ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ
Wednesday, Mar 11, 2026 - 02:02 PM (IST)
ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿੱਥੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਾਂਗ ਅੰਮ੍ਰਿਤਸਰ ਦੇ ਆਟੋਮੈਟਿਡ ਡਰਾਈਵਿੰਗ ਟੈਸਟ ਟ੍ਰੈਕ ’ਤੇ ਵੀ ਰੇਡ ਕਰਕੇ ਕਾਫ਼ੀ ਰਿਕਾਰਡ ਜ਼ਬਤ ਕੀਤਾ ਗਿਆ ਸੀ ਅਤੇ ਕਈ ਕਰਮਚਾਰੀਆਂ ’ਤੇ ਕਾਰਵਾਈ ਕੀਤੀ ਗਈ ਸੀ, ਉਸ ਦੇ ਬਾਵਜੂਦ ਮੌਜੂਦਾ ਸਮੇਂ ਵਿਚ ਡਰਾਈਵਿੰਗ ਲਾਇਸੈਂਸਾਂ ਦੀ ਪੈਂਡੈਂਸੀ ਮੁੜ ਸੈਂਕੜਿਆਂ ਵਿਚ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਇਹ ਗਿਣਤੀ ਲਗਭਗ ਇਕ ਹਜ਼ਾਰ ਦੇ ਕਰੀਬ ਹੋ ਸਕਦੀ ਹੈ। ਹਾਲਾਂਕਿ, ਏ. ਡੀ. ਟੀ. ਓ. ਮਨਦੀਪ ਸਿੰਘ ਸੋਹੀ ਦਾ ਕਹਿਣਾ ਹੈ ਕਿ ਪੈਂਡੈਂਸੀ ਕਰੀਬ 700 ਤੋਂ 800 ਦੇ ਦਰਮਿਆਨ ਹੈ ਅਤੇ ਉਹ ਹਰ ਰੋਜ਼ 200 ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰ ਰਹੇ ਹਨ। ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਇਹ ਵੀ ਵੇਖਣ ਵਿਚ ਆ ਰਿਹਾ ਹੈ ਕਿ ਟ੍ਰੈਕ ’ਤੇ ਤਾਇਨਾਤ ਏ. ਡੀ. ਟੀ. ਓ. ਸੋਹੀ ਟ੍ਰੈਕ ਸਥਿਤ ਆਪਣੇ ਦਫ਼ਤਰ ਵਿਚ ਬੈਠਣ ਦੀ ਬਜਾਏ ਸੈਕਟਰੀ ਆਰ.ਟੀ.ਏ. ਦਫ਼ਤਰ ਵਿਚ ਬੈਠਦੇ ਹਨ। ਇਸ ਕਾਰਨ ਟ੍ਰੈਕ ’ਤੇ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਕ ਦੇ ਦਫ਼ਤਰ ਦੇ ਬਾਹਰ ਵੀ ਕਿਤੇ ਇਹ ਨਹੀਂ ਲਿਖਿਆ ਕਿ ਅਧਿਕਾਰੀ ਕਿਸ ਸਮੇਂ ਜਾਂ ਕਿੱਥੇ ਉਪਲਬਧ ਹੋਣਗੇ। ਇਸ ਸਥਿਤੀ ਕਾਰਨ ਲੋਕ ਭਟਕਦੇ ਰਹਿੰਦੇ ਹਨ ਅਤੇ ਇਸੇ ਗੈਰ-ਹਾਜ਼ਰੀ ਦੇ ਚੱਲਦਿਆਂ ਕੁਝ ਏਜੰਟ ਮੁੜ ਟ੍ਰੈਕ ’ਤੇ ਸਰਗਰਮ ਨਜ਼ਰ ਆਉਣ ਲੱਗੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਲਗਾਤਾਰ ਤਿੰਨ ਦਿਨ ਪੈ ਸਕਦਾ ਮੀਂਹ
ਸਾਰਾ ਸਟਾਫ਼ ਕੀਤਾ ਗਿਆ ਸੀ ਤਬਦੀਲ
ਵਿਜੀਲੈਂਸ ਰੇਡ ਤੋਂ ਬਾਅਦ ਇਹ ਸਾਹਮਣੇ ਆਇਆ ਸੀ ਕਿ ਟ੍ਰਾਂਸਪੋਰਟ ਸੇਵਾ ਸੋਸਾਇਟੀ ਦੇ ਕੁਝ ਠੇਕਾ ਆਧਾਰਿਤ ਕਰਮਚਾਰੀ ਕਈ ਸਾਲਾਂ ਤੋਂ ਇਕੋ ਸੀਟ ’ਤੇ ਤਾਇਨਾਤ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਟ੍ਰੈਕ ਤੋਂ ਹਟਾ ਕੇ ਆਰ.ਟੀ.ਏ. ਦਫ਼ਤਰ ਵਿਚ ਬਿਨਾਂ ਪਬਲਿਕ ਡੀਲਿੰਗ ਵਾਲੀਆਂ ਸੀਟਾਂ ’ਤੇ ਲਗਾਇਆ ਗਿਆ ਸੀ। ਹਾਲਾਂਕਿ, ਹੁਣ ਚਰਚਾ ਹੈ ਕਿ ਕੁਝ ਕਰਮਚਾਰੀ ਮੁੜ ਟ੍ਰੈਕ ’ਤੇ ਤਾਇਨਾਤੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ।
ਬੁਨਿਆਦੀ ਸਹੂਲਤਾਂ ਦਾ ਮਾੜਾ ਹਾਲ
ਟ੍ਰੈਕ ਦੀ ਚਾਰ ਦੀਵਾਰੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ, ਜਿਸ ਦੀ ਤੁਰੰਤ ਮੁਰੰਮਤ ਦੀ ਲੋੜ ਹੈ। ਨੇੜੇ ਰੀਗੋ ਬ੍ਰਿਜ ਦਾ ਕੰਮ ਚੱਲਣ ਕਾਰਨ ਇਹ ਮੁਰੰਮਤ ਲਟਕ ਰਹੀ ਹੈ, ਜਿਸ ਦਾ ਫਾਇਦਾ ਉਠਾ ਕੇ ਕੋਈ ਵੀ ਵਿਅਕਤੀ ਕੰਧ ਟੱਪ ਕੇ ਅੰਦਰ ਦਾਖਲ ਹੋ ਸਕਦਾ ਹੈ। ਪਹਿਲਾਂ ਵੀ ਇਥੋਂ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੀ ਗਰਮੀ ਦੇ ਮੌਸਮ ਦੇ ਬਾਵਜੂਦ ਉੱਥੇ ਪੀਣ ਵਾਲੇ ਪਾਣੀ ਜਾਂ ਬੈਠਣ ਲਈ ਸ਼ੈੱਡ ਦੀ ਕੋਈ ਢੁਕਵੀਂ ਸੁਵਿਧਾ ਨਹੀਂ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹੋ ਕੇ ਏਜੰਟਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਰ 'ਤਾ ਵੱਡਾ ਐਲਾਨ, 11 ਮਾਰਚ ਨੂੰ...
ਵਿਵਾਦਾਂ ਨਾਲ ਪੁਰਾਣਾ ਨਾਤਾ
ਅਕਾਲੀ-ਭਾਜਪਾ ਸਰਕਾਰ ਵੇਲੇ ਬਣਿਆ ਇਹ ਟ੍ਰੈਕ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਿਹਾ ਹੈ। ਕਈ ਵਾਰ ਅਜਿਹੇ ਹਾਲਾਤ ਬਣੇ ਜਦੋਂ ਵਿਦੇਸ਼ ਬੈਠੇ ਲੋਕਾਂ ਦੇ ਲਾਇਸੈਂਸ ਵੀ ਟ੍ਰੈਕ ’ਤੇ ਆਏ ਬਿਨਾਂ ਹੀ ਬਣ ਗਏ। ਇਕ ਸਮੇਂ ਤਾਂ ਇਥੇ ਭਾਰਤ-ਪਾਕਿਸਤਾਨ ਸਰਹੱਦ ਵਰਗੀ ਫੈਂਸਿੰਗ (ਤਾਰਾਂ) ਲਗਾਈ ਗਈ ਸੀ ਤਾਂ ਜੋ ਕੋਈ ਵੀਡੀਓਗ੍ਰਾਫੀ ਨਾ ਕਰ ਸਕੇ। ਵਿਜੀਲੈਂਸ ਰੇਡ ਤੋਂ ਬਾਅਦ ਕੁਝ ਸਮਾਂ ਦਹਿਸ਼ਤ ਰਹੀ, ਪਰ ਹੁਣ ਹਾਲਾਤ ਮੁੜ ਪੁਰਾਣੇ ਰੰਗ ਵਿੱਚ ਰੰਗੇ ਜਾਣ ਲੱਗੇ ਹਨ। ਦੋ ਦੀ ਥਾਂ ਸਿਰਫ਼ ਇਕ ਅਧਿਕਾਰੀ ਵਿਜੀਲੈਂਸ ਕਾਰਵਾਈ ਤੋਂ ਬਾਅਦ ਇਥੇ ਦੋ ਏ. ਡੀ. ਟੀ. ਓ. ਤਾਇਨਾਤ ਕੀਤੇ ਗਏ ਸਨ ਪਰ ਇਕ ਅਧਿਕਾਰੀ ਦੀ ਪਠਾਨਕੋਟ ਬਦਲੀ ਹੋਣ ਤੋਂ ਬਾਅਦ ਹੁਣ ਸਾਰਾ ਬੋਝ ਇਕ ਹੀ ਅਧਿਕਾਰੀ ’ਤੇ ਹੈ। ਲੋਕਾਂ ਦੀ ਸਹੂਲਤ ਲਈ ਇਥੇ ਘੱਟੋ-ਘੱਟ ਦੋ ਅਧਿਕਾਰੀਆਂ ਦੀ ਹਾਜ਼ਰੀ ਲਾਜ਼ਮੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 20 ਲੱਖ ਤੋਂ ਵੱਧ ਪਰਿਵਾਰਾਂ ਨੂੰ ਵੱਡਾ ਝਟਕਾ, 1 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਫ਼ੈਸਲਾ
26 ਫਰਵਰੀ ਤੱਕ ਦੀ ਪੈਂਡੈਂਸੀ ਨਿਪਟਾ ਦਿੱਤੀ ਗਈ ਹੈ : ਏ. ਡੀ. ਟੀ. ਓ.
ਪੈਂਡੈਂਸੀ ਸਬੰਧੀ ਪੁੱਛਣ ’ਤੇ ਏ. ਡੀ. ਟੀ. ਓ. ਮਨਦੀਪ ਸਿੰਘ ਸੋਹੀ ਨੇ ਦੱਸਿਆ ਕਿ 26 ਫਰਵਰੀ ਤੱਕ ਦੀਆਂ ਅਰਜ਼ੀਆਂ ਨਿਪਟਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੈਕਟਰੀ ਆਰ.ਟੀ.ਏ. ਵੱਲੋਂ ਦਫ਼ਤਰੀ ਕੰਮਾਂ ਲਈ ਉਨ੍ਹਾਂ ਨੂੰ ਮੁੱਖ ਦਫ਼ਤਰ ਬੁਲਾਇਆ ਜਾਂਦਾ ਹੈ। ਜੇਕਰ ਕਿਸੇ ਨੇ ਮਿਲਣਾ ਹੋਵੇ ਤਾਂ ਉਹ ਆਰ.ਟੀ.ਓ. ਦਫ਼ਤਰ ਆ ਕੇ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਮੌਤ, ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਜੋੜੇ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
