6ਵੀਂ ਕਲਾਸ ਦੀ ਵਿਦਿਆਰਥਣ ਦੇ ਅਗਵਾ ਦਾ ਮਾਮਲਾ ਪੁਲਸ ਲਈ ਬਣਿਆ ਸਵਾਲ, ਕੈਮਰੇ ਨਾ ਹੋਣ ਕਰਕੇ ਜਾਂਚ ਹੋਈ ਔਖੀ
Sunday, Sep 17, 2017 - 07:14 PM (IST)
ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)— ਬੀਤੇ ਦਿਨੀਂ ਸਕੂਲੀ ਬੱਚਿਆਂ ਨਾਲ ਹੋ ਰਹੀਆਂ ਘਟਨਾਵਾਂ ਤੋਂ ਬਾਅਦ ਸਰਕਾਰਾਂ ਅਤੇ ਪ੍ਰਸਾਸ਼ਨ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਨਿੱਜੀ ਸਕੂਲਾਂ ਵੱਲੋਂ ਪ੍ਰਬੰਧਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਨੀਵਾਰ ਨੂੰ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਗੇਟ ਦੇ ਬਾਹਰ ਵਾਪਰੀ ਲੜਕੀ ਦੇ ਅਗਵਾ ਕਰਨ ਦੀ ਘਟਨਾ ਪੁਲਸ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਲਈ ਸਵਾਲ ਬਣੀ ਹੋਈ ਹੈ। ਦਰਅਸਲ ਸਕੂਲ ਦੀ 6ਵੀਂ ਕਲਾਸ ਦੀ ਵਿਦਿਆਰਥਣ ਅਕਸ਼ਰਾ ਨੂੰ ਸਕੂਲ ਦੇ ਗੇਟ ਤੋਂ ਉਸ ਨੂੰ ਛੁੱਟੀ ਸਮੇਂ ਦੋ ਅਣਪਛਾਤਿਆਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਹਿੰਮਤ ਸਦਕਾ ਬੱਚ ਗਈ। ਸਕੂਲ ਪ੍ਰਬੰਧਕ ਇਸ ਮਾਮਲੇ ਸਬੰਧੀ ਸਾਹਮਣੇ ਨਹੀਂ ਆ ਰਹੇ ਪਰ ਸਕੂਲ ਦਾ ਗੇਟਮੈਨ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਰਿਹਾ ਹੈ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਜੇਕਰ ਇਸ ਨਿੱਜੀ ਸਕੂਲ ਦੇ ਗੇਟ 'ਤੇ ਕੈਮਰੇ ਲੱਗੇ ਹੁੰਦੇ ਤਾਂ ਘਟਨਾ ਸਬੰਧੀ ਸਭ ਸਾਫ ਹੋ ਜਾਣਾ ਸੀ। ਸਕੂਲ ਦੇ ਗੇਟਾਂ 'ਤੇ ਕੈਮਰੇ ਨਾ ਹੋਣ ਕਾਰਨ ਜਾਂਚ ਵਿਚ ਸਮੱਸਿਆ ਆ ਰਹੀ ਹੈ ਅਤੇ ਪੁਲਸ ਵੀ ਇਹ ਗੱਲ ਮੰਨ ਰਹੀ ਹੈ ਕਿ ਜੇਕਰ ਗੇਟਾਂ ਤੇ ਕੈਮਰੇ ਹੁੰਦੇ ਤਾਂ ਜਾਂਚ ਸੁਖਾਲੀ ਹੋ ਜਾਣੀ ਸੀ। ਦੂਜੇ ਪਾਸੇ ਲੜਕੀ ਦੇ ਪਿਤਾ ਚੇਤਕ ਅਰੋੜਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਦੇ ਪ੍ਰਬੰਧਕ ਹੁਣ ਲੜਕੀ 'ਤੇ ਹੀ ਦੋਸ਼ ਲਾ ਰਹੇ ਹਨ। ਗੇਟਮੈਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਗੇਟ 'ਤੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਕਿਸੇ ਵੀ ਕੁੜੀ ਨੂੰ ਵੈਨ 'ਚ ਪਾ ਕੇ ਅਗਵਾ ਨਹੀਂ ਕੀਤਾ ਗਿਆ।
ਐੱਸ. ਐੱਚ. ਓ. ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਗੇਟਾਂ ਤੇ ਕੈਮਰੇ ਨਹੀਂ ਹਨ ਜੇਕਰ ਇਸ ਜਗ੍ਹਾ 'ਤੇ ਸੀ. ਸੀ. ਟੀ. ਵੀ ਕੈਮਰੇ ਹੁੰਦੇ ਤਾਂ ਜਾਂਚ ਵਿਚ ਸੌਖ ਹੋਣੀ ਸੀ। ਸਕੂਲ ਨੂੰ ਕੈਮਰੇ ਲਵਾਉਣ ਸਬੰਧੀ ਕਿਹਾ ਗਿਆ ਹੈ ਅਤੇ ਉਨ੍ਹਾਂ ਜਲਦ ਕੈਮਰੇ ਲਵਾਉਣ ਦੀ ਹਾਮੀ ਭਰੀ ਹੈ।
