ਪੰਜਾਬ ''ਚ ਡਿਪਟੀ CM ਲਾਉਣ ਬਾਰੇ ਨਵੀਂ ਅਪਡੇਟ, ਭਗਵੰਤ ਮਾਨ ਤੇ ਦਿੱਲੀ ਹਾਈਕਮਾਂਡ ਵਿਚਾਲੇ ਖਿੱਚੋਤਾਣ!

Wednesday, Feb 18, 2026 - 11:20 AM (IST)

ਪੰਜਾਬ ''ਚ ਡਿਪਟੀ CM ਲਾਉਣ ਬਾਰੇ ਨਵੀਂ ਅਪਡੇਟ, ਭਗਵੰਤ ਮਾਨ ਤੇ ਦਿੱਲੀ ਹਾਈਕਮਾਂਡ ਵਿਚਾਲੇ ਖਿੱਚੋਤਾਣ!

ਚੰਡੀਗੜ੍ਹ: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿਚ ਇਕ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਰਣਨੀਤਕ ਯੋਜਨਾ ਫਿਲਹਾਲ ਰੁਕ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਲੀਡਰਸ਼ਿਪ ਵਿਚ ਆਪਸੀ ਮਤਭੇਦ ਅਤੇ ਦੋ ਸੀਨੀਅਰ ਮੰਤਰੀਆਂ ਵਿਚਾਲੇ ਖਿੱਚੋਤਾਣ ਇਸ ਫੈਸਲੇ ਵਿਚ ਦੇਰੀ ਦਾ ਮੁੱਖ ਕਾਰਨ ਬਣੀ ਹੈ।

ਜ਼ਿਕਰਯੋਗ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ 2017 ਦੀਆਂ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਸਰਕਾਰ ਬਣਨ 'ਤੇ ਦਲਿਤ ਭਾਈਚਾਰੇ 'ਚੋਂ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ। ਇਸ ਦਾ ਮੁੱਖ ਮਕਸਦ ਸੂਬੇ ਦੀ ਲਗਭਗ 32.5 ਫੀਸਦੀ ਅਨੁਸੂਚਿਤ ਜਾਤੀ ਵੋਟ ਬੈਂਕ ਨੂੰ ਪਾਰਟੀ ਨਾਲ ਜੋੜਨਾ ਸੀ। ਹਾਲਾਂਕਿ, ਹੁਣ ਜਦੋਂ ਪਾਰਟੀ ਇਸ ਵਾਅਦੇ ਨੂੰ ਅਮਲੀ ਰੂਪ ਦੇਣ ਦੀ ਤਿਆਰੀ ਵਿਚ ਸੀ, ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਸਥਿਤ ਹਾਈਕਮਾਂਡ ਵਿਚਾਲੇ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ।

ਉਮੀਦਵਾਰਾਂ ਨੂੰ ਲੈ ਕੇ ਫਸਿਆ ਪੇਚ 

ਇਸ ਅਹੁਦੇ ਲਈ ਦੋ ਪ੍ਰਮੁੱਖ ਨਾਂ ਚਰਚਾ ਵਿਚ ਹਨ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ। ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਚੀਮਾ ਨੂੰ ਪਾਰਟੀ ਦੇ ਸੰਕਟ ਮੋਚਨ ਅਤੇ ਪ੍ਰਭਾਵਸ਼ਾਲੀ ਵਿੱਤ ਮੰਤਰੀ ਵਜੋਂ ਦੇਖਿਆ ਜਾਂਦਾ ਹੈ, ਉੱਥੇ ਹੀ ਮੁੱਖ ਮੰਤਰੀ ਮਾਨ ਡਾ. ਬਲਜੀਤ ਕੌਰ ਦੇ ਨਾਂ ਦੀ ਵਕਾਲਤ ਕਰ ਰਹੇ ਹਨ। ਸਬੰਧਤ ਪੱਖਾਂ ਵਿਚਾਲੇ ਕਿਸੇ ਇੱਕ ਨਾਂ 'ਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਮਾਮਲਾ ਫਿਲਹਾਲ ਰੁਕ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਬਾਰੇ ਮਹਾਸ਼ਿਵਰਾਤਰੀ ਵਾਲੇ ਦਿਨ ਧੂਰੀ ਵਿਚ ਦਿੱਲੀ ਹਾਈਕਮਾਂਡ ਦੇ ਆਗੂਆਂ ਅਤੇ ਮੁੱਖ ਮੰਤਰੀ ਵਿਚਾਲੇ ਚਰਚਾ ਹੋਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਤਬੀਅਤ ਖ਼ਰਾਬ ਹੋ ਗਈ ਤੇ ਉਹ ਫੋਰਟਿਸ ਹਸਪਤਾਲ ਵਿਚ ਦਾਖ਼ਲ ਹੋ ਗਏ। ਇਸ ਮਗਰੋਂ ਉਹ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੋਗਾ ਰੈਲੀ ਵਿਚ ਪਹੁੰਚੇ ਤੇ ਉਸੇ ਸ਼ਾਮ ਨੂੰ ਮੁੜ ਤੋਂ ਸਿਹਤ ਖ਼ਰਾਬ ਹੋਣ ਕਾਰਨ ਫੋਰਟਿਸ ਹਸਪਤਾਲ ਵਿਚ ਦਾਖ਼ਲ ਹੋ ਗਏ। 

ਸੰਜੀਵ ਅਰੋੜਾ ਦੇ ਨਾਂ ਦੀ ਵੀ ਚਰਚਾ

ਮੀਡੀਆ ਰਿਪੋਰਟਾਂ ਮੁਤਾਬਕ, ਦਲਿਤ ਉਪ ਮੁੱਖ ਮੰਤਰੀ ਦੇ ਨਾਲ-ਨਾਲ ਸੂਬੇ ਵਿਚ ਇਕ ਉਪ-ਮੁੱਖ ਮੰਤਰੀ ਹਿੰਦੂ ਭਾਈਚਾਰੇ ਤੋਂ ਵੀ ਲਾਇਆ ਜਾ ਸਕਦਾ ਹੈ। ਇਸ ਲਈ ਸੰਜੀਵ ਅਰੋੜਾ ਦੇ ਨਾਂ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ, ਅੰਤਿਮ ਫ਼ੈਸਲੇ ਲਈ ਮੁੱਖ ਮੰਤਰੀ ਦੇ ਤੰਦਰੁਸਤ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਇਸ ਬਾਰੇ ਤਸਵੀਰ ਸਾਫ਼ ਹੋਵੇਗੀ। ਫਿਲਹਾਲ, ਪਾਰਟੀ ਦੇ ਸੀਨੀਅਰ ਆਗੂਆਂ ਅਨੁਸਾਰ ਉਮੀਦਵਾਰ ਦੀ ਚੋਣ 'ਤੇ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ ਅਤੇ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਵਿਚਾਲੇ ਵਿਚਾਰ-ਵਟਾਂਦਰਾ ਅਜੇ ਵੀ ਜਾਰੀ ਹੈ।


author

Anmol Tagra

Content Editor

Related News