ਮਾਮਲਾ 7 ਸਾਲਾ ਬੱਚੀ ਦੇ ਕਤਲ ਦਾ, ਪੁਲਸ ਸਮਾਂ ਰਹਿੰਦੇ ਦੋਸ਼ੀ ਨੂੰ ਫੜ ਲੈਂਦੀ ਤਾਂ ਬੱਚ ਸਕਦੀ ਸੀ ਮਾਸੂਮ
Monday, Mar 12, 2018 - 03:26 PM (IST)

ਗੁਰਾਇਆ (ਮੁਨੀਸ਼)— ਸਮਾਂ ਰਹਿੰਦੇ ਜੇਕਰ ਬੜਾ ਪਿੰਡ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦੀ ਹੱਤਿਆ ਕਰਨ ਵਾਲੇ ਦੋਸ਼ੀ ਸੁਰਿੰਦਰ ਕੁਮਾਰ ਪੁੱਤਰ ਬ੍ਰਿਜਨ ਪਟੇਲ ਜੋ ਕਿ ਪਿੰਡ ਬੜਾ ਪਿੰਡ ਵਿਚ ਪਿਛਲੇ ਕਰੀਬ 3 ਸਾਲਾਂ ਤੋਂ ਰਹਿ ਰਿਹਾ ਸੀ, ਨੂੰ ਗ੍ਰਿਫਤਾਰ ਕੀਤਾ ਹੁੰਦਾ ਤਾਂ ਅੱਜ ਮਾਸੂਮ ਬੱਚੀ ਲਕਸ਼ਮੀ ਸਾਡੇ 'ਚ ਹੁੰਦੀ, ਇਸ ਨੂੰ ਪੁਲਸ ਦੀ ਨਾਲਾਇਕੀ ਕਿਹਾ ਜਾ ਸਕਦਾ ਹੈ ਕਿ ਪੁਲਸ ਤੋਂ ਬੱਚ ਕੇ ਦੋਸ਼ੀ ਗੁਰਾਇਆ ਦੇ ਬੜਾ ਪਿੰਡ ਵਿਚ ਪਿਛਲੇ ਕਰੀਬ 3 ਸਾਲਾਂ ਤੋਂ ਰਹਿ ਰਿਹਾ ਸੀ ਅਤੇ ਸ਼ਰੇਆਮ ਘੁੰਮ ਰਿਹਾ ਸੀ, ਜੋ ਜੀ. ਆਰ. ਪੀ. ਪੁਲਸ ਨੂੰ ਲੋੜੀਂਦਾ ਸੀ, ਜਿਸ ਨੇ ਸਾਲ 2008 'ਚ ਇਸੇ ਤਰ੍ਹਾਂ ਹੀ ਜਬਰ-ਜ਼ਨਾਹ ਕਰਕੇ ਇਕ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਖਿਲਾਫ ਜਲੰਧਰ ਜੀ. ਆਰ. ਪੀ. ਥਾਣੇ 'ਚ ਮਾਮਲਾ ਦਰਜ ਹੈ ਅਤੇ ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
ਮਾਰਚ 2008 'ਚ 9 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਸੀ ਹੱਤਿਆ:
ਗੁਰਾਇਆ ਪੁਲਸ ਵੱਲੋਂ 3 ਦਿਨ ਦੇ ਰਿਮਾਂਡ 'ਤੇ ਲਏ ਜਾਣ ਦੇ ਬਾਅਦ ਦੋਸ਼ੀ ਸੁਰਿੰਦਰ ਪਾਸੋਂ ਕਈ ਅਹਿਮ ਖੁਲਾਸੇ ਹੋਏ ਹਨ। ਜਿਸ ਤੋਂ ਪਤਾ ਲੱਗਾ ਹੈ ਕਿ 17 ਮਾਰਚ 2008 ਨੂੰ ਉਕਤ ਮੁਲਜ਼ਮ, ਜੋ ਫਗਵਾੜਾ 'ਚ ਕੰਮ ਕਰਦਾ ਸੀ, ਇਸ ਨੇ ਇਕ 9 ਸਾਲ ਦੀ ਬੱਚੀ ਨਾਲ ਰੇਲਵੇ ਸਟੇਸ਼ਨ ਕੋਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਦੇ ਖਿਲਾਫ ਜਲੰਧਰ ਵਿਖੇ ਜੀ. ਆਰ. ਪੀ. ਮਾਮਲਾ ਦਰਜ ਕੀਤਾ ਸੀ ਪਰ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕਰੀਬ ਡੇਢ ਸਾਲ ਅੰਮ੍ਰਿਤਸਰ ਰਿਹਾ ਉਥੋਂ ਫਰਾਰ ਹੋ ਕੇ ਬਿਹਾਰ ਭੱਜ ਗਿਆ ਸੀ, ਜਿਸ ਦੇ ਕਾਰਨ ਦੋਸ਼ੀ ਪੁਲਸ ਗ੍ਰਿਫਤ ਤੋਂ ਦੂਰ ਸੀ। ਜਿਸ ਦੇ ਬਾਅਦ ਉਹ ਬੜਾ ਪਿੰਡ ਵਿਚ ਰਹਿ ਰਿਹਾ ਸੀ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਗੁਰਾਇਆ ਪੁਲਸ ਦੀ ਪੁੱਛਗਿੱਛ 'ਚ ਹੋਇਆ ਖੁਲਾਸਾ
ਐੱਸ. ਐੱਚ. ਓ. ਪਰਮਿੰਦਰ ਸਿੰਘ–ਥਾਣਾ ਗੁਰਾਇਆ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਦਾ ਪੁਲਸ ਨੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਜਿਸ 'ਚ ਦੋਸ਼ੀ ਨੇ ਕਈ ਅਹਿਮ ਖੁਲਾਸੇ ਗੁਰਾਇਆ ਪੁਲਸ ਸਾਹਮਣੇ ਕੀਤੇ। ਜਿਸ 'ਚ ਦੋਸ਼ੀ ਨੇ ਦੱਸਿਆ ਕਿ ਉਸ ਨੇ ਸਾਲ 2008 'ਚ ਆਪਣੇ ਗੁਆਂਢ 'ਚ ਰਹਿਣ ਵਾਲੀ 9 ਸਾਲ ਦੀ ਲੜਕੀ ਜਿਸ ਨੂੰ ਉਸ ਦੇ ਪਰਿਵਾਰ ਨਾਲ ਸਟੇਸ਼ਨ ਛੱਡਣ ਗਿਆ ਸੀ ਅਤੇ ਉਸ ਨੂੰ ਪਾਣੀ ਪਿਲਾਉਣ ਦੇ ਬਹਾਨੇ ਲੈ ਆਇਆ ਸੀ, ਜਿਸ ਦੇ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦਾ ਗਲਾ ਦਬਾ ਕੇ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਉਸ ਦੇ ਖਿਲਾਫ ਜੀ. ਆਰ. ਪੀ. ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ। ਜੀ. ਆਰ. ਪੀ. ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।