ਸੀਟਾਂ ਦੀ ਕਮੀ ਬਣੇਗੀ ਮੁਸੀਬਤ : 140 ਸੀਟਾਂ ''ਤੇ 1510 ਬਿਨੇ-ਪੱਤਰ
Sunday, Jun 24, 2018 - 05:01 AM (IST)
ਲੁਧਿਆਣਾ(ਵਿੱਕੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਕੰਨਿਆ ਕਾਲਜ 'ਚ ਬੀ. ਕਾਮ ਵਿਚ ਦਾਖਲੇ ਲਈ ਵਿਦਿਆਰਥਣਾਂ ਨੇ ਉਤਸ਼ਾਹ ਦਿਖਾਇਆ ਹੈ। ਕਾਲਜ ਵਿਚ ਬੀ. ਕਾਮ ਪਹਿਲੇ ਸਾਲ ਦੀਆਂ 140 ਸੀਟਾਂ ਲਈ ਸ਼ਨੀਵਾਰ ਦੇਰ ਸ਼ਾਮ ਤੱਕ ਕਰੀਬ 11 ਗੁਣਾ ਵੱਧ ਵਿਦਿਆਰਥੀਆਂ ਨੇ ਐਡਮਿਸ਼ਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਹੀ ਹਾਲ ਬੀ. ਏ. ਪਹਿਲੇ ਸਾਲ ਦਾ ਵੀ ਹੈ। ਬੀ. ਏ. ਦੀਆਂ ਕਰੀਬ 460 ਸੀਟਾਂ ਲਈ 1550 ਵਿਦਿਆਰਥੀਆਂ ਨੇ ਫਾਰਮ ਭਰ ਕੇ ਸੀਟ 'ਤੇ ਆਪਣਾ ਦਾਅਵਾ ਜਤਾਇਆ ਹੈ। ਕਾਲਜ ਵਿਚ ਅੰਡਰ ਗ੍ਰੈਜੂਏਟ ਕਲਾਸਾਂ ਦੇ ਪਹਿਲੇ ਸਾਲ ਵਿਚ ਦਾਖਲੇ ਲਈ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ ਅੱਧੀ ਰਾਤ ਨੂੰ 12 ਵਜੇ ਬੰਦ ਹੋ ਗਈ ਹੈ ਅਤੇ ਕਾਲਜ ਨੇ ਅਜੇ ਤੱਕ ਰਜਿਸਟ੍ਰੇਸ਼ਨ ਦੀ ਤਰੀਕ ਵਿਚ ਵਾਧਾ ਨਹੀਂ ਕੀਤਾ। ਦਾਖਲੇ ਲਈ ਵਿਦਿਆਰਥਣਾਂ ਵੱਲੋਂ ਥੋਕ ਦੇ ਭਾਅ ਵਿਚ ਬਿਨੇ-ਪੱਤਰਾਂ ਦੀ ਗਿਣਤੀ ਨਾਲ ਇਕ ਗੱਲ ਤਾਂ ਸਾਫ ਹੀ ਹੈ ਕਿ ਸਰਕਾਰੀ ਕੰਨਿਆ ਕਾਲਜ ਵਿਚ ਦਾਖਲਾ ਲੈਣਾ ਸੌਖਾ ਕੰਮ ਨਹੀਂ ਹੋਵੇਗਾ। ਇਸ ਵਾਰ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਸੀਟਾਂ ਦੀ ਕਮੀ ਵਿਦਿਆਰਥਣਾਂ ਦੀ ਪੜ੍ਹਾਈ ਲਈ ਅੜਿੱਕਾ ਬਣੇਗੀ। ਅਜਿਹੇ ਵਿਚ ਬੀ. ਕਾਮ 'ਚ 140 ਵਿਦਿਆਰਥਣਾਂ ਨੂੰ ਛੱਡ ਕੇ ਹੋਰਨਾਂ ਨੂੰ ਨਿੱਜੀ ਕਾਲਜਾਂ ਵੱਲ ਰੁਖ ਕਰਨਾ ਹੀ ਪਵੇਗਾ।
ਕਿਹੜੇ ਕੋਰਸ ਲਈ ਕਿੰਨੇ ਆਏ ਬਿਨੇ-ਪੱਤਰ
ਜਾਣਕਾਰੀ ਮੁਤਾਬਕ ਬੀ. ਕਾਮ ਦੀਆਂ 140 ਸੀਟਾਂ ਲਈ 1510 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ, ਉਥੇ ਬੀ. ਏ. ਦੀਆਂ 450 ਸੀਟਾਂ ਲਈ 1550, ਬੀ. ਬੀ. ਏ. ਦੀਆਂ 40 ਸੀਟਾਂ ਲਈ ਕਰੀਬ 300, ਬੀ. ਸੀ. ਏ. ਦੀਆਂ 40 ਸੀਟਾਂ ਲਈ 300, ਬੀ. ਐੱਸ. ਸੀ. ਨਾਨ-ਮੈਡੀਕਲ ਦੀਆਂ 160 ਸੀਟਾਂ ਲਈ ਕਰੀਬ 500 ਅਤੇ ਬੀ. ਐੱਸ. ਸੀ. ਮੈਡੀਕਲ ਦੀਆਂ 140 ਸੀਟਾਂ ਲਈ 300 ਤੋਂ ਵੱਧ ਵਿਦਿਆਰਥਣਾਂ ਨੇ ਆਨਲਾਈਨ ਫਾਰਮ ਭਰੇ ਹਨ। ਪ੍ਰਿੰ. ਸਵਿਤਾ ਸ਼ਰਮਾ ਨੇ ਦੱਸਿਆ ਕਿ ਅਜੇ ਬਿਨੇ-ਪੱਤਰ ਲਈ ਤਰੀਕ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ ਪਰ ਅੰਡਰ ਗ੍ਰੈਜੂਏਟ ਕਲਾਸਾਂ ਦੇ ਦੂਸਰੇ ਤੇ ਤੀਸਰੇ ਸਾਲ ਤੋਂ ਇਲਾਵਾ ਪੋਸਟ ਗ੍ਰੈਜੂਏਟ ਕਲਾਸਾਂ ਦੇ ਪਹਿਲੇ ਤੇ ਦੂਜੇ ਸਾਲ ਲਈ ਫਿਲਹਾਲ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਰੀ ਹੈ।
ਪਿਛਲੇ ਸਾਲਾਂ ਦੀ ਤੁਲਨਾ 'ਚ ਬਿਨੇ-ਪੱਤਰ ਹੋਏ ਘੱਟ
ਦਾਖਲੇ ਲਈ ਆਏ ਬਿਨੇ-ਪੱਤਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰੀ ਕੰਨਿਆ ਕਾਲਜ ਵਿਚ ਮੁੱਖ ਸਟਰੀਮਾਂ ਦੀ ਕੱਟ-ਆਫ ਵੀ ਹਾਈ ਹੀ ਰਹੇਗੀ। ਹਾਲਾਂਕਿ ਜੇਕਰ ਪਿਛਲੇ ਸਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਤੁਲਨਾ ਮੁਤਾਬਕ ਬਿਨੇ-ਪੱਤਰ ਕੁਝ ਘੱਟ ਆਏ ਹਨ। ਬੀ. ਕਾਮ ਵਿਚ ਜਿਥੇ ਦਾਖਲੇ ਦੇ ਬਿਨੇ-ਪੱਤਰਾਂ ਦੀ ਗਿਣਤੀ 1900 ਦੇ ਕਰੀਬ ਪਹੁੰਚ ਜਾਂਦੀ ਸੀ, ਇਸ ਵਾਰ 1500 'ਤੇ ਹੀ ਰੁਕ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਵਿਚ ਵਿਦੇਸ਼ ਜਾਣ ਦਾ ਕ੍ਰੇਜ਼ ਵੱਧ ਹੋਣ ਦੇ ਇਲਾਵਾ ਦੂਸਰੇ ਸ਼ਹਿਰਾਂ ਦੇ ਨਾਮੀ ਕਾਲਜਾਂ ਵਿਚ ਐਡਮਿਸ਼ਨ ਲੈ ਕੇ ਪੜ੍ਹਣ ਦਾ ਉਤਸ਼ਾਹ ਵੱਧ ਗਿਆ ਹੈ।
ਹਰ ਸਾਲ ਹੁੰਦੀ ਹੈ ਸੀਟਾਂ ਦੀ ਕਮੀ
ਹੁਣ ਗੱਲ ਜੇਕਰ ਸਰਕਾਰੀ ਕੰਨਿਆ ਕਾਲਜ ਵਿਚ ਅੰਡਰ ਗ੍ਰੈਜੂਏਟ ਦੇ ਪਹਿਲੇ ਸਾਲ ਵਿਚ ਦਾਖਲੇ ਲਈ ਬਿਨੇ-ਪੱਤਰਾਂ ਦੀ ਕਰੀਏ ਤਾਂ ਕਰੀਬ 7000 ਵਿਦਿਆਰਥਣਾਂ ਨੇ ਵੱਖ-ਵੱਖ ਸਟਰੀਮ ਲਈ ਇਸ ਕਾਲਜ ਨੂੰ ਚੁਣਿਆ ਹੈ। ਹਾਲਾਂਕਿ ਵਿਦਿਆਰਥੀਆਂ ਦੀ ਪਸੰਦ ਦੀ ਤੁਲਨਾ ਵਿਚ ਇਸ ਕਾਲਜ ਵਿਚ ਹਰ ਸਟਰੀਮ ਦੀਆਂ ਸੀਟਾਂ ਦੀ ਕਮੀ ਹੈ। ਇਹੀ ਵਜ੍ਹਾ ਹੈ ਕਿ ਸਰਕਾਰੀ ਕਾਲਜ ਵਿਚ ਦਾਖਲਿਆਂ ਦਾ ਰੁਝਾਨ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਲੰਬੇ ਸਮੇਂ ਤੋਂ ਸੀਟਾਂ ਨਹੀਂ ਵਧਾਈਆਂ ਜਾ ਰਹੀਆਂ।