ਸੀਰੀਅਲ ਕਿਲਰ ਮੋਨੂੰ ਖ਼ਿਲਾਫ਼ ਦੋਸ਼ ਤੈਅ

Thursday, Sep 19, 2024 - 02:05 PM (IST)

ਸੀਰੀਅਲ ਕਿਲਰ ਮੋਨੂੰ ਖ਼ਿਲਾਫ਼ ਦੋਸ਼ ਤੈਅ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 55 ਸਾਲਾ ਔਰਤ ਦੇ ਕਤਲ ਦੇ ਮੁਲਜ਼ਮ ਸੀਰੀਅਲ ਕਿਲਰ ਮੋਨੂੰ ਕੁਮਾਰ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਹੁਣ ਮੁਲਜ਼ਮ ਮੋਨੂੰ ਖ਼ਿਲਾਫ਼ ਕੇਸ 11 ਅਕਤੂਬਰ ਤੋਂ ਸ਼ੁਰੂ ਹੋਵੇਗਾ। ਫਰਵਰੀ ਵਿਚ ਸੈਕਟਰ-39 ਥਾਣਾ ਪੁਲਸ ਨੇ ਸੈਕਟਰ-54 ਦੇ ਜੰਗਲੀ ਖੇਤਰ ਵਿਚੋਂ ਇਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਕਰੀਬ 4 ਮਹੀਨੇ ਪਹਿਲਾਂ ਸੈਕਟਰ-38 ਸਥਿਤ ਸ਼ਾਹਪੁਰ ਕਲੋਨੀ ਵਾਸੀ ਮੋਨੂੰ ਕੁਮਾਰ (38) ਨੂੰ ਗ੍ਰਿਫ਼ਤਾਰ ਕੀਤਾ ਸੀ।

ਮੋਨੂੰ ਵਿਰੁੱਧ ਕਤਲ ਦੇ ਦੋ ਹੋਰ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ ਇੱਕ 14 ਸਾਲ ਪਹਿਲਾਂ ਐੱਮ. ਬੀ. ਏ. ਵਿਦਿਆਰਥਣ ਦੇ ਕਤਲ ਦਾ ਮਾਮਲਾ ਸੀ। ਮੁਲਜ਼ਮ ਨੇ ਮਸ਼ਹੂਰ ਐੱਮ. ਬੀ. ਏ. ਵਿਦਿਆਰਥਣ ਦੇ ਕਤਲ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਵਿਚ ਵੀ ਜ਼ਿਲ੍ਹਾ ਅਦਾਲਤ ਵਿਚ ਮੋਨੂੰ ਖ਼ਿਲਾਫ਼ ਦੋਸ਼ ਤੈਅ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੋ ਸਾਲ ਪਹਿਲਾਂ ਮਲੋਆ ਨੇੜੇ ਇਕ ਔਰਤ ਦੀ ਲਾਸ਼ ਮਿਲੀ ਸੀ, ਜਿਸ ਦੇ ਕਤਲ ਨੂੰ ਵੀ ਮੁਲਜ਼ਮ ਨੇ ਕਬੂਲ ਕਰ ਲਿਆ ਸੀ। ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ।

ਪੁਲਸ ਮੁਤਾਬਕ ਉਹ ਨਸ਼ੇ ਦਾ ਆਦੀ ਸੀ। ਐੱਮ. ਬੀ. ਏ. ਵਿਦਿਆਰਥਣ ਕਤਲ ਮਾਮਲੇ ਦੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਸੀ। ਪੁਲਸ ਨੇ ਸੈਂਕੜੇ ਸ਼ੱਕੀ ਅਪਰਾਧੀਆਂ ਦੇ ਡੀ. ਐੱਨ. ਏ. ਨਮੂਨੇ ਲਏ ਅਤੇ ਉਨ੍ਹਾਂ ਨੂੰ ਵਿਦਿਆਰਥਣ ਦੀ ਲਾਸ਼ ਤੋਂ ਮਿਲੇ ਡੀ.ਐੱਨ.ਏ. ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਆਖ਼ਰਕਾਰ ਜਦੋਂ ਮੋਨੂੰ ਨੂੰ ਪੁਲਸ ਨੇ ਫੜ੍ਹ ਲਿਆ ਤਾਂ ਉਸ ਦਾ ਡੀ.ਐੱਨ.ਏ. ਸੈਂਪਲ ਵਿਦਿਆਰਥਣ ਦੀ ਲਾਸ਼ ਤੋਂ ਮਿਲੇ, ਸੈਂਪਲ ਨਾਲ ਮੇਲ ਖਾ ਗਿਆ। ਇੰਨਾ ਹੀ ਨਹੀਂ, ਮੋਨੂੰ ਦਾ ਡੀ.ਐੱਨ.ਏ. ਇਸੇ ਸਾਲ ਸੈਕਟਰ-54 ਵਿਚੋਂ ਮਿਲੀ ਇੱਕ ਔਰਤ ਦੀ ਲਾਸ਼ ਵਿਚੋਂ ਮਿਲੇ ਡੀ.ਐੱਨ.ਏ. ਨਾਲ ਮੇਲ ਖਾ ਗਿਆ।
 


author

Babita

Content Editor

Related News