USA ਡਾਲਰ ਦੇ ਚੱਕਰਾਂ 'ਚ ਪਏ ਨੌਜਵਾਨ ਨਾਲ ਫਿਲਮੀ ਸਟਾਈਲ 'ਚ ਜੋ ਕਹਾਣੀ ਵਾਪਰੀ, ਪੈਰਾਂ ਹੇਠੋਂ ਖ਼ਿਸਕਾ ਛੱਡੀ ਜ਼ਮੀਨ
Sunday, Oct 16, 2022 - 10:48 AM (IST)
ਲੁਧਿਆਣਾ (ਰਾਮ) : ਯੂ. ਐੱਸ. ਏ. ਡਾਲਰ ਲੈਣ ਦੇ ਲਾਲਚ 'ਚ ਇਕ ਨੌਜਵਾਨ ਨਾਲ ਫਿਲਮੀ ਸਟਾਈਲ 'ਚ ਜੋ ਕਹਾਣੀ ਵਾਪਰੀ, ਉਸ ਨੇ ਨੌਜਵਾਨ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕਾ ਦਿੱਤੀ। ਦਰਅਸਲ ਡਾਲਰ ਲੈਣ ਦੇ ਲਾਲਚ 'ਚ ਨੌਜਵਾਨ ਆਪਣੇ 3 ਲੱਖ ਰੁਪਏ ਗੁਆ ਬੈਠਾ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਮਨਮੀਤ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੀ ਰਾਹੋਂ ਰੋਡ ’ਤੇ ਮੈਡੀਕਲ ਦੀ ਦੁਕਾਨ ਹੈ। ਕਰੀਬ ਇਕ ਹਫ਼ਤਾ ਪਹਿਲਾਂ ਇਮਰਾਨ ਨਾਮ ਦਾ ਮੁੰਡਾ ਉਸ ਦੀ ਦੁਕਾਨ ’ਤੇ ਦਵਾਈ ਲੈਣ ਆਇਆ। ਦਵਾਈ ਲੈਣ ਤੋਂ ਬਾਅਦ ਉਹ ਆਪਣੀ ਜੇਬ ’ਚੋਂ 20 ਡਾਲਰ ਦਾ ਨੋਟ ਕੱਢ ਕੇ ਕਹਿਣ ਲੱਗਾ ਕਿ ਭਾਈ ਸਾਹਿਬ ਇਸ ਨੂੰ ਭਾਰਤੀ ਕਰੰਸੀ ’ਚ ਬਦਲ ਸਕਦੇ ਹੋ, ਮੈਨੂੰ ਪੈਸੇ ਦੀ ਲੋੜ ਹੈ। ਮਨਮੀਤ ਨੇ ਕਿਹਾ ਕਿ ਤੁਸੀਂ ਖ਼ੁਦ ਮਨੀ ਐਕਸਚੇਂਜ ਰਾਹੀਂ ਆਪਣਾ ਕੰਮ ਕਿਉਂ ਨਹੀਂ ਕਰਵਾ ਲੈਂਦੇ।
ਮੁਲਜ਼ਮ ਇਮਰਾਨ ਨੇ ਕਿਹਾ ਕਿ ਮੇਰੇ ਕੋਲ ਅਜਿਹੇ 10 ਹਜ਼ਾਰ ਡਾਲਰ ਹਨ। ਮੈਂ ਰੇਟ ਘੱਟ ਲੈ ਸਕਦਾ ਹਾਂ ਪਰ ਜੇ ਤੁਸੀਂ ਕਰਵਾ ਸਕਦੇ ਹੋ ਤਾਂ ਕਰਵਾ ਦਿਓ ਕਿਉਂਕਿ ਇੰਨੇ ਡਾਲਰਾਂ ਦੇ ਬਦਲੇ ’ਚ ਦੁਕਾਨਦਾਰ ਸ਼ੱਕ ਕਰਨ ਲੱਗ ਪੈਂਦੇ ਹਨ। ਉਸ ਨੇ ਕਿਹਾ ਕਿ ਇਹ ਡਾਲਰ ਮੇਰੀ ਭੂਆ ਦੇ ਕੋਲ ਹਨ, ਜਿੱਥੋਂ ਮੈਂ ਲੈ ਆਉਂਦਾ ਹਾਂ। ਇਸ ਤੋਂ ਬਾਅਦ ਉਸ ਨੇ ਮਨਮੀਤ ਦਾ ਫੋਨ ਨੰਬਰ ਲੈ ਲਿਆ ਅਤੇ ਉਸ ਨੂੰ ਦੁਬਾਰਾ ਫੋਨ ਕਰ ਕੇ ਡਾਲਰ ਲੈਣ ਲਈ ਕਹਿਣ ਲੱਗਾ। ਜਿਸ ਤੋਂ ਬਾਅਦ ਮਨਮੀਤ ਨੇ ਫਰੀਦਕੋਟ ਦੇ ਰਹਿਣ ਵਾਲੇ ਆਪਣੇ ਇਕ ਦੋਸਤ ਨਾਲ ਗੱਲ ਕੀਤੀ ਤਾਂ ਉਹ ਡਾਲਰ ਲੈਣ ਲਈ ਰਾਜ਼ੀ ਹੋ ਗਿਆ। ਪੂਰਾ ਸੌਦਾ 3 ਲੱਖ ਵਿਚ ਤੈਅ ਕੀਤਾ ਗਿਆ, ਜਿਸ ਤੋਂ ਬਾਅਦ ਮਨਮੀਤ ਤੇ ਉਸ ਦੇ ਦੋਸਤ ਨੂੰ ਇਮਰਾਨ ਦਾ ਫੋਨ ਆਇਆ। ਉਸ ਨੇ ਕਿਹਾ ਕਿ ਸ਼ੇਰੂਪੁਰ ਮੱਛੀ ਮੰਡੀ ਵਾਲੀ ਗਲੀ ’ਚ ਆ ਜਾਓ।
ਇਹ ਵੀ ਪੜ੍ਹੋ : ਹੁਣ MP ਰਵਨੀਤ ਬਿੱਟੂ ਨੇ ਲਾਈਵ ਹੋ ਕੇ ਦਿੱਤੀ ਧਮਕੀ, ਸ਼ਿਕੰਜਾ ਕੱਸਣ ਦੀ ਤਿਆਰੀ 'ਚ ਵਿਜੀਲੈਂਸ
ਮਨਮੀਤ ਆਪਣੇ ਦੋਸਤ ਨਾਲ ਡਾਲਰ ਲੈਣ ਵਾਲੀ ਜਗ੍ਹਾ ’ਤੇ ਦੁਪਹਿਰ 3 ਵਜੇ ਪਹੁੰਚ ਗਿਆ। ਇਸ ਤੋਂ ਬਾਅਦ ਦੋਸ਼ੀ ਇਮਰਾਨ ਬੈਗ ਲੈ ਕੇ ਉਨ੍ਹਾਂ ਕੋਲ ਆਇਆ ਅਤੇ ਚੈੱਕ ਕਰਨ ਲਈ 20 ਡਾਲਰ ਦਾ ਨੋਟ ਦਿੱਤਾ, ਜਿਸ ਨੂੰ ਮਨਮੀਤ ਅਤੇ ਉਸ ਦੇ ਦੋਸਤ ਨੇ ਚੈੱਕ ਕੀਤਾ। ਦੋਹਾਂ ਨੇ ਡਾਲਰ ਦੇ ਅਸਲੀ ਹੋਣ ਦੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਕਰੰਸੀ ਦੇ 3 ਲੱਖ ਰੁਪਏ ਦਾ ਬੈਗ ਉਸ ਨੂੰ ਦੇ ਦਿੱਤਾ ਅਤੇ ਉਸ ਤੋਂ ਡਾਲਰ ਵਾਲਾ ਬੈਗ ਲੈ ਲਿਆ। ਮੁਲਜ਼ਮ ਇਮਰਾਨ ਤੁਰੰਤ ਪੈਸਿਆਂ ਵਾਲਾ ਬੈਗ ਲੈ ਕੇ ਚਲਾ ਗਿਆ। ਇਸ ਤੋਂ ਬਾਅਦ ਮਨਮੀਤ ਦੇ ਦੋਸਤ ਨੇ ਬੈਗ ਖੋਲ੍ਹ ਕੇ ਡਾਲਰ ਚੈੱਕ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ ਆਈ ਇਹ ਖ਼ਬਰ
ਜਦੋਂ ਬੈਗ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਅਖ਼ਬਾਰ ਦੇ ਬਣੇ ਡਾਲਰ ਅਤੇ ਸਾਬਣ ਦੀ ਟਿੱਕੀ ਸੀ ਪਰ ਇਸ ਤੋਂ ਪਹਿਲਾਂ ਕਿ ਇਹ ਸਭ ਕੁੱਝ ਪਤਾ ਲੱਗਦਾ, ਦੋਸ਼ੀ ਇਮਰਾਨ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਮਨਮੀਤ ਤੇ ਉਸ ਦੇ ਦੋਸਤ ਨੇ ਇਮਰਾਨ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ, ਇਸ ਮਗਰੋਂ ਪੁਲਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ ਗਈ। ਫਿਲਹਾਲ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਠੱਗਾਂ ਵੱਲੋਂ ਠੱਗੀ ਮਾਰਨ ਦੀ ਵਿਉਂਤਬੰਦੀ ਯੋਜਨਾਬੰਦ ਤਰੀਕੇ ਨਾਲ ਕੀਤੀ ਗਈ ਹੈ, ਜਿਸ ਸਬੰਧੀ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ