ਕੇਂਦਰੀ ਜੇਲ੍ਹ ’ਚੋਂ 7 ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ
Tuesday, Mar 10, 2026 - 03:27 PM (IST)
ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਲ 7 ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 7 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਇਕ ਪੱਤਰ ਨੰਬਰ 1508 ਰਾਹੀਂ ਦੱਸਿਆ ਕਿ ਮਿਤੀ 1 ਮਾਰਚ 2026 ਨੂੰ ਤਲਾਸ਼ੀ ਦੌਰਾਨ ਹਵਾਲਾਤੀ ਵਿਕਾਸ ਪੁੱਤਰ ਦੀਦਾਰ ਸ਼ਰਮਾ ਵਾਸੀ ਮੁਹੱਲਾ ਚਾਅ ਬੇਰੀਆ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਅਰਸ਼ਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਹਵਾਲਾਤੀ ਮਨਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਫਿਰੋਜ਼ਪੁਰ, ਹਵਾਲਾਤੀ ਰਾਜਨ ਉਰਫ਼ ਕਲੀ ਪੁੱਤਰ ਬਾਲਾ ਬਲਕਾਰ ਵਾਸੀ ਫਿਰੋਜ਼ਪੁਰ, ਹਵਾਲਾਤੀ ਸੰਨੀ ਪੁੱਤਰ ਜੱਸਾ ਵਾਸੀ ਅਲੀ ਕੇ ਰੋਡ ਬਾਗ ਵਾਲੀ ਬਸਤੀ ਫਿਰੋਜ਼ਪੁਰ ਅਤੇ ਹਵਾਲਾਤੀ ਰਮਨ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਪਾਸੋਂ 6 ਮੋਬਾਇਲ ਫੋਨ ਬਰਾਮਦ ਹੋਏ ਹਨ।
ਪੁਲਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਿੰਦਰਪਾਲ ਸਿੰਘ ਡਿਪਟੀ ਸੁਪਰਡੈਂਟ ਸਕਿਓਰਿਟੀ ਕੇਂਦਰੀ ਜੇਲ੍ਹ ਪੱਤਰ ਨੰਬਰ 1600 ਮਿਲੀ 4 ਮਾਰਚ 2026 ਵੱਲੋਂ ਥਾਣਾ ਫਿਰੋਜ਼ਪੁਰ ਸਿਟੀ ਮੌਸੂਲ ਹੋਇਆ ਕਿ ਮਿਤੀ 4 ਮਾਰਚ 2026 ਨੂੰ 9.40 ਵਜੇ ਸਵੇਰੇ ਹਵਾਲਾਤੀ ਵਿਕਰਮਜੀਤ ਸਿੰਘ ਦੀ ਜੇਬ ਵਿਚੋਂ ਇਕ ਮੋਬਾਇਲ ਫੋਨ ਅਤੇ ਦੂਜੀ ਜੇਬ 'ਚੋਂ 26 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
