ਪੰਜਾਬ ਪੁਲਸ ਦਾ ਕਾਂਸਟੇਬਲ ਬਣਿਆ ਫਲਾਇੰਗ ਅਫ਼ਸਰ, ਸੱਚ ਕੀਤਾ ਸੁਫ਼ਨਾ, DGP ਨੇ ਤਾਰੀਫ਼ਾਂ ਦੇ ਬੰਨ੍ਹੇ ਪੁਲ
Tuesday, Dec 02, 2025 - 12:39 PM (IST)
ਮੋਹਾਲੀ (ਜਸਬੀਰ ਜੱਸੀ) : ਪੰਜਾਬ ਪੁਲਸ ਦੇ ਇੱਕ ਨੌਜਵਾਨ ਕਾਂਸਟੇਬਲ ਨੇ ਇੱਕ ਅਜਿਹਾ ਸੁਫ਼ਨਾ ਪੂਰਾ ਕੀਤਾ ਹੈ, ਜਿਸਦੀ ਬਹੁਤ ਸਾਰੇ ਇੱਛਾ ਰੱਖਦੇ ਹਨ ਪਰ ਕੁੱਝ ਹੀ ਪੂਰਾ ਕਰ ਪਾਉਂਦੇ ਹਨ। ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ (22) ਇਸ ਸਮੇਂ ਮੋਹਾਲੀ 'ਚ ਤਾਇਨਾਤ ਹੈ। ਉਸ ਨੇ ਵੱਕਾਰੀ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਇੰਟਰਵਿਊ ਪਾਸ ਕਰ ਲਈ ਹੈ ਅਤੇ ਉਸਨੂੰ ਹੁਣ ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਬ੍ਰਾਂਚ ਲਈ ਚੁਣਿਆ ਗਿਆ ਹੈ। ਉਹ ਜਲਦੀ ਹੀ ਫਲਾਇੰਗ ਅਫ਼ਸਰ ਵਜੋਂ ਸਿਖਲਾਈ ਲਈ ਏਅਰ ਫੋਰਸ ਅਕੈਡਮੀ 'ਚ ਸ਼ਾਮਲ ਹੋਵੇਗਾ। ਰੋਪੜ ਜ਼ਿਲ੍ਹੇ ਦੇ ਰਹਿਣ ਵਾਲਾ ਗੁਰਸਿਮਰਨ ਸਿੰਘ ਬੈਂਸ ਅਗਸਤ 2022 'ਚ ਪੰਜਾਬ ਪੁਲਸ 'ਚ ਸ਼ਾਮਲ ਹੋਇਆ ਸੀ ਪਰ ਆਪਣੀ ਖ਼ਾਕੀ ਵਰਦੀ ਦੇ ਪਿੱਛੇ ਉਸਨੇ ਹਮੇਸ਼ਾ ਅਸਮਾਨ 'ਚ ਉੱਡਣ ਦੀ ਇੱਛਾ ਨੂੰ ਪਾਲਿਆ। ਉਸਦੀ ਚੋਣ ਸਾਲਾਂ ਦੀ ਸਮਰਪਿਤ ਤਿਆਰੀ ਅਤੇ ਲਗਨ ਤੋਂ ਬਾਅਦ ਹੋਈ ਹੈ। ਇਹ ਐੱਸ. ਐੱਸ. ਬੀ. 'ਚ ਉਸਦੀ ਚੌਥੀ ਕੋਸ਼ਿਸ਼ ਸੀ।
ਗੁਰਸਿਮਰਨ ਨੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਆਫ਼ ਆਰਟਸ ਪੂਰੀ ਕੀਤੀ। ਉਹ ਮੈਰੀਟੋਰੀਅਸ ਸਕੂਲ, ਮੋਹਾਲੀ ਦਾ ਸਾਬਕਾ ਵਿਦਿਆਰਥੀ ਹੈ, ਜਿੱਥੋਂ ਉਸਨੇ ਸ਼ਾਨਦਾਰ ਪ੍ਰਦਰਸ਼ਨ ਨਾਲ 10ਵੀਂ ਅਤੇ 12ਵੀਂ ਜਮਾਤ ਪਾਸ ਕੀਤੀ। ਉਸਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (AFCAT) ਵੀ 143 ਦੇ ਸਕੋਰ ਨਾਲ ਪਾਸ ਕੀਤਾ, ਜਿਸਨੇ ਉਸਨੂੰ ਐੱਸ. ਐੱਸ. ਬੀ. ਲਈ ਕੁਆਲੀਫਾਈ ਕੀਤਾ। ਉਸ ਲਈ ਆਪਣੇ ਸੁਫ਼ਨੇ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਬੈਂਸ ਨੇ ਪਹਿਲਾਂ ਐੱਨ. ਡੀ. ਏ. ਅਤੇ ਤਕਨੀਕੀ ਸ਼ਾਖਾਵਾਂ ਰਾਹੀਂ ਦਾਖ਼ਲੇ ਦੀ ਕੋਸ਼ਿਸ਼ ਕੀਤੀ ਸੀ ਪਰ ਚੋਣ 'ਚ ਥੋੜ੍ਹਾ ਜਿਹਾ ਖੁੰਝ ਗਿਆ। ਉਸਨੇ ਕਿਹਾ ਕਿ ਅਸਫ਼ਲਤਾਵਾਂ ਨੇ ਮੈਨੂੰ ਕਦੇ ਨਿਰਾਸ਼ ਨਹੀਂ ਕੀਤਾ। ਹਰ ਕੋਸ਼ਿਸ਼ ਨੇ ਮੈਨੂੰ ਹੋਰ ਸਿਖਾਇਆ ਅਤੇ ਭਾਰਤੀ ਹਵਾਈ ਫ਼ੌਜ 'ਚ ਸ਼ਾਮਲ ਹੋਣ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ 5 ਦਿਨਾਂ ਤੋਂ ਸਰਕਾਰੀ ਬੱਸਾਂ ਬੰਦ, ਅੱਜ ਖੁੱਲ੍ਹੇਗੀ ਹੜਤਾਲ ਜਾਂ ਰਹੇਗਾ ਚੱਕਾ ਜਾਮ? ਪੜ੍ਹੋ ਤਾਜ਼ਾ ਅਪਡੇਟ
ਡੀ. ਜੀ. ਪੀ. ਨੇ ਸਾਂਝੀ ਕੀਤੀ ਖ਼ੁਸ਼ੀ
ਗੁਰਸਿਮਰਨ ਸਿੰਘ ਬੈਂਸ ਦੀ ਕਾਮਯਾਬੀ 'ਤੇ ਡੀ. ਜੀ. ਪੀ. ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਤੇ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਡੇ ਸੁਫ਼ਨੇ ਦੇਖੋ, ਸਖ਼ਤ ਮਿਹਨਤ ਕਰੋ ਅਤੇ ਕਦੇ ਹਾਰ ਨਾ ਮੰਨੋ, ਇਹੀ ਮਹਾਨਤਾ ਦੀ ਰਾਹ ਹੈ। ਗੁਰਸਿਮਰਨ ਸਿੰਘ ਦੀ ਇਹ ਸਫ਼ਲਤਾ ਨਾ ਸਿਰਫ ਉਸ ਦੇ ਪਰਿਵਾਰ ਲਈ, ਸਗੋਂ ਪੂਰੇ ਪੰਜਾਬ ਪੁਲਸ ਦੀ ਮਾਣ ਦਾ ਪਲ ਹੈ। ਉਨ੍ਹਾਂ ਲਿਖਿਆ ਕਿ ਗੁਰਸਿਮਰਨ ਦੀ ਯਾਤਰਾ ਇਹ ਸਾਬਤ ਕਰਦੀ ਹੈ ਕਿ ਜਿਹੜੇ ਨੌਜਵਾਨ ਆਪਣੀ ਮੰਜ਼ਿਲ ਨੂੰ ਨਿਸ਼ਾਨਾ ਬਣਾ ਕੇ ਅਨੁਸ਼ਾਸਨ, ਫੋਕਸ ਅਤੇ ਮਿਹਨਤ ਨਾਲ ਅੱਗੇ ਵੱਧਦੇ ਹਨ, ਉਹ ਯਕੀਨੀ ਤੌਰ 'ਤੇ ਅੰਬਰ ਨੂੰ ਛੂਹ ਲੈਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
