ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਮਾਰੀ 37.96 ਲੱਖ ਦੀ ਠੱਗੀ, ਕੇਸ ਦਰਜ
Friday, Aug 14, 2020 - 02:07 PM (IST)
 
            
            ਦਸੂਹਾ (ਝਾਵਰ)— ਪੈਸੇ ਡਬਲ ਕਰਨ ਅਤੇ ਪੈਸਿਆਂ 'ਤੇ ਵੱਧ ਵਿਆਜ ਦੇਣ ਦਾ ਝਾਂਸਾ ਦੇ ਕੇ ਕਿਮ ਇਨਫਰਾਸਟਰਕਚਰ ਐਂਡ ਡਿਵੈਲਪਰਜ ਲਿ. ਕੰਪਨੀ ਅੰਮ੍ਰਿਤਸਰ ਦੇ ਨਾਂ 'ਤੇ ਠੱਗੀ ਮਾਰਨ ਦੇ ਸਬੰਧ 'ਚ ਸਤਪਾਲ ਸਿੰਘ ਪੁੱਤਰ ਕਰਤਾਰ ਸਿੰਘ, ਕੁਲਵੰਤ ਕੌਰ ਪਤਨੀ ਦਲੇਰ ਸਿੰਘ, ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਆਲਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ। ਜਿਸ 'ਚ ਕਿਹਾ ਗਿਆ ਕਿ ਰਵਿੰਦਰ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਕਿਮ ਇਨਫਰਾਸਟਰਕਚਰ ਐਂਡ ਡਿਵੈਲਪਰਜ ਲਿ. ਅੰਮ੍ਰਿਤਸਰ, ਸੁਰਿੰਦਰ ਸਿੰਘ ਪੁੱਤਰ ਸਾਈਂ ਦਾਸ ਵਾਸੀ ਧਰਮਪੁਰ ਥਾਣਾ ਮੁਕੇਰੀਆਂ ਅਤੇ ਮਾਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਆਲਮਪੁਰ ਵੱਲੋਂ ਉਨ੍ਹਾਂ ਨੂੰ ਲਾਲਚ ਦੇ ਕੇ 37.96 ਲੱਖ ਰੁਪਏ ਹੜੱਪ ਲਏ। ਉਨ੍ਹਾਂ ਨੂੰ ਨਾ ਹੀ ਡਬਲ ਪੈਸੇ ਵਾਪਸ ਕੀਤੇ ਅਤੇ ਨਾ ਹੀ ਵੱਧ ਵਿਆਜ ਦਿੱਤਾ।
ਇਸ ਸਬੰਧੀ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਰਵਿੰਦਰ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਅਤੇ ਸੁਰਿੰਦਰ ਸਿੰਘ ਪੁੱਤਰ ਸਾਈਂ ਦਾਸ ਵਿਰੁੱਧ ਥਾਣਾ ਦਸੂਹਾ ਵਿਖੇ ਧਾਰਾ 420, 120 ਬੀ ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            