਾ ਕਰ ਕੇ 42 ਜਵਾਨਾਂ ਨੂੰ ਸ਼ਹੀਦ ਕਰ ਦਿੱਤੇ ਜਾਣ ਦੀ ਹਿੰਸਕ ਘਟਨਾ ਦੇ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਸਖਤ ਰਵੱਈਆ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਹਮਲੇ ਦੇ ਦੋ ਦਿਨਾਂ ਬਾਅਦ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਚਿਤਾਵਨੀ ਦੇ ਦਿੱਤੀ ਸੀ ਕਿ ਜੇਕਰ ਭਾਰਤ ਨੇ ਹਮਲਾ ਕੀਤਾ ਤਾਂ ਪਾਕਿਸਤਾਨ ਚੁੱਪ ਨਹੀਂ ਬੈਠੇਗਾ ਪਰ ਇਸ ਦੇ ਬਾਵਜੂਦ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ 'ਚ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ 'ਤੇ ਹਮਲਾ ਕਰ ਕੇ ਕਰੀਬ 350 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ ਜਿਸ ਕਾਰਣ ਬੌਖਲਾਹਟ 'ਚ ਆਏ ਪਾਕਿਸਤਾਨ ਨੇ ਅਗਲੇ ਦਿਨ ਹੀ ਭਾਰਤੀ ਇਲਾਕੇ ਅੰਦਰ ਆਪਣੇ ਲੜਾਕੂ ਜਹਾਜ਼ ਭੇਜ ਦਿੱਤੇ। ਇਸੇ ਦੌਰਾਨ ਭਾਰਤੀ ਹਵਾਈ ਫੌਜ ਨੇ ਇਕ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਸੁੱਟ ਲਿਆ ਪਰ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਜਹਾਜ਼ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਖੇਤਰ 'ਚ ਚਲੇ ਗਏ ਜਿੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ। ਭਾਵੇਂ ਪਾਕਿਸਤਾਨ ਨੇ ਅਭਿਨੰਦਨ ਨੂੰ ਛੱਡ ਦਿੱਤਾ ਸੀ ਪਰ ਇਸ ਸਮੁੱਚੇ ਘਟਨਾਕ੍ਰਮ ਕਾਰਣ ਦੋਵਾਂ ਦੇਸ਼ਾਂ 'ਚ ਕੁੜੱਤਣ ਵਧਦੀ ਗਈ, ਜਿਸ ਕਾਰਣ ਭਾਰਤ ਨੇ ਪਾਕਿਸਤਾਨ ਨਾਲ ਸਾਰੇ ਸਬੰਧ ਤੋੜਨ ਦਾ ਐਲਾਨ ਕਰ ਦਿੱਤਾ। ਇਸ ਉਪਰੰਤ ਜਦੋਂ ਭਾਰਤ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35-ਏ ਹਟਾਈ ਤਾਂ ਪਾਕਿਸਤਾਨ ਨੇ ਬੌਖਲਾਹਟ 'ਚ ਆ ਕੇ ਇਸ ਦਾ ਵੀ ਵਿਰੋਧ ਕੀਤਾ ਅਤੇ ਪਾਕਿਸਤਾਨ ਦੀਆਂ ਤਲਖ ਟਿੱਪਣੀਆਂ ਨੇ ਵੀ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਕੁੜੱਤਣ ਭਰਨ ਦਾ ਕੰਮ ਕੀਤਾ।
PunjabKesari
ਠੱਪ ਰਿਹਾ ਵਪਾਰ ਅਤੇ ਕਾਰੋਬਾਰ
ਦੋਵਾਂ ਦੇਸ਼ਾਂ ਦਰਮਿਆਨ ਅਟਾਰੀ ਸਰਹੱਦ ਅਤੇ ਪੁੰਛ ਸਥਿਤ ਕੌਮਾਂਤਰੀ ਚੈੱਕ ਪੋਸਟ ਰਾਹੀਂ ਹੋਣ ਵਾਲਾ ਵਪਾਰ ਪੂਰੀ ਤਰ੍ਹਾਂ ਬੰਦ ਰਿਹਾ, ਜਿਸ ਕਾਰਣ ਸੈਂਕੜੇ ਟਰੱਕ ਡਰਾਈਵਰ, ਕੁਲੀ, ਏਜੰਟ ਅਤੇ ਵਪਾਰੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਹੋਰ ਤੇ ਹੋਰ ਦੋਵਾਂ ਦੇਸ਼ਾਂ ਨੇ ਡਾਕ ਸੇਵਾਵਾਂ ਵੀ ਠੱਪ ਕਰ ਦਿੱਤੀਆਂ। ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਮਦਦ ਕਰਨੀ ਬੰਦ ਨਾ ਕੀਤੇ ਜਾਣ ਕਾਰਣ ਭਾਰਤ ਨੇ ਕੂਟਨੀਤਕ ਸਬੰਧ ਵੀ ਤੋੜ ਲਏ। ਇੱਥੋਂ ਤੱਕ ਦੋਵਾਂ ਦੇਸ਼ਾਂ ਦਰਮਿਆਨ ਸਮਝੌਤਾ ਐਕਸਪ੍ਰੈੱਸ ਅਤੇ ਦੋਸਤੀ ਬੱਸ ਵੀ ਬੰਦ ਰਹੀ। ਪਾਕਿਸਤਾਨ ਨੇ ਭਾਰਤ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦਿੱਲੀ ਦੇ ਸਫਾਰਤਖਾਨੇ 'ਚ ਆਪਣਾ ਰਾਜਦੂਤ ਵੀ ਨਹੀਂ ਭੇਜਿਆ। ਏਨਾ ਹੀ ਨਹੀਂ ਪਾਕਿਸਤਾਨ ਨੇ ਆਪਣੇ ਦੇਸ਼ 'ਚੋਂ ਵੀ ਭਾਰਤੀ ਰਾਜਦੂਤ ਨੂੰ ਵਾਪਸ ਭੇਜ ਦਿੱਤਾ ਸੀ। ਭਾਰਤ ਨੇ ਵੀ ਸਖਤ ਰੁਖ ਅਪਣਾਉਂਦੇ ਹੋਏ ਜਿੱਥੇ ਹੋਰ ਗੱਲਬਾਤ ਅਤੇ ਲੈਣ ਦੇਣ ਬੰਦ ਰੱਖਿਆ ਉੱਥੇ ਪਾਕਿਸਤਾਨ ਨੂੰ ਜਾਣ ਵਾਲਾ ਵਾਧੂ ਪਾਣੀ ਵੀ ਰੋਕਣ ਦਾ ਐਲਾਨ ਕਰ ਦਿੱਤਾ। ਪੂਰਾ ਸਾਲ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਦੀਆਂ ਫੌਜਾਂ ਜੰਗਬੰਦੀ ਦੀ ਉਲੰਘਣਾ ਕਰਦੀਆਂ ਰਹੀਆਂ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੀਨੀਅਰ ਨੁਮਾਇੰਦੇ ਸਾਰਾ ਸਾਲ ਇਕ ਦੂਜੇ ਨੂੰ ਕਥਿਤ ਧਮਕੀਆਂ ਦਿੰਦੇ ਰਹੇ।
PunjabKesari
ਕੌੜੇ ਸਬੰਧਾਂ ਦੇ ਬਾਵਜੂਦ ਸਿਰਜਿਆ ਇਤਿਹਾਸ
ਇਕ ਪਾਸੇ ਦੋਵਾਂ ਦੇਸ਼ਾਂ 'ਚ ਕੌੜੇ ਸਬੰਧਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਦੂਜੇ ਪਾਸੇ ਏਨੀ ਕੁੜੱਤਣ ਹੋਣ ਦੇ ਬਾਵਜੂਦ ਦੋਵਾਂ ਦੇਸ਼ਾਂ ਵੱਲੋਂ ਸਮਝੌਤਾ ਕਰ ਕੇ ਉਸਾਰੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਨਾ ਸਿਰਫ ਜਾਰੀ ਰਿਹਾ ਸਗੋਂ ਦੋਵਾਂ ਦੇਸ਼ਾਂ ਨੇ ਨਿਰਧਾਰਤ ਸਮੇਂ 'ਤੇ ਹੀ 9 ਨਵੰਬਰ ਨੂੰ ਇਸ ਲਾਂਘੇ ਦਾ ਉਦਘਾਟਨ ਕਰ ਕੇ ਇਤਿਹਾਸ ਸਿਰਜਿਆ ਹੈ। ਭਾਵੇਂ ਹੋਰ ਮੁੱਦੇ ਤਾਂ ਦੋਵਾਂ ਦੇਸ਼ਾਂ ਦਰਮਿਆਨ ਚੰਗੇ ਸਬੰਧ ਸਥਾਪਤ ਨਹੀਂ ਕਰ ਸਕੇ ਪਰ ਹੁਣ ਜਦੋਂ ਇਹ ਲਾਂਘਾ ਸ਼ੁਰੂ ਹੋਇਆ ਹੈ ਤਾਂ ਇਕ ਵਾਰ ਫਿਰ ਪੂਰੀ ਦੁਨੀਆ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਸ ਨਵੇਂ ਸਾਲ ਦੌਰਾਨ ਇਕ ਚੰਗੀ ਸ਼ੁਰੂਆਤ ਹੋਣ ਦੀ ਉਮੀਦ ਦਿਖਾਈ ਦਿੱਤੀ ਹੈ।

PunjabKesari


Baljeet Kaur

Content Editor

Related News