ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕੀਤਾ ਸਰਕਾਰੀ ਸਕੂਲ, ਇਸ ''ਸਟਾਰ ਅਧਿਆਪਕ'' ਦੇ ਨੇ ਵੱਖਰੇ ਅਸੂਲ

Tuesday, Sep 05, 2017 - 05:35 PM (IST)

ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕੀਤਾ ਸਰਕਾਰੀ ਸਕੂਲ, ਇਸ ''ਸਟਾਰ ਅਧਿਆਪਕ'' ਦੇ ਨੇ ਵੱਖਰੇ ਅਸੂਲ

ਅੰਮ੍ਰਿਤਸਰ (ਸੁਮਿਤ) : ਵਿਰਾਸਤ ਤੇ ਸੱਭਿਆਚਾਰ ਕਿਸੇ ਵੀ ਦੇਸ਼ ਤੇ ਸੂਬੇ ਦਾ ਸਰਮਾਇਆ ਹੁੰਦੇ ਹਨ ਤੇ ਇਸ ਨੂੰ ਬੜੇ ਹੀ ਪਿਆਰ ਨਾਲ ਸਾਂਭ ਕੇ ਬੈਠਾ ਹੈ ਅੰਮ੍ਰਿਤਸਰ ਦਾ ਇਹ ਸਰਕਾਰੀ ਸਕੂਲ। ਅਨੁਸ਼ਾਸਨ, ਸਾਫ-ਸਫਾਈ, ਸੀ. ਸੀ. ਟੀ. ਵੀ. ਨਾਲ ਲੈਸ ਕਲਾਸਾਂ, ਵਧੀਆ ਆਚਰਣ ਦੀ ਸਿੱਖਿਆ ਅਤੇ ਵਧੀਆ ਪੜ੍ਹਾਈ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਕਰਕੇ ਅੰਮ੍ਰਿਤਸਰ ਦੇ ਮਾਨਾ ਸਿੰਘ ਰੋਡ 'ਤੇ ਕੁੜੀਆਂ ਦੇ ਆਮ ਜਿਹੇ ਸਰਕਾਰੀ ਸਕੂਲ ਦੀ ਬੱਲੇ-ਬੱਲੇ ਹੈ ਅਤੇ ਇਸੇ ਕਰਕੇ ਹੀ ਇਸ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਪਾਲ ਨੂੰ ਅੱਜ ਅਧਿਆਪਕ ਦਿਵਸ 'ਤੇ ਬੈਸਟ ਟੀਚਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਨਿਮਰਤਾ ਅਜਿਹੀ ਕੀ ਸਕੂਲ ਦੇ ਬੱਚੇ-ਬੱਚੇ ਤੋਂ ਲੈ ਕੇ ਅਧਿਆਪਕ ਤੱਕ ਆਪਣੇ ਇਸ ਪ੍ਰਿੰਸੀਪਲ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਤੇ ਕਾਬਲੀਅਤ ਅਜਿਹੀ ਕਿ ਕੁੜੀਆਂ ਦਾ ਇਹ ਸਰਕਾਰੀ ਸਕੂਲ ਕਿਸੇ ਵੀ ਪਬਲਿਕ ਸਕੂਲ ਨੂੰ ਮਾਤ ਪਾ ਦਿੰਦਾ ਹੈ।
ਵਿਰਾਸਤੀ ਅਜਾਇਬ ਘਰ ਇਸ ਸਕੂਲ ਦਾ ਖਾਸ ਆਕਰਸ਼ਣ ਹੈ। ਇਸ ਰਾਹੀਂ ਜਿੱਥੇ ਵਿਦਿਆਰਥਣਾਂ ਨੂੰ ਸੱਭਿਆਚਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉੱਥੇ ਹੀ ਇਸ ਸਕੂਲ ਦੀਆਂ ਕੁੜੀਆਂ ਨੂੰ ਆਤਮ-ਨਿਰਭਰ ਬਣਨਾ ਅਤੇ ਮੁਸੀਬਤਾਂ ਨਾਲ ਲੜਨਾ ਵੀ ਸਿਖਾਇਆ ਜਾਂਦਾ ਹੈ। ਸਕੂਲ 'ਚ ਸਾਫ ਪਾਣੀ ਤੋਂ ਲੈ ਕੇ ਸਾਫ-ਸਫਾਈ ਦਾ ਵਧੀਆ ਪ੍ਰਬੰਧ ਹੈ। ਮਿਡ-ਡੇਅ ਮੀਲ ਵਰਕਰ ਤੱਕ ਹੱਥਾਂ ਤੇ ਸਿਰ ਨੂੰ ਢੱਕ ਕੇ ਕੰਮ ਕਰਦੇ ਹਨ। ਇਨ੍ਹਾਂ ਸਾਰੀਆਂ ਖਾਸੀਅਤਾਂ ਦੇ ਵਿਚ ਖਾਸ ਗੱਲ ਇਹ ਵੀ ਹੈ ਕਿ ਸਕੂਲ ਦਾ ਨਤੀਜਾ 100 ਫੀਸਦੀ ਰਹਿੰਦਾ ਹੈ। ਬੱਚੇ ਇਸ ਸਕੂਲ ਨੂੰ ਆਪਣਾ ਦੂਜਾ ਘਰ ਮੰਨਦੇ ਹਨ ਤੇ ਪ੍ਰਿੰਸੀਪਲ ਜਤਿੰਦਰ ਪਾਲ ਨੂੰ ਬੈਸਟ ਟੀਚਰ ਦਾ ਐਵਾਰਡ ਮਿਲਣ ਕਰਕੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ।
ਵਧੀਆ ਕਿਰਦਾਰ ਦੇ ਮਾਲਕ ਜਤਿੰਦਰ ਪਾਲ ਨੇ ਬੜੀ ਰੂਹ ਨਾਲ ਕੁੜੀਆਂ ਦੇ ਇਸ ਸਰਕਾਰੀ ਸਕੂਲ ਦੀ ਸਾਂਭ-ਸੰਭਾਲ ਕੀਤੀ ਹੈ। ਉਨ੍ਹਾਂ ਦੇ ਇਸ ਉਪਰਾਲੇ ਲਈ ਪਿੰਡ ਦੇ ਲੋਕ ਜਿੱਥੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ, ਉੱਥੇ ਹੀ ਜਗ ਬਾਣੀ ਦੀ ਟੀਮ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਉਪਲੱਬਧੀ ਲਈ ਸਲਾਮ ਕਰਦੀ ਹੈ।


Related News