ਮਾਮਲਾ ਭੈਣ-ਭਰਾ ਦੀ ਬਲੀ ਦਾ, ਅਦਾਲਤ ਵੱਲੋਂ SSP ਬਠਿੰਡਾ ਤੇ DC ਮਾਨਸਾ ਨੂੰ ਹਦਾਇਤਾਂ
Monday, Dec 08, 2025 - 05:17 PM (IST)
ਬਠਿੰਡਾ (ਵਿਜੇ ਵਰਮਾ) : ਨਜ਼ਦੀਕੀ ਮੰਡੀ ਕੋਟਫ਼ੱਤਾ ’ਚ ਔਲਾਦ ਖ਼ਾਤਰ ਮਾਸੂਮ ਭੈਣ-ਭਰਾ ਨੂੰ ਬਲੀ ਦੇਣ ਦਾ ਮੁੱਖ ਮੁਲਜ਼ਮ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਜੇਲ੍ਹ ’ਚੋਂ ਦੋ ਸਾਲਾਂ ਤੋਂ ਫ਼ਰਾਰ ਦੇ ਮਾਮਲੇ ਦਾ ਚੀਫ਼ ਜੁਡੀਸੀਅਲ ਮਜਿਸਟ੍ਰੇਟ ਬਠਿੰਡਾ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਐੱਸ. ਐੱਸ. ਪੀ. ਬਠਿੰਡਾ ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਹਦਾਇਤਾਂ ਦਿੱਤੀਆਂ। ਆਪਣੇ ਹੁਕਮਾਂ ’ਚ ਮੁੱਖ ਨਿਆਇਕ ਜੱਜ ਹਰੀਸ਼ ਕੁਮਾਰ ਨੇ ਕਿਹਾ ਕਿ ਮੰਦਭਾਗੀ ਗੱਲ ਹੈ ਕਿ 18 ਸਤੰਬਰ 2023 ਤੋਂ ਲੈ ਕੇ ਅੱਜ ਤੱਕ ਕਰੀਬ ਦੋ ਸਾਲ ਤੋਂ ਮੁਲਜ਼ਮ ਲਖਵਿੰਦਰ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਆਪਣੇ ਲਿਖਤੀ ਹੁਕਮਾਂ ’ਚ ਕਿਹਾ ਕਿ ਅਦਾਲਤ ’ਚ ਪਰਨਜੀਤ ਸਿੰਘ ਪੁੱਤਰ ਛੋਟਾ ਸਿੰਘ ਕੋਟ ਫ਼ੱਤਾ ਨੇ ਹਾਜ਼ਰ ਹੋ ਕੇ ਦੱਸਿਆ ਕਿ ਮੁਖ ਮੁਲਜ਼ਮ ਲਖਵਿੰਦਰ ਸਿੰਘ ਖੁੱਲ੍ਹੇਆਮ ਇਲਾਕੇ ਵਿੱਚ ਘੁੰਮ ਰਿਹਾ ਹੈ, ਜਿਸ ਦੀ ਜਾਣਕਾਰੀ ਪੁਲਸ ਨੂੰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ।
ਇਹ ਘਟਨਾ ਪੁਲਸ ਦੀ ਭੂਮਿਕਾ ’ਤੇ ਗੰਭੀਰ ਪ੍ਰਸ਼ਨ ਖੜ੍ਹੇ ਕਰਦੀ ਹੈ ਅਤੇ ਇਸ ਮਾਮਲੇ ਦੀ ਐੱਸ. ਐੱਸ. ਪੀ. ਬਠਿੰਡਾ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਪਣੇ ਹੁਕਮਾਂ 'ਚ ਕਿਹਾ ਕਿ ਐੱਸ. ਐੱਸ. ਪੀ. ਬਠਿੰਡਾ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਕਿ ਇਹ ਵਰੰਟ ਤਾਲੀਮ ਕਿਉਂ ਨਹੀਂ ਕੀਤੇ ਗਏ ਅਤੇ ਜੇਕਰ ਇਸ ਵਾਰੀ ਵੀ ਵਾਰੰਟਾਂ ਦੀ ਤਾਲੀਮ ਨਾ ਹੋਵੇ ਤਾਂ ਐੱਸ. ਐੱਸ. ਪੀ. ਵਲੋਂ ਤਸਦੀਕ ਕੀਤੀ ਕਾਰਨ ਦੱਸੋ ਰਿਪੋਰਟ, ਅਦਾਲਤ ਵਿਚ ਅਗਲੀ ਸੁਣਵਾਈ ’ਤੇ ਪੇਸ਼ ਕੀਤੀ ਜਾਵੇ।
ਇਸ ਮਸਲੇ ’ਤੇ ਪ੍ਰੈਸ ਮਿਲਣੀ ਦੌਰਾਨ ਗਵਾਹ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਕੋਟਫ਼ੱਤਾ ਨੇ ਦੱਸਿਆ ਕਿ ਉਨ੍ਹਾਂ ਐੱਸ. ਐੱਸ. ਪੀ. ਬਠਿੰਡਾ ਨੂੰ ਪੁਲਸ ਦੀ ਨਖਿੱਧ ਭੂਮਿਕਾ ਬਾਰੇ ਲਿਖਤੀ ਪੱਤਰ ਦਿੱਤਾ, ਜਿਨ੍ਹਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ, ਜੱਗੀ ਬਾਬਾ ਨੇ ਫ਼ਰਾਰ ਤਾਂਤਰਿਕ ਨੂੰ ਤੁਰੰਤ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਭੇਜਣ ਦੀ ਮੰਗ ਕਰਦਿਆ ਸਬੰਧਿਤ ਪੁਲਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ।
ਅਦਾਲਤ ਨੇ ਡਿਪਟੀ ਕਮਿਸ਼ਨਰ/ਕੁਲੈਕਟਰ ਮਾਨਸਾ ਨੂੰ ਮੁਲਜ਼ਮ ਦੇ ਜ਼ਮਾਨਤੀਏ ਸਰਤਾਜ ਸਿੰਘ ਦੀ ਜਾਇਦਾਦ ਜ਼ਬਤ ਕਰਨ ਲਈ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਭਿਆਨਕ ਵਰਤਾਰੇ ’ਚ ਮੁਖ ਦੋਸ਼ੀ ਲਖਵਿੰਦਰ ਸਿੰਘ ਉਰਫ਼ ਲੱਖੀ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇਂਦਰੀ ਜੇਲ੍ਹ ਬਠਿੰਡਾ ਤੋਂ ਪੈਰੋਲ ’ਤੇ ਬਾਹਰ 18 ਸਤੰਬਰ, 2023 ਨੂੰ ਕੇਂਦਰੀ ਜੇਲ੍ਹ ’ਚ ਆਤਮ ਸਮਰਪਣ ਕਰਨ ਦੀ ਬਜਾਏ ਫ਼ਰਾਰ ਹੋ ਗਿਆ। ਉਕਤ ਮਿਤੀ ਤੋਂ ਹੀ ਮੁਜ਼ਰਮ ਦੇ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਪਰ ਦੋ ਸਾਲਾਂ ਤੋਂ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ।
