ਜ਼ਮੀਨੀ ਮਾਮਲੇ ''ਚ ਪੰਚਾਇਤ ''ਤੇ ਲਾਏ ਪੱਖਪਾਤ ਦੇ ਦੋਸ਼

Monday, Jun 11, 2018 - 05:09 AM (IST)

ਸ੍ਰੀ ਚਮਕੌਰ ਸਾਹਿਬ,   (ਕੌਸ਼ਲ)-  ਪਿੰਡ ਕਮਾਲਪੁਰ ਦੀ ਤਿੰਨ ਕਨਾਲ ਜ਼ਮੀਨ ਸਬੰਧੀ ਪਏ ਰੌਲੇ 'ਚ ਪੰਚਾਇਤ 'ਤੇ ਪੱਖਪਾਤ ਦਾ ਦੋਸ਼ ਲੱਗਾ ਹੈ। ਮਾਮਲੇ ਦੀ ਜਾਂਚ ਡੀ. ਐੱਸ. ਪੀ. ਸ੍ਰੀ ਚਮਕੌਰ ਸਾਹਿਬ ਨੇ ਸ਼ੁਰੂ ਕਰ ਦਿੱਤੀ ਹੈ।  ਦਰਸ਼ਨ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਮੇਰੇ ਤੇ ਮੇਰੇ ਭਰਾਵਾਂ ਦੀ ਤਿੰਨ ਕਨਾਲ ਜ਼ਮੀਨ ਹੈ ਤੇ ਉਸ 'ਤੇ ਮੌਜੂਦਾ ਪੰਚਾਇਤ ਪੱਖਪਾਤ ਕਰਕੇ ਅਮਰਜੀਤ ਸਿੰਘ ਆਦਿ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਪੰਚਾਇਤ ਨੇ ਦੂਜੀ ਧਿਰ ਦੇ ਵਿਅਕਤੀਆਂ ਨਾਲ ਮਿਲ ਕੇ ਡੀ. ਐੱਸ. ਪੀ. ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਚ ਮੇਰੇ ਵਿਰੁੱਧ ਇਕ ਅਰਜ਼ੀ ਦਿੱਤੀ ਹੈ, ਜਿਸ ਵਿਚ ਉਨ੍ਹਾਂ ਮੇਰੇ 'ਤੇ ਦੋਸ਼ ਲਾਇਆ ਕਿ ਮੈਂ ਸਬੰਧਤ ਜ਼ਮੀਨ 'ਤੇ ਅਪਣੇ ਭਰਾਵਾਂ ਸਮੇਤ ਧੱਕੇ ਨਾਲ ਕਾਬਜ਼ ਹੋ ਰਿਹਾ ਹਾਂ, ਜੋ ਕਿ ਸਰਾਸਰ ਝੂਠ ਹੈ। 
ਦਰਸ਼ਨ ਸਿੰਘ ਨੇ ਕਿਹਾ ਕਿ ਇਹ ਜ਼ਮੀਨ 1965 ਵਿਚ ਸਾਡੇ ਪਿਤਾ ਨੇ ਖਰੀਦ ਕੇ ਸਾਡੇ ਨਾਂ ਕਰਵਾਈ ਸੀ, ਜਿਸ ਦੀ ਰਜਿਸਟਰੀ ਦੀ ਕਾਪੀ ਮੇਰੇ ਕੋਲ ਮੌਜੂਦ ਹੈ। ਇਹ ਜ਼ਮੀਨ ਲਾਲ ਲਕੀਰ ਦੇ ਅੰਦਰ ਨੰਬਰੀ ਜ਼ਮੀਨ ਹੈ ਤੇ ਇਸ ਦਾ ਕਬਜ਼ਾ ਵੀ ਸਾਡੇ ਕੋਲ ਹੈ। ਸਰਪੰਚ ਤੇ ਪੰਚਾਇਤ ਦੂਜੀ ਧਿਰ ਦਾ ਨਾਜਾਇਜ਼ ਸਾਥ ਦੇ ਰਹੀ ਹੈ। 
ਉਧਰ ਜਦੋਂ ਇਸ ਸਬੰਧੀ ਸਰਪੰਚ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਅਤੇ ਪੰਚਾਇਤ 'ਤੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਇਹ ਮਾਮਲਾ ਦੋਵਾਂ ਧਿਰਾਂ ਵਲੋਂ ਜ਼ਮੀਨੀ ਕਬਜ਼ੇ ਨੂੰ ਲੈ ਕੇ ਸਾਡੇ ਕੋਲ ਆਇਆ ਸੀ। ਅਮਰਜੀਤ ਆਦਿ ਕੋਲ 1972 ਦੀ ਰਜਿਸਟਰੀ ਹੈ, ਜੋ ਕਿ ਜਾਇਜ਼ ਹੈ ਤੇ ਅਸੀਂ ਇਨ੍ਹਾਂ ਦਾ ਫੈਸਲਾ ਕਰਵਾ ਕੇ ਇੱਟਾਂ ਵੀ ਲਵਾ ਦਿੱਤੀਆਂ ਸਨ ਪਰ ਦਰਸ਼ਨ ਸਿੰਘ ਤੇ ਉਸ ਦੇ ਸਾਥੀ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਹਨ। ਅਸੀਂ ਦੋਵਾਂ ਧਿਰਾਂ ਵਿਚ ਝਗੜਾ ਹੋਣ ਦੇ ਡਰੋਂ ਉਪਰੋਕਤ ਅਧਿਕਾਰੀ ਨੂੰ ਮੌਕਾ ਦੇਖਣ ਲਈ ਬੇਨਤੀ ਕੀਤੀ ਹੈ। 
ਉਧਰ ਇਸ ਸਬੰਧੀ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਮੌਕਾ ਦੇਖ ਲਿਆ ਗਿਆ ਹੈ ਤੇ ਨਿਯਮਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।


Related News