ਜਲੰਧਰ ''ਚ ਗੈਸ ਲੀਕ ਮਾਮਲੇ ’ਚ ਨਿਗਮ ਦੇ ਅਧਿਕਾਰੀਆਂ ’ਤੇ ਕੇਸ ਦਰਜ ਹੋਣ ਮਗਰੋਂ ਛਿੜੀ ਨਵੀਂ ਚਰਚਾ

Monday, Sep 23, 2024 - 12:01 PM (IST)

ਜਲੰਧਰ (ਖੁਰਾਣਾ)-ਸ਼ਨੀਵਾਰ ਨੂੰ ਦੋਮੋਰੀਆ ਪੁੱਲ ਨੇੜੇ ਸੰਤ ਸਿਨੇਮਾ ਕੋਲ ਇਕ ਆਈਸ ਫੈਕਟਰੀ ਵਿਚੋਂ ਗੈਸ ਲੀਕ ਹੋਣ ਦੇ ਮਾਮਲੇ ਵਿਚ ਜਲੰਧਰ ਪੁਲਸ ਨੇ ਸੀ. ਪੀ. ਦੇ ਨਿਰਦੇਸ਼ਾਂ ’ਤੇ ਜੋ ਐੱਫ਼. ਆਈ. ਆਰ. ਦਰਜ ਕੀਤੀ ਹੈ, ਉਸ ਵਿਚ ਨਿਗਮ ਦੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਅਣਗਹਿਲੀ ਅਤੇ ਅਯੋਗਤਾ ਕਾਰਨ ਉਕਤ ਫੈਕਟਰੀ ਸਿਰਫ਼ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਸੀ ਅਤੇ ਇਸ ਦੀ ਉਚਿਤ ਪ੍ਰਵਾਨਗੀ ਵੀ ਨਹੀਂ ਸੀ। ਪਤਾ ਲੱਗਾ ਹੈ ਕਿ ਸ਼ਾਇਦ ਪਹਿਲੀ ਵਾਰ ਜਲੰਧਰ ਪੁਲਸ ਨੇ ਅਜਿਹੀ ਐੱਫ਼. ਆਈ. ਆਰ. ਦਰਜ ਕੀਤੀ ਹੈ, ਜਿਸ ਵਿਚ ਦੋਸ਼ੀ ਵਿਅਕਤੀ ਜਾਂ ਸੰਸਥਾ ਤੋਂ ਇਲਾਵਾ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਨਾਮਜ਼ਦ ਕਰਕੇ ਜਵਾਬਦੇਹ ਬਣਾਇਆ ਗਿਆ ਹੈ। ਅਜਿਹੀ ਸਥਿਤੀ ਇਸ ਲਈ ਪੈਦਾ ਹੋਈ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਫੀ ਹੱਦ ਤੱਕ ਵਧ ਗਈ ਹੈ, ਜਿਸ ਕਾਰਨ ਆਮ ਲੋਕ ਵੀ ਕਾਫੀ ਪ੍ਰੇਸ਼ਾਨ ਹਨ।

ਆਈਸ ਫੈਕਟਰੀ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਕੋਲ ਫਾਇਰ ਵਿਭਾਗ ਤੋਂ ਮਨਜ਼ੂਰੀ ਵੀ ਨਹੀਂ ਸੀ, ਜਿਸ ਨੂੰ ਨਿਗਮ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਮੰਨਿਆ ਜਾ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਇਸ ਫੈਕਟਰੀ ਕੋਲ ਨਗਰ ਨਿਗਮ ਵੱਲੋਂ ਦਿੱਤਾ ਗਿਆ ਟਰੇਡ ਲਾਇਸੈਂਸ, ਸੀਵਰੇਜ ਦੇ ਪਾਣੀ ਦਾ ਕੁਨੈਕਸ਼ਨ ਆਦਿ ਹੈ ਜਾਂ ਨਹੀਂ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ, ਲੋਕਾਂ ਨੇ ਵੇਖ ਮਾਰੀਆਂ ਚੀਕਾਂ, ਫ਼ੈਲੀ ਦਹਿਸ਼

ਕੀ ਭਵਿੱਖ ’ਚ ਨਿਗਮ ਅਧਿਕਾਰੀਆਂ ਨੂੰ ਵੀ ਜਵਾਬਦੇਹ ਬਣਾਇਆ ਜਾਵੇਗਾ
ਗੈਸ ਲੀਕ ਹੋਣ ਦੀ ਘਟਨਾ ਵਿਚ ਜਲੰਧਰ ਪੁਲਸ ਨੇ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਰਵਾਇਤ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਇਸੇ ਤਰ੍ਹਾਂ ਜਵਾਬਦੇਹ ਬਣਾਇਆ ਜਾਵੇਗਾ। ਧਿਆਨਯੋਗ ਹੈ ਕਿ ਹਰ ਮਹੀਨੇ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਵਾਲੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਠੀਕ ਰੱਖਣ, ਸੀਵਰੇਜ ਜਾਮ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਅਤੇ ਅਜਿਹਾ ਪ੍ਰਬੰਧ ਕਰਨ ਕਿ ਕਿਤੇ ਵੀ ਗੰਦਾ ਪਾਣੀ ਨਾ ਸਪਲਾਈ ਹੋਵੇ। ਸ਼ਹਿਰ ਦੀਆਂ ਸਟਰੀਟ ਲਾਈਟਾਂ ਵੀ ਠੀਕ ਹੋਣੀਆਂ ਚਾਹੀਦੀਆਂ ਹਨ ਅਤੇ ਸ਼ਹਿਰ ਵਿਚ ਫੈਲੀ ਗੰਦਗੀ ਕਿਸੇ ਵੀ ਤਰ੍ਹਾਂ ਬੀਮਾਰੀਆਂ ਦਾ ਕਾਰਨ ਨਹੀਂ ਬਣਨੀ ਚਾਹੀਦੀ।

ਇਹ ਵੀ ਪੜ੍ਹੋ-  ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਵਰਣਨਯੋਗ ਹੈ ਕਿ ਸ਼ਹਿਰ ਵਾਸੀ ਸਰਕਾਰ ਨੂੰ ਹਰ ਤਰ੍ਹਾਂ ਦੇ ਟੈਕਸ ਅਦਾ ਕਰਦੇ ਹਨ ਅਤੇ ਨਗਰ ਨਿਗਮ ਦਾ ਮਾਲੀਆ ਵੀ ਲੋਕਾਂ ਵੱਲੋਂ ਅਦਾ ਕੀਤੇ ਟੈਕਸਾਂ ਨਾਲ ਹੀ ਭਰਦਾ ਹੈ। ਅਜਿਹੀ ਸਥਿਤੀ ਵਿਚ ਵੀ ਜੇਕਰ ਨਗਰ ਨਿਗਮ ਦੇ ਅਧਿਕਾਰੀ ਆਪਣੀ ਡਿਊਟੀ ਅਤੇ ਜ਼ਿੰਮੇਵਾਰੀ ਨੂੰ ਅਣਗਹਿਲੀ ਨਾਲ ਨਿਭਾਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਚਰਚਾ ਹੈ ਕਿ ਜਿਸ ਤਰ੍ਹਾਂ ਲੀਕੇਜ ਸਕੈਂਡਲ ’ਚ ਨਿਗਮ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ’ਚ ਵੀ ਵੱਖ-ਵੱਖ ਥਾਵਾਂ ’ਤੇ ਟੁੱਟੀਆਂ ਸੜਕਾਂ, ਬੰਦ ਪਏ ਸੀਵਰੇਜ, ਗੰਦੇ ਪਾਣੀ ਅਤੇ ਗੰਦਗੀ ਨੂੰ ਲੈ ਕੇ ਸਬੰਧਤ ਨਿਗਮ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ।

ਕਮਿਸ਼ਨਰ ਨੇ ਮੰਗੀ ਰਿਪੋਰਟ, ਮੈਜਿਸਟ੍ਰੇਟੀ ਜਾਂਚ ’ਚ ਸਹਿਯੋਗ ਕਰੇਗਾ ਨਿਗਮ
ਇਸੇ ਵਿਚਕਾਰ ਪਤਾ ਲੱਗਾ ਹੈ ਕਿ ਆਈਸ ਫੈਕਟਰੀ ਗੈਸ ਲੀਕੇਜ ਕਾਂਡ ਦੇ ਮਾਮਲੇ ਵਿਚ ਨਗਰ ਨਿਗਮ ਦੀ ਭੂਮਿਕਾ ਨੂੰ ਲੈ ਕੇ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਜੋ ਹੁਕਮ ਦਿੱਤੇ ਗਏ ਹਨ, ਉਸ ਵਿਚ ਨਿਗਮ ਪੂਰਾ ਸਹਿਯੋਗ ਕਰੇਗਾ। ਹੁਣ ਵੇਖਣਾ ਇਹ ਹੈ ਕਿ ਆਈਸ ਫੈਕਟਰੀ ਕਾਂਡ ਵਿਚ ਜਲੰਧਰ ਨਿਗਮ ਦੇ ਕਿਹੜੇ ਅਧਿਕਾਰੀਆਂ ਨੂੰ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ’ਤੇ ਦਰਜ ਹੋਈ ਐੱਫ਼. ਆਈ. ਆਰ. ਭਵਿੱਖ ਵਿਚ ਕੀ ਰੂਪ ਧਾਰਨ ਕਰਦੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਦੇ ਗੈਂਗ ਦਾ ਪਰਦਾਫਾਸ਼, 17 ਮੁਲਜ਼ਮ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News