ਪਾਕਿ ''ਚ ਧਰਮ ਤਬਦੀਲ ਕਰ ਨਿਕਾਹ ਕਰਵਾਉਣ ਵਾਲੀ ਸਰਬਜੀਤ ਦੀ ਵਧੀਆ ਮੁਸ਼ਕਲਾਂ

Wednesday, Nov 26, 2025 - 08:23 PM (IST)

ਪਾਕਿ ''ਚ ਧਰਮ ਤਬਦੀਲ ਕਰ ਨਿਕਾਹ ਕਰਵਾਉਣ ਵਾਲੀ ਸਰਬਜੀਤ ਦੀ ਵਧੀਆ ਮੁਸ਼ਕਲਾਂ

ਲਾਹੌਰ, (ਸਰਬਜੀਤ ਸਿੰਘ ਬਨੂੜ)- ਭਾਰਤ ਤੋਂ ਪਿਲਗ੍ਰਿਮੇਜ ਵੀਜ਼ਾ ‘ਤੇ ਪਾਕਿਸਤਾਨ ਆਈ ਇੱਕ ਸਿੱਖ ਔਰਤ ਦੇ ਮਜਹਬ-ਬਦਲਾਅ ਅਤੇ ਨਿਕਾਹ ਦੇ ਮਾਮਲੇ ਨੇ ਨਵਾਂ ਵਿਵਾਦ ਖੜ੍ਹਾ ਕਰ ਦਿਤਾ ਹੈ। ਇਸ ਘਟਨਾ ਦੇ ਖ਼ਿਲਾਫ਼ ਨਨਕਾਣਾ ਸਾਹਿਬ ਦੇ ਸਿੱਖ ਆਗੂ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਰਾਹੀਂ ਦਾਇਰ ਹੋਈ ਹੈ। ਜਿਸ ਵਿੱਚ ਭਾਰਤੀ ਸਿੱਖ ਯਾਤਰੀ ਵੱਲੋਂ ਵੀਜ਼ਾ ਨਿਯਮ ਤੋੜੇ ਜਾਣ ਅਤੇ ਗੈਰਕਾਨੂੰਨੀ ਤੌਰ ‘ਤੇ ਪਾਕਿਸਤਾਨ ਵਿੱਚ ਰਹਿ ਰਹੀ ਹੋਣ ਦੇ ਦੋਸ਼ ਲਗਾਏ ਗਏ ਹਨ। ਇਹ ਅਰਜ਼ੀ ਮਹਿੰਦਰ ਪਾਲ ਸਿੰਘ (ਸਾਬਕਾ ਮੈਂਬਰ ਪੰਜਾਬ ਅਸੈਂਬਲੀ ਅਤੇ ਸਾਬਕਾ ਪਾਰਲੀਮੈਂਟਰੀ ਸਕੱਤਰ ਤੇ ਹਿਊਮਨ ਰਾਈਟਸ ਐਂਡ ਮਾਇਨਾਰਿਟੀ ਅਫੇਅਰਜ਼) ਨੇ ਦਾਇਰ ਕੀਤੀ ਹੈ। ਇਸ ਵਿੱਚ ਫੈਡਰਲ ਹਕੂਮਤ, ਵਜ਼ਾਰਤ-ਏ-ਦਾਖ਼ਲਾ, ਐੱਫ਼. ਆਈ. ਏ. ਅਤੇ ਹਕੂਮਤ-ਏ-ਪੰਜਾਬ ਨੂੰ ਜਵਾਬਦੇਹੀ ਲਈ ਨਾਂਜ਼ਦ ਕੀਤਾ ਗਿਆ ਹੈ।

PunjabKesari

ਅਰਜ਼ੀ ਮੁਤਾਬਕ, ਮੁਕਤਸਰ ਜ਼ਿਲ੍ਹੇ (ਭਾਰਤ, ਪੰਜਾਬ) ਦੀ ਰਹਿਣ ਵਾਲੀ ਸਰਬਜੀਤ ਕੌਰ ਨੇ 4 ਨਵੰਬਰ 2025 ਨੂੰ 10 ਦਿਨਾਂ ਦੇ ਸਿੰਗਲ-ਐਂਟਰੀ ਧਾਰਮਿਕ ਵੀਜ਼ੇ ‘ਤੇ ਪਾਕਿਸਤਾਨ ਦਾਖ਼ਲ ਹੋਈ ਸੀ। ਜਿਸ ਦੀ ਮਿਆਦ 13 ਨਵੰਬਰ ਤੱਕ  ਸੀ ਅਤੇ ਉਸਦੀ ਆਵਾਜਾਈ ਸਿਰਫ਼ ਨਨਕਾਣਾ ਸਾਹਿਬ, ਕਰਤਾਰਪੁਰ ਆਦਿ ਨਿਰਧਾਰਿਤ ਧਾਰਮਿਕ ਸਥਾਨਾਂ ਤੱਕ ਸੀਮਿਤ ਸੀ।

ਪਟੀਸ਼ਨਰ ਦੇ ਮੁਤਾਬਕ, ਸਰਬਜੀਤ ਕੌਰ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਿਤ ਯਾਤਰਾ-ਰੂਟ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਵਿੱਚ ਗੈਰਕਾਨੂੰਨੀ ਤੌਰ ‘ਤੇ ਰਹਿ ਰਹੀ ਹੈ, ਜੋ ਸਪਸ਼ਟ ਤੌਰ ‘ਤੇ ਕਾਨੂੰਨ ਦੀ ਉਲੰਘਣਾ ਹੈ। ਅਰਜ਼ੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਰਬਜੀਤ ਕੌਰ ‘ਤੇ ਭਾਰਤ ਦੇ ਬਠਿੰਡਾ ਅਤੇ ਕਪੂਰਥਲਾ ਸ਼ਹਿਰਾਂ ਵਿੱਚ ਧੋਖਾਧੜੀ ਅਤੇ ਫ਼ਰੇਬ ਦੇ ਮਾਮਲੇ ਦਰਜ ਹਨ। ਇਸ ਲਈ ਉਸਨੂੰ ਵੀਜ਼ਾ ਜਾਰੀ ਕੀਤਾ ਜਾਣਾ, ਬਾਰਡਰ ਕਲੀਅਰੰਸ ਅਤੇ ਪਾਕਿਸਤਾਨ ਦੇ ਅੰਦਰ ਆਜ਼ਾਦੀ ਨਾਲ ਘੁੰਮਫਿਰ ਕਰਨਾ ਗੰਭੀਰ ਕਾਨੂੰਨੀ ਅਤੇ ਸੁਰੱਖਿਆ ਸਮੱਸਿਆਵਾਂ ਪੈਦਾ ਕਰਦੇ ਹਨ।

ਜਗਬਾਣੀ ਨਾਲ ਲਾਹੌਰ ਅਦਾਲਤ ਵਿੱਚੋਂ ਵਿਸ਼ੇਸ਼ ਗੱਲਬਾਤ ਕਰਦਿਆਂ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਬਜੀਤ ਕੌਰ ਨੂੰ ਗੈਰਕਾਨੂੰਨੀ ਵਿਦੇਸ਼ੀ ਘੋਸ਼ਿਤ ਕੀਤਾ ਜਾਵੇ। ਉਸਦੀ ਤੁਰੰਤ ਡਿਪੋਰਟੇਸ਼ਨ ਦਾ ਹੁਕਮ ਦਿੱਤਾ ਜਾਵੇ ਤੇ ਐੱਫ਼. ਆਈ. ਏ. ਨੂੰ ਇਹ ਜਾਂਚ ਦਾ ਹੁਕਮ ਦਿੱਤਾ ਜਾਵੇ ਕਿ ਬਿਨਾਂ ਢੰਗ ਨਾਲ ਬੈਕਗ੍ਰਾਊਂਡ ਚੈੱਕ ਕੀਤੇ ਵੀਜ਼ਾ ਕਿਵੇਂ ਜਾਰੀ ਕੀਤਾ ਗਿਆ। ਧਾਰਮਿਕ ਵੀਜ਼ਿਆਂ ਲਈ ਸਖ਼ਤ ਨਿਯਮ ਬਣਾਏ ਜਾਣ ਅਤੇ ਯਾਤਰੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ ਨਿਗਰਾਨੀ ਮਕੈਨਿਜ਼ਮ ਤਿਆਰ ਕੀਤਾ ਜਾਵੇ। ਪਟੀਸ਼ਨ ਵਿੱਚ ਇਹ ਦਰਸਾਇਆ ਗਿਆ ਹੈ ਕਿ ਪਿਲਗ੍ਰਿਮੇਜ ਵੀਜ਼ੇ ‘ਤੇ ਆਉਣ ਵਾਲਾ ਕੋਈ ਵੀ ਯਾਤਰੀ ਨਿਕਾਹ, ਮਜਹਬ-ਤਬਦੀਲੀ, ਰਹਾਇਸ਼ ਜਾਂ ਕਿਸੇ ਵੀ ਤਰ੍ਹਾਂ ਦੀ ਲੰਬੀ ਮਿਆਦ ਵਾਲੀ ਕਾਨੂਨੀ ਹਸਤੀ ਹਾਸਲ ਨਹੀਂ ਕਰ ਸਕਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਯਾਤਰਾਵਾਂ ਦੀ ਸੁਰੱਖਿਆ, ਕਰਤਾਰਪੁਰ ਕੌਰਿਡੋਰ ਅਤੇ ਦੋਨੋਂ ਦੇਸ਼ਾਂ ਦੇ ਭਰੋਸੇ ‘ਤੇ ਅਸਰ ਪਾ ਸਕਦੀਆਂ ਹਨ। ਔਰਤ ਦੇ ਸੰਭਾਵਤ ਤੌਰ ‘ਤੇ ਦਬਾਅ, ਗੈਰ-ਕਾਨੂੰਨੀ ਹਿਰਾਸਤ ਜਾਂ ਮਾਨਸਿਕ ਦਬਾਅ ਦਾ ਸ਼ਿਕਾਰ ਹੋਣ ਦੀ ਚਿੰਤਾ ਜਤਾਈ ਗਈ ਹੈ।


author

Rakesh

Content Editor

Related News