ਨਵੇਂ ਬਣੇ ਪੰਚਾਇਤ ਮੰਤਰੀ ਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਪਹਿਲਾ ਬਿਆਨ

Tuesday, Sep 24, 2024 - 03:50 PM (IST)

ਖੰਨਾ (ਬਿਪਨ): ਪੇਂਡੂ ਵਿਕਾਸ ਅਤੇ ਪੰਚਾਇਤਾਂ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਲੇਬਰ, ਪ੍ਰਾਹੁਣਚਾਰੀ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਮੰਤਰੀ, ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੂੰ ਮੰਗਲਵਾਰ ਨੂੰ ਇੰਪਰੂਵਮੈਟ ਟਰੱਸਟ ਖੰਨਾ ਵਿਖੇ ਪਹੁੰਚਣ ਤੇ ਪੰਜਾਬ ਪੁਲਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਸਭ ਤੋਂ ਅਹਿਮ ਵਿਭਾਗ ਵਜ਼ੀਰੀ ਦੇ ਰੂਪ ਵਿਚ ਦਿੱਤੇ ਗਏ ਹਨ। ਜਿਨ੍ਹਾਂ ਨੂੰ ਮੈ ਸਮਝਦਾ ਹਾਂ ਕਿ ਇਹ ਇੱਕ ਸੇਵਾ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਿਸ ਉਮੀਦ ਅਤੇ ਭਰੋਸੇ ਦੇ ਨਾਲ ਤੁਸੀਂ ਮੈਨੂੰ ਚੁਣਿਆ ਸੀ ਮੈਂ ਕਦੇ ਵੀ ਉਹ ਭਰੋਸਾ ਟੁੱਟਣ ਨਹੀਂ ਦੇਵਾਂਗਾ। ਉਨ੍ਹਾਂ ਕਿਹਾ ਕਿ ਬੜੀ ਇਮਾਨਦਾਰੀ ਅਤੇ ਸ਼ਿਦਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਕੰਮ ਕਰਾਂਗੇ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ।

ਇਹ ਖ਼ਬਰ ਵੀ ਪੜ੍ਹੋ - ਬੰਦ ਹੋ ਸਕਦੀ ਹੈ ਸਰਕਾਰੀ ਕਣਕ! ਲੋਕਾਂ ਨੂੰ ਸਤਾਉਣ ਲੱਗਾ ਡਰ

ਉਦਯੋਗ ਤੇ ਵਣਜ ਮੰਤਰੀ ਸੌਂਦ ਨੇ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਵਿਚ ਉਦਯੋਗ ਵੀ ਵਧੇ ਫੁਲੇ ਇਸ ਲਈ ਉਹ ਵਿਦੇਸ਼ੀ ਕੰਪਨੀਆਂ ਨੂੰ ਵੀ ਇੱਥੇ ਉਦਯੋਗ ਸਥਾਪਿਤ ਕਰਨ ਲਈ ਸੱਦਾ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਪੰਜਾਬ ਵਿਚ ਪਹਿਲਾਂ ਤੋਂ ਚੱਲ ਰਹੀ ਇੰਡਸਟਰੀ ਵਿਚ ਕੁੱਝ ਛੋਟੀਆਂ ਮੋਟੀਆਂ ਦਿੱਕਤਾਂ ਆ ਰਹੀਆਂ ਹਨ ਉਨ੍ਹਾਂ ਨੂੰ ਸਮਝ ਕੇ ਦੂਰ ਕਰਾਂਗੇ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਨੇ ਪੰਚਾਇਤੀ ਚੋਣਾਂ ਤੇ ਬੋਲਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਬਿਲ ਪਾਸ ਹੋਇਆ ਸੀ ਜਿਸ ਤਹਿਤ ਪੰਚਾਇਤੀ ਚੋਣਾਂ ਕਿਸੇ ਪਾਰਟੀ ਦੇ ਝੰਡੇ ਦੇ ਨਿਸ਼ਾਨ ਹੇਠ ਨਹੀਂ ਲੜੀਆਂ ਜਾਣਗੀਆ ਕਿਉਂਕਿ ਇਸ ਨਾਲ ਪਿੰਡਾਂ ਵਿਚ ਧੜੇਬੰਦੀ ਬਣ ਜਾਂਦੀ ਹੈ ਅਤੇ ਇਸ ਨਾਲ ਆਪਸੀ ਵੈਰ ਵਿਰੋਧ ਵਧਦਾ ਹੈ। ਉਨ੍ਹਾਂ ਕਿਹਾ ਕਿ ਇੱਕ ਦੂਜੇ ਦੀ ਜਿੱਦਬਾਜੀ ਵਿਚ ਬਹੁਤ ਰੁਪਿਆ ਵਹਾਇਆ ਜਾਂਦਾ ਹੈ ਅਤੇ ਫਿਰ ਜਿੱਤਣ ਤੋਂ ਬਾਅਦ ਉਹ ਰੁਪਿਆ ਪੂਰਾ ਕਰਨ ਲਈ ਕਿਸੇ ਹੋਰ ਤਰੀਕੇ ਦਾ ਸਹਾਰਾ ਲੈਣਾ ਪੈਂਦਾ ਹੈ। ਜਿਸ ਨਾਲ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੁੰਦਾ ਹੈ ਪਰ ਸਾਡੀ ਸਰਕਾਰ ਵਿਚ ਭ੍ਰਿਸ਼ਟਾਚਾਰ ਨੂੰ ਕੋਈ ਥਾਂ ਨਹੀਂ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਮੈਂ ਭਰੋਸਾ ਦਿਵਾਉਦਾ ਹਾਂ ਕਿ ਜ਼ਿਆਦਾਤਰ ਸਰਪੰਚੀ ਦੀਆਂ ਚੋਣਾਂ ਸਰਬਸੰਮਤੀ ਨਾਲ ਹੀ ਹੋਣਗੀਆ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਬਣਨ ਤੇ ਜਿਥੇ ਪਿੰਡ ਨੂੰ ਗਰਾਂਟ ਮਿਲਣੀ ਹੁੰਦੀ ਹੈ ਉੱਥੇ ਉਸ ਪਿੰਡ ਨੂੰ 5 ਲੱਖ ਰੁਪਏ ਦੀ ਵਾਧੂ ਗਰਾਂਟ ਵੀ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਸਰਪੰਚ ਚੁਣੋਂ ਉਹ ਯੋਗ ਉਮੀਦਵਾਰ ਹੋਣ ਜਿਨ੍ਹਾਂ ਕੋਲ ਪਿੰਡਾਂ ਦੇ ਵਿਕਾਸ ਕਾਰਜ ਕਰਨ ਦਾ ਸਮਾਂ ਹੋਵੇ ਉਨ੍ਹਾਂ ਨੂੰ ਹੀ ਸਰਪੰਚ ਬਣਾਇਆ ਜਾਵੇ। ਕਿਉਂਕਿ ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿਚ ਸਰਪੰਚਾਂ ਦਾ ਆਪਸ ਵਿਚ ਤਾਲਮੇਲ ਹੋਣਾ ਅਤੇ ਦਫ਼ਤਰ ਬੀ.ਡੀ.ਪੀ.ਓ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਮੁਲਕ 'ਚ ਭੇਜੇ ਜਾਣਗੇ ਪੰਜਾਬ ਦੇ ਅਧਿਆਪਕ, ਪੜ੍ਹੋ ਕੀ ਨੇ ਸ਼ਰਤਾਂ

ਕੈਬਨਿਟ ਮੰਤਰੀ ਨੇ ਕਿਹਾ ਕਿ ਮੈਂ ਪਿੰਡਾਂ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜਿੱਥੇ ਕੁਝ ਅਫ਼ਸਰਸ਼ਾਹੀ ਅਵੇਸਲੀ ਹੋਈ ਹੈ, ਉੱਥੇ ਉਹ ਸਰਕਾਰ ਦੀਆਂ ਨੀਤੀਆਂ ਨੂੰ ਪਿੰਡਾਂ ਵਿਚ ਪਹੁੰਚਾਉਣ ਵਿਚ ਅਸਫਲ ਹੋਈ ਹੈ, ਨਾਲ ਹੀ ਜੋ ਸਰਪੰਚ ਜ਼ਿਆਦਾ ਸਮਾਂ ਨਹੀ ਕੱਢ ਸਕਦੇ, ਉਨ੍ਹਾਂ ਪਿੰਡਾਂ ਦਾ ਵਿਕਾਸ ਵੀ ਨਹੀ ਹੁੰਦਾ। ਉੱਥੇ ਦੂਸਰੇ ਪਾਸੇ ਕਈ ਸਰਪੰਚ ਜੋ ਐਕਟਿਵ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਪਿੰਡਾਂ ਨੂੰ ਸ਼ਹਿਰਾਂ ਨਾਲੋਂ ਵੀ ਵਧੀਆ ਬਣਾ ਲਿਆ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਸਰਪੰਚੀ ਲਈ ਉਮੀਦਵਾਰ ਚੁਣੋਗੇ ਉਹ ਪੂਰੀ ਤਰ੍ਹਾਂ ਯੋਗ ਹੋਵੇ, ਤਾਂ ਜੋ ਸਰਕਾਰ ਵੱਲੋ ਮਿਲਦੀਆਂ ਸਹੂਲਤਾਂ ਦਾ ਪੂਰਾ ਪੂਰਾ ਲਾਭ ਲਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News