ਪੰਜਾਬ ਦੇ ਵਪਾਰੀ ਨਾਲ ਹੋ ਗਈ 4.35 ਕਰੋੜ ਦੀ ਠੱਗੀ, ਤਰੀਕਾ ਅਜਿਹਾ ਕਿ ਨਹੀਂ ਹੋਵੇਗਾ ਯਕੀਨ
Friday, Jan 17, 2025 - 03:42 AM (IST)
ਲੁਧਿਆਣਾ (ਰਾਜ)- ਪੰਜਾਬ ਦੇ ਲੁਧਿਆਣਾ ਸਥਿਤ ਮਾਡਲ ਟਾਊਨ ਦੇ ਇਕ ਵਪਾਰੀ ਨਾਲ 4.35 ਕਰੋੜ ਰੁਪਏ ਦੀ ਸਾਈਬਰ ਧੋਖਾਦੇਹੀ ਕਰਨ ਵਾਲੇ ਅੰਤਰਰਾਸ਼ਟਰੀ ਸਾਈਬਰ ਫ੍ਰਾਡ ਗਿਰੋਹ ਦੇ ਮੈਂਬਰ ਨੂੰ ਲੁਧਿਆਣਾ ਦੀ ਸਾਈਬਰ ਕ੍ਰਾਈਮ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਟੀਮ ਨੇ ਮੁਲਜ਼ਮ ਨੂੰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦਾ ਨਾਂ ਧਰਮਿੰਦਰ ਕੁਮਾਰ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਸਾਈਬਰ ਥਾਣਾ ਲੁਧਿਆਣਾ ’ਚ ਦਰਜ ਹੋਇਆ ਸੀ ਪਹਿਲਾ ਕੇਸ
ਥਾਣਾ ਸਾਈਬਰ ਸੈੱਲ ਦੇ ਐੱਸ.ਐੱਚ.ਓ. ਇੰਸ. ਜਤਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਐੱਫ.ਆਈ.ਆਰ. 21 ਜੂਨ 2024 ਨੂੰ ਸਾਈਬਰ ਥਾਣੇ ’ਚ ਦਰਜ ਹੋਈ ਸੀ, ਜੋ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਵਪਾਰੀ ਰਛਪਾਲ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਪੀੜਤ ਕਾਰੋਬਾਰੀ ਨੇ ਦੱਸਿਆ ਸੀ ਕਿ ਕੁਝ ਲੋਕਾਂ ਨੇ ਇਨਵੈਸਟਮੈਂਟ ਦੇ ਬਹਾਨੇ ਕੁੱਲ 4 ਕਰੋੜ 35 ਲੱਖ 69 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੋਂ ਬਾਅਦ ਪੁਲਸ ਨੇ ਸ਼ਿਕਾਇਤਕਰਤਾ ਦੀ ਬਜਾਏ ਤਨਵੀ ਸ਼ਰਮਾ, ਮੰਡੇਰ ਪਵਾਰ, ਸ਼ਿਵਾਨੀ ਐੱਸ. ਕੁਰੀਅਨ, ਜੋਤੀ ਸ਼ਰਮਾ, ਸ਼ਰਨ ਗੁਪਤਾ, ਬਿਕਰਮ ਪਟੇਲ ਅਤੇ ਅੰਜਲੀ ਸ਼ਰਮਾ ਨੂੰ ਨਾਮਜ਼ਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'
ਨਾਂ ਬਦਲ ਕੇ ਕਿਸੇ ਹੋਰ ਦੇ ਬੈਂਕ ਖਾਤੇ ਜ਼ਰੀਏ ਕਰਦੇ ਸੀ ਠੱਗੀ
ਪੁਲਸ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਕਿ ਕੇਸ ’ਚ ਨਾਮਜ਼ਦ ਮੁਲਜ਼ਮਾਂ ਦੇ ਅਸਲ ਨਾਂ ਨਹੀਂ ਹਨ। ਮੁਲਜ਼ਮਾਂ ਦੇ ਨਾਂ ਬਦਲ ਕੇ ਠੱਗੀ ਕੀਤੀ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ 60 ਲੱਖ ਦੀ ਐਂਟਰੀ ਹਰਿਆਣਾ ਦੇ ਮਹਿੰਦਰਗੜ੍ਹ ਦੇ ਐੱਸ.ਬੀ.ਆਈ. ਬੈਂਕ ’ਚ ਟਰਾਂਸਫਰ ਹੋਏ ਸੀ, ਜੋ ਕਿ ਵਿਕਰਮ ਯਾਦਵ ਦੇ ਨਾਂ ਨਾਲ ਸੀ।
ਪੁਲਸ ਸਭ ਤੋਂ ਪਹਿਲਾਂ ਵਿਕਰਮ ਯਾਦਵ ਤੱਕ ਪੁੱਜ ਗਈ, ਉਥੋਂ ਪਤਾ ਲੱਗਾ ਹੈ ਕਿ ਉਸ ਦਾ ਸਿਰਫ ਅਕਾਊਂਟ ਵਰਤਿਆ ਗਿਆ ਸੀ, ਜੋ ਕਿ ਮੁਲਜ਼ਮ ਧਰਮਿੰਦਰ ਕੁਮਾਰ ਨੇ ਉਸ ਦੇ ਅਕਾਊਂਟ ਦੀ ਡਿਟੇਲ ਲਈ ਸੀ।
ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਰਾਜਸਥਾਨ ’ਚ ਜੈਪੁਰ ਵਿਚ ਹੈ। ਪੁਲਸ ਦੀ ਇਕ ਟੀਮ ਜੈਪੁਰ ਪੁੱਜ ਗਈ ਪਰ ਮੁਲਜ਼ਮ ਉਥੋਂ ਨਿਕਲ ਚੁੱਕਾ ਸੀ। ਫਿਰ ਉਥੋਂ ਪਤਾ ਲੱਗਾ ਕਿ ਮੁਲਜ਼ਮ ਹਰਿਆਣਾ ਦੇ ਰੇਵਾੜੀ ਇਲਾਕੇ ’ਚ ਹੈ। ਇਸ ਤੋਂ ਬਾਅਦ ਪੁਲਸ ਰਾਜਸਥਾਨ ਤੋਂ ਹੁੰਦੇ ਹੋਏ ਰੇਵਾੜੀ ਪੁੱਜ ਗਈ, ਜਿਥੇ ਪੁਲਸ ਨੇ ਛਾਪਾਮਾਰੀ ਕਰ ਕੇ ਮੁਲਜ਼ਮ ਧਰਮਿੰਦਰ ਨੂੰ ਦਬੋਚ ਲਿਆ।
ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਥਾਈਂ ਹੋ ਗਈ ਮੌਤ
ਲੋੜਵੰਦ ਲੋਕਾਂ ਦੇ ਬੈਂਕ ਖਾਤੇ ਖਰੀਦ ਕੇ ਚਲਾਇਆ ਜਾਂਦਾ ਸੀ ਨੈੱਟਵਰਕ
ਉਸ ਤੋਂ ਪੁੱਛਗਿੱਛ ’ਚ ਪਤਾ ਲੱਗਾ ਕਿ ਉਹ ਸਿਰਫ ਗਰੀਬ ਅਤੇ ਲੋੜਵੰਦ ਲੋਕਾਂ ਦੇ ਬੈਂਕ ਅਕਾਊਂਟ ਖਰੀਦ ਲੈਂਦਾ ਹੈ। ਉਨ੍ਹਾਂ ਨੂੰ ਕੁਝ ਪੈਸੇ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਅਕਾਊਂਟ ਵਰਤਦਾ ਹੈ, ਜਦਕਿ ਸਾਈਬਰ ਠੱਗੀ ਦੇ ਮਾਸਟਰਮਾਈਂਡ ਸਤੀਸ਼ ਕੁਮਾਰ, ਵਰੁਣ ਅਤੇ ਅਭਿਸ਼ੇਕ ਹਨ, ਜੋ ਕਿ ਕਦੇ ਹਰਿਆਣਾ, ਰਾਜਸਥਾਨ ਅਤੇ ਕਦੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਰਹਿ ਕੇ ਲੋਕਾਂ ਨੂੰ ਝਾਂਸੇ ਦੇ ਕੇ ਠੱਗੀ ਮਾਰਦੇ ਹਨ। ਪੁਲਸ ਦਾ ਕਹਿਣਾ ਹੈ ਕਿ ਹੁਣ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e