ਬਾਘਾ ਪੁਰਾਣਾ ਬਲਾਕ ਸੰਮਤੀ ਚੋਣ ਬਣੀ ਜੰਗ, ਪੁਲਸ ਨੇ ਮਸਾਂ ਬਚਾਇਆ ''ਆਪ'' ਵਿਧਾਇਕ ਸੁਖਾਨੰਦ

Wednesday, Mar 18, 2026 - 05:19 PM (IST)

ਬਾਘਾ ਪੁਰਾਣਾ ਬਲਾਕ ਸੰਮਤੀ ਚੋਣ ਬਣੀ ਜੰਗ, ਪੁਲਸ ਨੇ ਮਸਾਂ ਬਚਾਇਆ ''ਆਪ'' ਵਿਧਾਇਕ ਸੁਖਾਨੰਦ

ਬਾਘਾ ਪੁਰਾਣਾ (ਕਸ਼ਿਸ਼ ਸਿੰਗਲਾ) : ਬਾਘਾ ਪੁਰਾਣਾ ਦੀ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਮਾਹੌਲ ਚਰਮ ’ਤੇ ਪਹੁੰਚ ਗਿਆ, ਜਿੱਥੇ ਬੀ. ਡੀ. ਪੀ. ਓ. ਦਫਤਰ ਸਾਰਾ ਦਿਨ ਜੰਗ ਦੇ ਮੈਦਾਨ ਵਾਂਗ ਦਿਖਾਈ ਦਿੱਤਾ। ਪੁਲਸ ਦੀ ਭਾਰੀ ਮੌਜੂਦਗੀ ਦੇ ਬਾਵਜੂਦ ਹਾਲਾਤ ਕਾਬੂ ’ਚ ਨਾ ਰਹੇ ਅਤੇ ਦਿਨ ਭਰ ਤਣਾਅ, ਧੱਕਾਮੁੱਕੀ ਅਤੇ ਸਿਆਸੀ ਟਕਰਾਅ ਦੇ ਮੰਜ਼ਰ ਵੇਖਣ ਨੂੰ ਮਿਲੇ। ਇਸ ਸਾਰੀ ਘਟਨਾ ਨੇ ਲੋਕਤੰਤਰਿਕ ਪ੍ਰਕਿਰਿਆ ’ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਪਹਿਲਾਂ ਹੀ ਦੋ ਵਾਰ ਰੱਦ ਹੋ ਚੁੱਕੀ ਹੈ, ਜਿਸ ਕਾਰਨ ਮੀਟਿੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਸਮੇਤ ਸਿਆਸੀ ਪਾਰਟੀਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਮੀਟਿੰਗ ਦਾ ਸਮਾਂ ਦੁਪਹਿਰ 3 ਵਜੇ ਨਿਰਧਾਰਿਤ ਕੀਤਾ ਗਿਆ ਸੀ, ਪਰ ਸਵੇਰੇ ਤੋਂ ਹੀ ਸਿਆਸੀ ਗਤੀਵਿਧੀਆਂ ਨੇ ਤੇਜ਼ੀ ਫੜ ਲਈ। ਸਵੇਰੇ ਕਰੀਬ 9 ਵਜੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਮੀਟਿੰਗ ਹਾਲ ਵਿਚ ਪਹੁੰਚ ਗਏ। ਕੁੱਲ 25 ਚੁਣੇ ਹੋਏ ਮੈਂਬਰਾਂ ਵਿੱਚੋਂ 13 ਮੈਂਬਰ ਅਕਾਲੀ ਦਲ ਦੇ ਸਨ, ਜਦਕਿ 2 ਹੋਰ ਮੈਂਬਰਾਂ ਦਾ ਸਮਰਥਨ ਵੀ ਅਕਾਲੀ ਦਲ ਕੋਲ ਦੱਸਿਆ ਜਾ ਰਿਹਾ ਸੀ।

ਇਸ ਤਰ੍ਹਾਂ ਅਕਾਲੀ ਦਲ ਆਪਣੇ ਆਪ ਨੂੰ ਸਾਫ ਬਹੁਮਤ ਵਿਚ ਦੱਸ ਰਿਹਾ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ 8 ਮੈਂਬਰ, ਇੱਕ ਅਜ਼ਾਦ ਅਤੇ ਇਕ ਕਾਂਗਰਸ ਦਾ ਮੈਂਬਰ ਸੀ। ਬਲਾਕ ਸੰਮਤੀ ਦਫਤਰ ਦੇ ਅੰਦਰ ਹੀ ਨਹੀਂ, ਬਾਹਰ ਵੀ ਮਾਹੌਲ ਕਾਫੀ ਤਪਿਆ ਹੋਇਆ ਸੀ। ਸੈਂਕੜਿਆਂ ਦੀ ਗਿਣਤੀ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਇਕੱਠੇ ਹੋਏ ਹੋਏ ਸਨ, ਜੋ ਆਪਣੇ-ਆਪਣੇ ਪੱਖ ’ਚ ਨਾਅਰੇਬਾਜ਼ੀ ਕਰ ਰਹੇ ਸਨ। ਹਾਲਾਤ ਇਨ੍ਹਾਂ ਤੱਕ ਪਹੁੰਚ ਗਏ ਕਿ ਦੋਨੋਂ ਧਿਰਾਂ ਵਿਚਕਾਰ ਧੱਕਾਮੁੱਕੀ ਹੋਈ ਅਤੇ ਕੁਝ ਥਾਵਾਂ ’ਤੇ ਪੱਗਾਂ ਲੱਥਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ।

ਇਸ ਮੌਕੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿੱਤੇ ਹੋਏ ਮੈਂਬਰਾਂ ਨੂੰ ਆਪਣੀ ਮਰਜ਼ੀ ਨਾਲ ਚੇਅਰਮੈਨ ਚੁਣਨ ਦਾ ਪੂਰਾ ਹੱਕ ਹੈ, ਪਰ ਇਸ ਹੱਕ ਨੂੰ ਜਬਰਦਸਤੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਅਕਾਲੀ ਦਲ ਕੋਲ ਚੇਅਰਮੈਨ ਅਤੇ ਉਪ-ਚੇਅਰਮੈਨ ਬਣਾਉਣ ਲਈ ਪੂਰਾ ਬਹੁਮਤ ਮੌਜੂਦ ਸੀ, ਪਰ ਪ੍ਰਸ਼ਾਸਨ ਨੇ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਉਨ੍ਹਾਂ ਦੇ ਮੈਂਬਰਾਂ ਨੂੰ ਬੰਦੀ ਬਣਾਕੇ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ। ਮਾਹਲਾ ਨੇ ਇਹ ਵੀ ਕਿਹਾ ਕਿ ਇਹ ਸਾਰਾ ਮਾਮਲਾ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਹੈ ਅਤੇ ਅਕਾਲੀ ਦਲ ਇਸ ਦੇ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਖਟਖਟਾਏਗਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਦੂਜੇ ਪਾਸੇ ਕਾਂਗਰਸ ਦੇ ਆਗੂਆਂ ਨੇ ਵੀ ਪ੍ਰਸ਼ਾਸਨ ਦੀ ਕਾਰਵਾਈ ’ਤੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਸਰਕਾਰ ਆਪਣੇ ਹੱਕ ਵਿਚ ਨਤੀਜੇ ਲੈਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਦਾ ਦੁਰਪਯੋਗ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ ਇੱਕ ਚੋਣ ਨਹੀਂ, ਸਗੋਂ ਲੋਕਤੰਤਰ ਦੀ ਪਰਖ ਹੈ, ਜਿਸ ਵਿਚ ਸਰਕਾਰ ਫੇਲ ਹੋ ਰਹੀ ਹੈ। ਇਸ ਦੇ ਵਿਰੋਧ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਨੇ ਬਾਘਾ ਪੁਰਾਣਾ ਦੇ ਮੇਨ ਚੌਂਕ ਨੂੰ ਜਾਮ ਕਰ ਦਿੱਤਾ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਲੰਬੇ ਸਮੇਂ ਤੱਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਰਣਇੰਦਰ ਸਿੰਘ ਪੱਪੂ ਰਾਮੂਵਾਲਾ ਮੀਤ ਪ੍ਰਧਾਨ ਅਕਾਲੀ ਦਲ, ਰਾਜਵਿੰਦਰ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸੁਖਜੀਤ ਸਿੰਘ ਮਾਹਲਾ ਅਤੇ ਹੋਰ ਵੱਡੀ ਗਿਣਤੀ ਵਿਚ ਕਾਂਗਰਸੀ ਅਤੇ ਅਕਾਲੀ ਹਾਜ਼ਰ ਸਨ।

ਸਥਾਨਕ ਪੱਧਰ ਦੀਆਂ ਚੋਣਾਂ ਵੀ ਹੁਣ ਵੱਡੇ ਸਿਆਸੀ ਟਕਰਾਅ ਦਾ ਕੇਂਦਰ ਬਣ ਚੁੱਕੀਆਂ

ਇਸ ਸਾਰੀ ਘਟਨਾ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਸਥਾਨਕ ਪੱਧਰ ਦੀਆਂ ਚੋਣਾਂ ਵੀ ਹੁਣ ਵੱਡੇ ਸਿਆਸੀ ਟਕਰਾਅ ਦਾ ਕੇਂਦਰ ਬਣ ਚੁੱਕੀਆਂ ਹਨ, ਜਿੱਥੇ ਇੱਕ ਪਾਸੇ ਸਿਆਸੀ ਪਾਰਟੀਆਂ ਬਹੁਮਤ ਦੇ ਆਧਾਰ ’ਤੇ ਆਪਣਾ ਹੱਕ ਜਤਾਉਂਦੀਆਂ ਹਨ, ਉੱਥੇ ਦੂਜੇ ਪਾਸੇ ਪ੍ਰਸ਼ਾਸਨ ’ਤੇ ਪੱਖਪਾਤ ਦੇ ਦੋਸ਼ ਲੱਗ ਰਹੇ ਹਨ। ਇਲਾਕੇ ਦੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜੇਕਰ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਨਾ ਬਣਾਇਆ ਗਿਆ ਤਾਂ ਲੋਕਾਂ ਦਾ ਭਰੋਸਾ ਪ੍ਰਣਾਲੀ ’ਤੇ ਡਗਮਗਾ ਸਕਦਾ ਹੈ। ਉਹ ਕਹਿੰਦੇ ਹਨ ਕਿ ਚੋਣਾਂ ਦਾ ਮਕਸਦ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੁੰਦਾ ਹੈ, ਨਾ ਕਿ ਇਸ ਨੂੰ ਕਮਜ਼ੋਰ ਕਰਨਾ।

ਬਲਾਕ ਸੰਮਤੀ ਚੋਣ ਹੁਣ ਸਿਰਫ ਪ੍ਰਸ਼ਾਸਨਿਕ ਕਾਰਵਾਈ ਨਹੀਂ ਰਹੀ, ਸਗੋਂ ਸਿਆਸੀ ਇੱਜ਼ਤ ਅਤੇ ਦਬਦਬੇ ਦੀ ਲੜਾਈ ਬਣੀ

ਇਹ ਸਪੱਸ਼ਟ ਹੈ ਕਿ ਬਾਘਾ ਪੁਰਾਣਾ ਦੀ ਬਲਾਕ ਸੰਮਤੀ ਚੋਣ ਹੁਣ ਸਿਰਫ ਇੱਕ ਪ੍ਰਸ਼ਾਸਨਿਕ ਕਾਰਵਾਈ ਨਹੀਂ ਰਹੀ, ਸਗੋਂ ਇਹ ਸਿਆਸੀ ਇੱਜ਼ਤ ਅਤੇ ਦਬਦਬੇ ਦੀ ਲੜਾਈ ਬਣ ਚੁੱਕੀ ਹੈ। ਹੁਣ ਸਭ ਦੀਆਂ ਨਿਗਾਹਾਂ ਅਗਲੇ ਕਦਮ ’ਤੇ ਟਿਕੀਆਂ ਹੋਈਆਂ ਹਨਕੀ ਪ੍ਰਸ਼ਾਸਨ ਨਿਰਪੱਖ ਚੋਣ ਕਰਵਾਏਗਾ ਜਾਂ ਫਿਰ ਇਹ ਵਿਵਾਦ ਹੋਰ ਗਹਿਰਾ ਹੋਵੇਗਾ? ਇਕ ਗੱਲ ਤਾਂ ਸਾਫ ਹੈ ਕਿ ਅੱਜ ਦੀਆਂ ਘਟਨਾਵਾਂ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ, ਜਿਸ ਦੇ ਪ੍ਰਭਾਵ ਆਉਣ ਵਾਲੇ ਸਮੇਂ ਵਿਚ ਵੀ ਵੇਖਣ ਨੂੰ ਮਿਲਣਗੇ।

ਬੀ. ਡੀ. ਪੀ. ਓ. ਦਫਤਰ ’ਚ ਤਨਾਅਪੂਰਨ ਮਾਹੌਲ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਪੁਲਸ ਸੁਰੱਖਿਆ ਹੇਠ ਬਾਹਰ ਕੱਢਿਆ

ਬਾਘਾ ਪੁਰਾਣਾ ਵਿਖੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੀ. ਡੀ. ਪੀ.ਓ. ਦਫਤਰ ਅੰਦਰ ਅੱਜ ਦਿਨ ਭਰ ਤਨਾਅਪੂਰਨ ਮਾਹੌਲ ਬਣਿਆ ਰਿਹਾ। ਇਸ ਦੌਰਾਨ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਸਖਤ ਪੁਲਸ ਸੁਰੱਖਿਆ ਹੇਠ ਦਫਤਰ ਅੰਦਰੋਂ ਬਾਹਰ ਕੱਢਣਾ ਪਿਆ। ਦਫਤਰ ਦੇ ਬਾਹਰ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਇਕੱਠੇ ਹੋਏ ਹੋਣ ਕਾਰਨ ਹਾਲਾਤ ਕਾਫੀ ਤਣਾਓਪੂਰਨ ਬਣ ਗਏ ਸਨ। ਇਸ ਮੌਕੇ ਸੱਤਾਧਾਰੀ ਪਾਰਟੀ ’ਤੇ ਦੋਵੇਂ ਪੱਖਾਂ ਵੱਲੋਂ ਧੱਕੇਸ਼ਾਹੀ ਅਤੇ ਗੈਰ-ਲੋਕਤੰਤਰਿਕ ਤਰੀਕਿਆਂ ਨਾਲ ਚੋਣ ਪ੍ਰਭਾਵਿਤ ਕਰਨ ਦੇ ਦੋਸ਼ ਲਗਾਏ ਗਏ। ਇਸ ਸਬੰਧੀ ਅਕਾਲੀਆਂ ਅਤੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਵਿਧਾਇਕ ਵੱਲੋਂ ਆਪਣੇ ਪ੍ਰਭਾਵ ਦਾ ਗਲਤ ਇਸਤੇਮਾਲ ਕਰ ਕੇ ਚੋਣ ਪ੍ਰਕਿਰਿਆ ’ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News