ਸੜਕ ਵਿਚਕਾਰ ਪਈ ਬਜਰੀ-ਰੇਤਾ ਰਾਹਗੀਰਾਂ ਲਈ ਬਣੀ ਵੱਡੀ ਮੁਸੀਬਤ
Monday, May 17, 2021 - 09:14 PM (IST)
ਫਿਰੋਜ਼ਪੁਰ (ਹਰਚਰਨ,ਬਿੱਟੂ)- ਝੋਕ ਹਰੀ-ਹਰ ਤੋਂ ਬੁੱਕਣ ਖਾਂ ਵਾਲਾ ਧੀਰਾ ਪੱਤਰਾ, ਸੈਦੇ ਕਾ ਰੁਹੇਲਾ ਨੂੰ ਜਾਂਦੀ ਸੜਕ ਜਿਸ ਦੀ ਹਾਲਤ ਬਹੁਤ ਖਸਤਾ ਸੀ ਜਿਸ ਕਾਰਣ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਸਨ। ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਇਸ ਸੜਕ ਦੇ ਕਿਨਾਰੇ ਦੀਵਾਰ ਕੀਤੀ ਜਾਵੇ ਤਾਂ ਜੋ ਹੋ ਰਹੇ ਹਾਦਸਿਆਂ 'ਤੇ ਰੋਕ ਲੱਗ ਸਕੇ। ਇਸ ਸੜਕ ਦੀ ਮੂਰੰਮਤ ਅਤੇ ਕਿਨਾਰੇ 'ਤੇ ਦੀਵਾਰ ਬਣਾਉਣ ਲਈ ਹਲਕਾ ਵਿਧਾਇਕ ਸਤਕਾਰ ਕੋਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵੱਲੋਂ ਇਕ ਅਪ੍ਰੈਲ 2021 ਨੂੰ ਨੀਂਹ ਪੱਥਰ ਰੱਖਿਆ ਗਿਆ ਸੀ ।
ਇਸ ਕੰਮ ਨੂੰ ਪੂਰਾ ਕਰਨ ਲਈ ਲਾਡੀ ਗਹਿਰੀ ਵੱਲੋਂ 4 ਮਹੀਨੇ ਦਾ ਸਮਾਂ ਲਿਆ ਗਿਆ ਪਰ ਮਹੀਨਾ 18 ਦਿਨ ਬੀਤਣ 'ਤੇ 20 ਪ੍ਰਤੀਸ਼ਤ ਕੰਮ ਹੋਇਆ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਬੁੱਕਣ ਖਾਂ ਵਾਲਾ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਇਸ ਕੰਮ ਨੂੰ ਧੀਮੀ ਗਤੀ ਨਾਲ ਚਲਾਇਆ ਜਾ ਰਿਹਾ ਹੈ ਅਤੇ ਸੜਕ ਉਪਰ ਰੱਖਿਆ ਮਟੀਰੀਅਲ ਰਾਹਗੀਰਾਂ ਲਈ ਮੁਸੀਬਤ ਬਣਾਇਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਮਿੱਟੀ ਨੂੰ ਪੁੱਟਕੇ ਮੇਰੇ ਖੇਤ ਵਿਚ ਸੁੱਟ ਦਿੱਤਾ ਹੈ ਅਤੇ ਇਹਨਾ ਜੇ.ਸੀ.ਬੀ ਨਾਲ ਮੇਰਾ ਸਰਵਿਸ ਸਟੇਸ਼ਨ ਵੀ ਤੋੜ ਦਿਤਾ ਹੈ ਜਿਸ ਨਾਲ ਮੇਰਾ ਰੋਜਗਾਰ ਬੰਦ ਹੋ ਗਿਆ ਹੈ ਮੇਰੇ ਵਾਰ-ਵਾਰ ਕਹਿਣ 'ਤੇ ਇਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ । ਉੱਧਰ ਸੜਕ 'ਤੇ ਪਏ ਸਮਾਨ ਨਾਲ ਜਿਥੇ ਦਿਨ ਵੇਲੇ ਰਾਹਗੀਰਾਂ ਨੂੰ ਲਾਗਲੇ ਖੇਤਾਂ ਵਿਚ ਦੀ ਗੁਜਰ ਕੇ ਜਾਣਾ ਪੈਂਦਾ ਹੈ ਉਥੇ ਕਿਤੇ ਐਮਰਜੰਸੀ ਐਬੂਲੈਂਸ ਜਾ ਹੋਰ ਐਮਰਜੰਸੀ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਵਿਚ ਤੇਜੀ ਲਿਆਂਦੀ ਜਾਵੇ ਅਤੇ ਰਸਤੇ ਨੂੰ ਸਾਫ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।