ਕੰਮ ''ਤੇ ਗਈ ਕੁੜੀ ਹੋਈ ਅਗਵਾ! ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ
Tuesday, Dec 09, 2025 - 05:27 PM (IST)
ਲੁਧਿਆਣਾ (ਗੌਤਮ): ਹੈਬੋਵਾਲ ਇਲਾਕੇ ਦੀ ਇਕ ਨਾਬਾਲਗ ਲੜਕੀ ਨੂੰ ਵਿਆਹ ਕਰਵਾਉਣ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਵਿਚ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਵਿਰੁੱਧ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਹੈਬੋਵਾਲ ਥਾਣੇ ਦੀ ਪੁਲਸ ਨੇ ਬਿਹਾਰ ਦੇ ਰਹਿਣ ਵਾਲੇ ਸੋਨੂੰ ਕੁਮਾਰ ਯਾਦਵ ਵਿਰੁੱਧ ਕਾਰਵਾਈ ਕੀਤੀ।
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ, ਨਾਬਾਲਗ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਕੰਮ ਲਈ ਬਾਹਰ ਗਈ ਸੀ ਪਰ ਵਾਪਸ ਨਹੀਂ ਆਈ। ਬਹੁਤ ਭਾਲ ਕਰਨ 'ਤੇ ਵੀ ਉਹ ਕਿੱਧਰੇ ਨਹੀਂ ਮਿਲੀ। ਬਾਅਦ ਵਿਚ ਪਤਾ ਲੱਗਾ ਕਿ ਉਕਤ ਮੁਲਜ਼ਮ ਵੀ ਆਪਣੇ ਘਰ ਨਹੀਂ ਸੀ। ਉਸ ਨੂੰ ਪਤਾ ਲੱਗਾ ਕਿ ਦੋਸ਼ੀ ਨੇ ਉਸ ਦੀ ਧੀ ਨੂੰ ਵਿਆਹ ਕਰਵਾਉਣ ਦੇ ਇਰਾਦੇ ਨਾਲ ਵਰਗਲਾ ਕੇ ਅਗਵਾ ਕੀਤਾ ਸੀ। ਨਾਬਾਲਗ ਲੜਕੀ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾਂ ਵੀ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਮੱਖਣ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
