ਅਨਮੋਲ ਬਿਸ਼ਨੋਈ ਲਈ ਕੇਂਦਰੀ ਗ੍ਰਹਿ ਮੰਤਰਾਲਾ ਬਣਿਆ ਸੁਰੱਖਿਆ ‘ਕਵਚ’!

Tuesday, Dec 16, 2025 - 07:38 AM (IST)

ਅਨਮੋਲ ਬਿਸ਼ਨੋਈ ਲਈ ਕੇਂਦਰੀ ਗ੍ਰਹਿ ਮੰਤਰਾਲਾ ਬਣਿਆ ਸੁਰੱਖਿਆ ‘ਕਵਚ’!

ਫਿਲੌਰ (ਭਾਖੜੀ) - ਅਨਮੋਲ ਬਿਸ਼ਨੋਈ ਨੂੰ ਲੈ ਕੇ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਦੀ ਪੁਲਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 303 ’ਚ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਅਨਮੋਲ ਬਿਸ਼ਨੋਈ ਹੁਣ ਪੂਰੇ 1 ਸਾਲ ਤੱਕ ਤਿਹਾੜ ਜੇਲ੍ਹ ’ਚ ਰਹੇਗਾ। ਉਸ ਨੂੰ ਨਾ ਤਾਂ ਹੁਣ ਪੰਜਾਬ ਪੁਲਸ ਇਥੇ ਲਿਆ ਕੇ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਸੂਬੇ ਦੀ ਪੁਲਸ ਉਸ ਨੂੰ ਪੁੱਛਗਿੱਛ ਲਈ ਲਿਜਾ ਸਕੇਗੀ।

ਗੈਂਗਸਟਰ ਅਨਮੋਲ ਬਿਸ਼ਨੋਈ ’ਤੇ ਪੰਜਾਬ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਮੇਤ 7 ਵੱਡੇ ਅਪਰਾਧਕ ਮਾਮਲੇ ਦਰਜ ਹਨ, ਜਦਕਿ ਮਹਾਰਾਸ਼ਟਰ ਵਿਚ ਐੱਨ. ਸੀ. ਪੀ. ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਤੋਂ ਇਲਾਵਾ ਸਲਮਾਨ ਖਾਨ ਦੇ ਘਰ ’ਤੇ ਫਾਇਰਿੰਗ ਕਰਵਾਉਣ ਦੇ ਕੇਸ ਦਰਜ ਹਨ। ਸਾਬਰਮਤੀ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਜਿਸ ਨੂੰ ਹਾਲ ਹੀ ਵਿਚ ਦੇਸ਼ ਦੀ ਸੁਰੱਖਿਆ ਏਜੰਸੀ ਐੱਨ. ਆਈ. ਏ. ਦੇ ਅਧਿਕਾਰੀ ਅਮਰੀਕਾ ਤੋਂ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਏ ਸਨ। ਅਨਮੋਲ ਦੇ ਭਾਰਤ ਆਉਂਦੇ ਹੀ ਪੰਜਾਬ ਪੁਲਸ ਅਤੇ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਟੀਮਾਂ ਨੇ ਪੂਰੀ ਤਰ੍ਹਾਂ ਅਨਮੋਲ ਨੂੰ ਪੰਜਾਬ ਲਿਆਉਣ ਦੀ ਤਿਆਰੀ ਕਰ ਲਈ ਸੀ।

ਬੀਤੇ ਦਿਨ ਐੱਨ. ਆਈ. ਏ. ਨੇ ਅਨਮੋਲ ਤੋਂ ਪੁੱਛਗਿੱਛ ਕਰ ਕੇ ਜਿਵੇਂ ਹੀ ਅਦਾਲਤ ’ਚ ਪੇਸ਼ ਕਰ ਕੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਸ ਦੀ ਲੋੜ ਨਹੀਂ ਤਾਂ ਅਦਾਲਤ ਨੇ ਉਸ ਦਾ ਨਿਆਇਕ ਰਿਮਾਂਡ ਖ਼ਤਮ ਕਰਦੇ ਹੋਏ ਤਿਹਾੜ ਜੇਲ ਭੇਜ ਦਿੱਤਾ। ਅਨਮੋਲ ਦੇ ਤਿਹਾੜ ਜੇਲ ਜਾਣ ਤੋਂ ਬਾਅਦ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਦੀ ਪੁਲਸ ਆਪਣੇ ਕੋਲ ਦਰਜ ਕੇਸ ਦੇ ਸਬੰਧ ’ਚ ਉਸ ਨੂੰ ਉਥੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਤਾਂ ਉਸੇ ਸਮੇਂ ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੀਆਂ ਤਿਆਰੀਆਂ ’ਤੇ ਪਾਣੀ ਫੇਰਦੇ ਹੋਏ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸਾਹਿਤ (ਬੀ. ਐੱਨ. ਐੱਸ.) ਦੀ ਧਾਰਾ 303 ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕਰ ਦਿੱਤਾ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ 1 ਸਾਲ ਤੱਕ ਤਿਹਾੜ ਜੇਲ੍ਹ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ।

ਉਹ ਹੁਣ ਪੂਰੀ ਤਰ੍ਹਾਂ ਤਿਹਾੜ ਜੇਲ੍ਹ ਵਿਚ ਹੀ ਰਹੇਗਾ। ਜੇਕਰ ਕਿਸੇ ਵੀ ਪ੍ਰਦੇਸ਼ ਦੀ ਪੁਲਸ ਨੇ ਉਸ ਤੋਂ ਪੁੱਛਗਿੱਛ ਕਰਨੀ ਹੈ ਤਾਂ ਉਹ ਤਿਹਾੜ ਜੇਲ ਜਾ ਕੇ ਉਸ ਨੂੰ ਮਿਲ ਕੇ ਗੱਲਬਾਤ ਕਰ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਇਹ ਫੈਸਲਾ ਅਜਿਹੇ ਸਮੇਂ ਵਿਚ ਲਿਆ, ਜਦੋਂ ਪੰਜਾਬ ਪੁਲਸ ਅਨਮੋਲ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਪੰਜਾਬ ਲਿਆ ਕੇ ਉਸ ਤੋਂ ਪੁੱਛਗਿੱਛ ਦੌਰਾਨ ਅਹਿਮ ਜਾਣਕਾਰੀਆਂ ਹਾਸਲ ਕਰ ਸਕਦੀ ਸੀ ਕਿ ਮੂਸੇਵਾਲਾ ਨੂੰ ਮਾਰਨ ਲਈ ਉਨ੍ਹਾਂ ਨੂੰ ਫਿਰੌਤੀ ਕਿਸੇ ਨੇ ਦਿੱਤੀ ਅਤੇ ਸਿੱਧੂ ਨੂੰ ਮਾਰਨ ਲਈ ਅਨਮੋਲ ਬਿਸ਼ਨੋਈ ਨੇ ਕਾਤਲ ਕਿਥੋਂ ਮੰਗਵਾਏ ਸਨ, ਜੋ ਸ਼ੂਟਰਾਂ ਨੂੰ ਦਿੱਤੇ ਗਏ। ਗ੍ਰਹਿ ਮੰਤਰਾਲਾ ਦੀ ਇਸ ਕਾਰਵਾਈ ਨਾਲ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਮੁਲਜ਼ਮ ਅਨਮੋਲ ਬਿਸ਼ਨੋਈ ਤਿਹਾੜ ਜੇਲ੍ਹ ’ਚ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਕੇਂਦਰ ਸਰਕਾਰ ਵਲੋਂ ਲਿਆ ਗਿਆ ਇਹ ਫੈਸਲਾ ਅਨਮੋਲ ਬਿਸ਼ਨੋਈ ਲਈ ਸੁਰੱਖਿਆ ਕਵਚ ਬਣ ਗਿਆ ਹੈ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅਨਮੋਲ ਦੇ ਵੱਡੇ ਭਰਾ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਵੀ ਇਸੇ ਕਾਨੂੰਨ ਤਹਿਤ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਤਿਹਾੜ ਜੇਲ੍ਹ ਤੋਂ ਸਾਬਰਮਤੀ ਜੇਲ੍ਹ ਭੇਜ ਦਿੱਤਾ ਸੀ। ਬੀਤੀ 24 ਅਗਸਤ ਨੂੰ ਉਸ ਫੈਸਲੇ ਦਾ ਸਮਾਂ ਖ਼ਤਮ ਹੋ ਗਿਆ ਸੀ। ਉਸ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਲਾਰੈਂਸ ਨੂੰ ਤਿਹਾੜ ਜੇਲ੍ਹ ’ਚ ਰੱਖਣ ਲਈ ਆਪਣੇ ਫੈਸਲੇ ਦਾ ਸਮਾਂ 1 ਸਾਲ ਲਈ ਹੋਰ ਵਧਾ ਦਿੱਤਾ ਸੀ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲਾ ਦਾ ਇਹ ਫੈਸਲਾ ਲਾਰੈਂਸ ਗੈਂਗ ਦੇ ਪਤਨ ਦਾ ਕਾਰਨ ਬਣੇਗਾ ਜਾਂ ਫਿਰ ਉਸ ਦੇ ਗੈਂਗ ਨੂੰ ਹੁਣ ਦੋਵੇਂ ਭਰਾ ਜੇਲ ਤੋਂ ਚਲਾ ਕੇ ਹੋਰ ਮਜ਼ਬੂਤ ਕਰ ਲੈਣਗੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਧਾਰਾ 303 ਅਜਿਹੀ ਧਾਰਾ ਹੈ, ਜੋ ਕੇਂਦਰ ਸਰਕਾਰ ਨੂੰ ਪਾਵਰ ਦਿੰਦੀ ਹੈ ਕਿ ਉਹ ਕਿਸੇ ਵੀ ਖਤਰਨਾਕ ਹਾਈ ਪ੍ਰੋਫਾਈਲ ਅਪਰਾਧੀ ਅੱਤਵਾਦੀ ਜਾਂ ਫਿਰ ਹਾਈ ਰਿਸਕ ਮੁਲਜ਼ਮ ਨੂੰ ਕਿਸੇ ਵੀ ਏਜੰਸੀ ਦੀ ਕਸਟਡੀ ਤੋਂ ਦੂਰ ਰੱਖ ਸਕਦੀ ਹੈ। ਅਨਮੋਲ ਬਿਸ਼ਨੋਈ ਦੇ ਪੱਖ ਵਿਚ ਇਹ ਫੈਸਲਾ ਵੀ ਇਨ੍ਹਾਂ ਗੱਲਾਂ ਕਾਰਨ ਦਿੱਤਾ ਗਿਆ ਹੈ, ਕਿਉਂਕਿ ਅਨਮੋਲ ਬਿਸ਼ਨੋਈ ਹਾਈ ਪ੍ਰੋਫਾਈਲ ਅਪਰਾਧੀ ਹੈ, ਜੋ ਅਮਰੀਕਾ ਵਿਚ ਬੈਠਾ ਭਾਰਤ ’ਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਸੀ, ਜਿਸ ਕਾਰਨ ਉਸ ਨੂੰ ਗੈਂਗਸਟਰ ਗੋਲਡੀ ਬਰਾੜ, ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਤੋਂ ਇਲਾਵਾ ਹੋਰ ਵੱਡੇ ਅਪਰਾਧੀਆਂ ਤੋਂ ਜਾਨ ਦਾ ਖਤਰਾ ਹੈ।


author

rajwinder kaur

Content Editor

Related News