ਵਰਕ ਫਰਾਮ ਹੋਮ ਦੇ ਨਾਂ ’ਤੇ ਔਰਤ ਨਾਲ ਸਾਢੇ 21 ਹਜ਼ਾਰ ਦੀ ਠੱਗੀ
Friday, Jun 09, 2023 - 01:22 PM (IST)
ਚੰਡੀਗੜ੍ਹ (ਸੁਸ਼ੀਲ) : ਵਰਕ ਫਰਾਮ ਹੋਮ ਦੇ ਨਾਂ ’ਤੇ ਬਟਰੇਲਾ ਨਿਵਾਸੀ ਮਨੋਜ ਕੁਮਾਰੀ ਨਾਲ 21 ਹਜ਼ਾਰ 458 ਰੁਪਏ ਦੀ ਠੱਗੀ ਹੋ ਗਈ। ਸਾਈਬਰ ਸੈੱਲ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕਰ ਕੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਨੋਜ ਕੁਮਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਕੂਲ ਵਿਚ ਨੌਕਰੀ ਕਰਦੀ ਹੈ। 31 ਮਈ ਦੀ ਰਾਤ 8 ਵਜੇ ਇੰਸਟਾਗ੍ਰਾਮ ’ਤੇ ਪੈਨਸਿਲ ਪੈਕਿੰਗ ਵਰਕ ਦਾ ਵੀਡੀਓ ਵੇਖ ਰਹੀ ਸੀ।
ਵੀਡੀਓ ਵਿਚ ਲਿਖਿਆ ਸੀ ਕਿ ਵਰਕ ਫਰਾਮ ਹੋਮ ਕਰ ਕੇ ਹਰ ਰੋਜ਼ ਤਿੰਨ ਤੋਂ ਚਾਰ ਹਜ਼ਾਰ ਰੁਪਏ ਕਮਾ ਸਕਦੇ ਹੋ। ਲਿੰਕ ’ਤੇ ਕਲਿੱਕ ਕਰਦਿਆਂ ਹੀ ਵਟਸਐਪ ਨੰਬਰ ਖੁੱਲ੍ਹ ਗਿਆ। ਇਸ ਤੋਂ ਬਾਅਦ ਆਧਾਰ ਕਾਰਡ ਦੀ ਫੋਟੋ ਅਤੇ ਸੈਲਫੀ ਮੰਗੀ, ਜੋ ਭੇਜ ਦਿੱਤੀ। ਇਸਤੋਂ ਬਾਅਦ ਵਟਸਐਪ ’ਤੇ ਚੈਟ ਕਰਨ ਵਾਲਿਆਂ ਨੇ ਸਕੈਨਰ ਭੇਜ ਕੇ 620 ਰੁਪਏ ਮੰਗੇ, ਜੋ ਭੇਜ ਦਿੱਤੇ। ਉਨ੍ਹਾਂ ਕਿਹਾ ਕਿ ਸਵੇਰੇ ਡਲਿਵਰੀ ਵਾਲਾ ਮੁੰਡਾ ਪੈਕਿੰਗ ਕਰਨ ਲਈ ਸਾਮਾਨ ਤੁਹਾਡੇ ਕੋਲ ਪਹੁੰਚਾ ਦੇਵੇਗਾ।
ਇਸ ਤੋਂ ਪਹਿਲਾਂ ਤੁਸੀਂ ਸਾਨੂੰ 2599 ਰੁਪਏ ਭੇਜ ਦਿਓ। ਉਹ ਵੀ ਦੇ ਦਿੱਤੇ। ਇਸ ਤਰ੍ਹਾਂ ਕਰਦੇ-ਕਰਦੇ 7 ਕਿਸ਼ਤਾਂ ਵਿਚ 21458 ਰੁਪਏ ਲੈ ਕੇ ਸਾਮਾਨ ਨਹੀਂ ਦਿੱਤਾ। ਇਸ ਤੋਂ ਬਾਅਦ 7000 ਰੁਪਏ ਹੋਰ ਮੰਗਣ ਲੱਗੇ ਤਾਂ ਮਨ੍ਹਾ ਕਰ ਦਿੱਤਾ। ਠੱਗੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।