ਚਾਹ ਦੀ ਦੁਕਾਨ ''ਤੇ ਵਿੱਕ ਰਿਹੈ ਨਸ਼ਾ! ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਪੁਲਸ ਦਾ ਐਕਸ਼ਨ
Tuesday, Dec 09, 2025 - 04:22 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਬਾਹਰ ਚਾਹ ਦੀ ਦੁਕਾਨ ਦੀ ਆੜ ਵਿਚ ਨਸ਼ੀਲੇ ਕੈਪਸੂਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿਚ ਇਕ ਵਿਅਕਤੀ ਲੋਕਾਂ ਨੂੰ ਨਸ਼ੀਲੇ ਕੈਪਸੂਲ ਵੇਚਦਾ ਦਿਖਾਈ ਦੇ ਰਿਹਾ ਹੈ। ਜਦੋਂ ਇਹ ਵੀਡੀਓ ਪੁਲਸ ਕੋਲ ਪਹੁੰਚੀ, ਤਾਂ ਉਨ੍ਹਾਂ ਨੇ ਕਾਰਵਾਈ ਕੀਤੀ ਅਤੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਪਾਬੰਦੀਸ਼ੁਦਾ ਪ੍ਰੈਗਾ ਕੈਪਸੂਲ ਬਰਾਮਦ ਹੋਏ।
ਜਲਾਲਾਬਾਦ ਦੇ ਡੀ.ਐੱਸ.ਪੀ. ਗੁਰਸੇਵਕ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜੋ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਦੀ ਦੱਸੀ ਜਾ ਰਹੀ ਸੀ। ਇਸ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਸਰਕਾਰੀ ਹਸਪਤਾਲ ਦੇ ਬਾਹਰ ਚਾਹ ਅਤੇ ਦੁੱਧ ਦੀ ਦੁਕਾਨ ਚਲਾ ਰਿਹਾ ਇਕ ਵਿਅਕਤੀ ਨਸ਼ੀਲੇ ਕੈਪਸੂਲ ਵੇਚ ਰਿਹਾ ਸੀ। ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਅਮੀਰ ਖਾਸ ਥਾਣੇ ਦੇ ਐੱਸ.ਐੱਚ.ਓ. ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਇਸ ਤੋਂ ਬਾਅਦ ਐੱਸ.ਐੱਚ.ਓ. ਜੁਗਰਾਜ ਸਿੰਘ ਨੇ ਕਾਰਵਾਈ ਕਰਦਿਆਂ ਨਸ਼ੀਲੇ ਕੈਪਸੂਲ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਸ ਤੋਂ 10 ਪ੍ਰੈਗਾ ਕੈਪਸੂਲ ਵੀ ਬਰਾਮਦ ਕੀਤੇ। ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਪੁਲਸ ਨਸ਼ੀਲੇ ਪਦਾਰਥਾਂ ਵਿਰੁੱਧ ਸਖ਼ਤ ਹੈ ਅਤੇ ਅਜਿਹੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
