ਦੁੱਧ ਸਪਲਾਈ ਕਰਨ ਲਈ ਡਿਪਟੀ ਕਮਿਸ਼ਨਰ ਨੇ ਨਿਰਧਾਰਿਤ ਕੀਤਾ ਸਮਾਂ

Monday, Mar 23, 2020 - 09:41 PM (IST)

ਦੁੱਧ ਸਪਲਾਈ ਕਰਨ ਲਈ ਡਿਪਟੀ ਕਮਿਸ਼ਨਰ ਨੇ ਨਿਰਧਾਰਿਤ ਕੀਤਾ ਸਮਾਂ

ਗੁਰਦਾਸਪੁਰ,(ਹਰਮਨ) : ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਓ ਨੂੰ ਮੱਦੇਨਜ਼ਰ ਰੱਖਦੇ ਲੋਕ ਹਿੱਤ ਲਈ ਜ਼ਿਲੇ ਅੰਦਰ ਕਰਫਿਊ ਲਗਾਇਆ ਗਿਆ ਹੈ, ਇਸ ਲਈ ਲੋਕ ਘਰਾਂ ਵਿਚ ਹੀ ਰਹਿਣ। ਉਨ੍ਹਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜ਼ਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਹਿਫਾਜ਼ਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਤੋਂ ਵੱਧ ਤੋਂ ਵੱਧ ਬਚਾਓ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦੁੱਧ ਵਾਲੀਆਂ ਡੇਅਰੀਆਂ ਨਹੀਂ ਖੁੱਲਣਗੀਆਂ ਪਰ ਜੋ ਦੋਧੀ ਘਰ-ਘਰ ਦੁੱਧ ਦੇਣ ਜਾਂਦੇ ਹਨ, ਉਹ ਸਵੇਰੇ 5 ਵਜੇ ਤੋਂ 8 ਵਜੇ ਤਕ ਦੁੱਧ ਘਰ-ਘਰ ਲੋਕਾਂ ਨੂੰ ਪੁੱਜਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਤੇ ਅਮੁਲ ਦੁੱਧ ਦੇ ਬੂਥ ਨਹੀਂ ਖੁੱਲਣਗੇ ਪਰ ਉਨ੍ਹਾਂ ਵਲੋ ਲੋਕਾਂ ਨੂੰ ਖੁਦ ਘਰ-ਘਰ ਜਾ ਕੇ ਦੁੱਧ ਪੁੱਜਦਾ ਕੀਤਾ ਜਾਵੇਗਾ।

ਅਖਬਾਰਾਂ ਦੇ ਹਾਕਰ ਵੀ ਸਵੇਰੇ 7 ਵਜੇ ਤੋਂ ਪਹਿਲਾਂ ਅਖਬਾਰਾਂ ਘਰਾਂ ਤਕ ਪੁੱਜਦੀਆਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਘਰੇਲੂ ਵਸਤਾਂ ਸਮੇਤ ਲੋੜਵੰਦ ਲੋਕਾਂ ਤਕ ਜ਼ਰੂਰਤ ਵਾਲ ਸਮਾਨ ਪੁੱਜਦਾ ਕਰਨ ਲਈ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤੇ ਗਏ ਹਨ ਤੇ ਲੋੜ ਪੈਣ 'ਤੇ ਲੋਕਾਂ ਨੂੰ ਘਰਾਂ ਤਕ ਸਮਾਨ ਪੁੱਜਦਾ ਕੀਤਾ ਜਾਵੇਗਾ। ਲੋਕ ਘਬਰਾਉਣ ਨਾ ਸਗੋਂ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਘਰਾਂ 'ਚ ਰਹਿਣ ਨੂੰ ਤਰਜੀਹ ਦੇਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਕਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀ ਹੈ ਪਰ ਫਿਰ ਵੀ ਸਾਨੂੰ ਸਾਵਧਾਨੀ ਵਰਤਦਿਆਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਸਖ਼ਤ ਸਬਦਾਂ 'ਚ ਕਿਹਾ ਕਿ ਹਦਾਇਤਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲੇ ਅੰਦਰ 2079 ਲੋਕ ਵਿਦੇਸ਼ 'ਚੋਂ ਆਏ ਸਨ, ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਘਰ ਵਿਚ ਏਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਜਿਲੇ ਵਿਚ ਤਾਇਨਾਤ 228 ਕਾਰਜਕਾਰੀ ਮੈਜਿਸਟਰੇਟਾਂ ਵਲੋਂ ਇਨ੍ਹਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।


author

Deepak Kumar

Content Editor

Related News