'ਜਿਹੜਾ ਕੇਜਰੀਵਾਲ-ਸਿਸੋਦੀਆ ਦੇ ਪੈਰਾਂ 'ਚ ਡਿੱਗ ਜਾਵੇ...', ਮਜੀਠੀਆ ਦਾ CM ਮਾਨ 'ਤੇ ਤਿੱਖਾ ਤੰਜ

Tuesday, Feb 24, 2026 - 02:13 PM (IST)

'ਜਿਹੜਾ ਕੇਜਰੀਵਾਲ-ਸਿਸੋਦੀਆ ਦੇ ਪੈਰਾਂ 'ਚ ਡਿੱਗ ਜਾਵੇ...', ਮਜੀਠੀਆ ਦਾ CM ਮਾਨ 'ਤੇ ਤਿੱਖਾ ਤੰਜ

ਚੰਡੀਗੜ੍ਹ : ਸਰਕਾਰੀ ਕੰਮ 'ਚ ਰੁਕਾਵਟ ਪਾਉਣ, ਹੁਕਮਾਂ ਦੀ ਉਲੰਘਣਾ ਕਰਨ ਅਤੇ ਸਰਕਾਰੀ ਕਰਮਚਾਰੀ ਖ਼ਿਲਾਫ਼ ਤਾਕਤ ਦੀ ਵਰਤੋਂ ਕਰਨ ਦੇ 5 ਸਾਲ ਪੁਰਾਣੇ ਮਾਮਲੇ 'ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਨਾਲ ਵਕੀਲ ਅਰਸ਼ਦੀਪ ਕਲੇਰ, ਦਮਨਬੀਰ ਸੋਬਤੀ, ਰੋਜ਼ੀ ਬਰਕੰਦੀ ਅਤੇ ਬੰਟੀ ਰੋਮਾਣਾ ਮੌਜੂਦ ਰਹੇ। ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਇਸ ਦੀ ਅਗਲੀ ਸੁਣਵਾਈ ਦੀ ਤਾਰੀਖ਼ 5 ਮਾਰਚ ਨੂੰ ਰੱਖੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ! ਬਾਰ ਐਸੋਸੀਏਸ਼ਨ ਨੇ ਦਿੱਤੀ ਸਖ਼ਤ ਚਿਤਾਵਨੀ
ਪੰਜਾਬ ਸਰਕਾਰ 'ਤੇ ਲਾਏ ਰਗੜੇ
ਇਸ ਮੌਕੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮਜੀਠਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਵਿੰਨ੍ਹਿਆ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਕੇਜਰੀਵਾਲ ਅਤੇ ਸਿਸੋਦੀਆ ਦੇ ਪੈਰੀਂ ਹੱਥ ਲਾਉਂਦੇ ਹਨ, ਜਦੋਂ ਕਿ ਉਹ ਅਜਿਹਾ ਸਿਰਫ ਕੁਰਸੀ ਦੇ ਲਾਲਚ 'ਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਕੇਜਰੀਵਾਲ ਅਤੇ ਸਿਸੋਦੀਆ ਦੇ ਪੈਰਾਂ 'ਚ ਡਿੱਗ ਜਾਵੇ, ਕੀ ਉਹ ਪੰਜਾਬ ਦੀ ਰਾਖੀ ਕਰ ਲਵੇਗਾ? 

ਇਹ ਵੀ ਪੜ੍ਹੋ : ਮਜੀਠੀਆ ਨੂੰ ਅੱਜ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਇਕ ਦਿਨ ਦੀ ਮਿਲੀ ਸੀ ਛੋਟ
ਪੁਲਸ ਮੁਲਾਜ਼ਮਾਂ ਦੀ ਮੌਤ 'ਤੇ ਵੱਡਾ ਬਿਆਨ
ਗੁਰਦਾਸਪੁਰ ਵਿਖੇ 2 ਪੁਲਸ ਮੁਲਾਜ਼ਮਾਂ ਦੀ ਗੋਲੀ ਲੱਗਣ ਕਾਰਨ ਮੌਤ ਦੇ ਮਾਮਲੇ ਸਬੰਧੀ ਬੋਲਦਿਆਂ ਮਜੀਠੀਆ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਡੀ. ਜੀ. ਪੀ. ਦਫ਼ਤਰ ਨੇ ਖ਼ੁਦ ਪ੍ਰੈੱਸ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਦੋਹਾਂ ਪੁਲਸ ਮੁਲਾਜ਼ਮਾ ਨੇ ਇਕ-ਦੂਜੇ ਨੂੰ ਗੋਲੀ ਮਾਰੀ ਹੈ ਅਤੇ ਇਸ ਖ਼ਬਰ ਨੂੰ ਆਪਣੀ ਨਾਕਾਮੀ ਲੁਕਾਉਣ ਲਈ ਚਲਾਇਆ ਗਿਆ। ਉਨ੍ਹਾਂ ਨੂੰ ਵੀ ਪਤਾ ਸੀ ਕਿ ਪੁਲਸ ਵਾਲਿਆਂ ਨੂੰ ਮਾਰਿਆ ਗਿਆ ਹੈ ਅਤੇ ਉਨ੍ਹਾਂ ਨੇ ਇਕ-ਦੂਜੇ 'ਤੇ ਗੋਲੀ ਨਹੀਂ ਚਲਾਈ। ਮਜੀਠੀਆ ਨੇ ਕਿਹਾ ਕਿ ਇਸ ਮਾਮਲੇ 'ਚ ਬਿਨਾਂ ਜਾਂਚ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਬਿਆਨ ਦੇ ਰਹੇ ਹਨ। ਮਜੀਠੀਆ ਨੇ ਕਿਹਾ ਕਿ ਜਦੋਂ ਤੱਕ ਪੁਲਸ ਦਾ ਸਿਆਸੀਕਰਨ ਖ਼ਤਮ ਨਹੀਂ ਹੁੰਦਾ, ਉਦੋਂ ਤਕ ਇਨਸਾਫ ਨਹੀਂ ਮਿਲੇਗਾ। ਜਦੋਂ ਤੱਕ ਪੰਜਾਬ 'ਚ ਪਰਮਾਨੈਂਟ ਡੀ. ਜੀ. ਪੀ. ਨਹੀਂ ਲੱਗੇਗਾ, ਉਦੋਂ ਤੱਕ ਲਾਅ ਐਂਡ ਆਰਡਰ ਸਥਾਪਿਤ ਨਹੀਂ ਹੋਵੇਗਾ। ਉਨ੍ਹਾਂ ਨੇ ਐੱਸ. ਐੱਸ. ਪੀ. ਜੋਤੀ ਯਾਦਵ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਘਰ ਵਾਲਾ (ਹਰਜੋਤ ਸਿੰਘ ਬੈਂਸ) ਪੰਜਾਬ ਦਾ ਵੱਡਾ ਮੰਤਰੀ ਹੈ ਅਤੇ ਇਸੇ ਕਾਰਨ ਉਹ ਆਪਣੀ ਮਨਮਰਜ਼ੀ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਇਕ ਐੱਸ. ਐੱਸ. ਪੀ. ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਪੱਗਾਂ ਵਾਲਿਆਂ ਨਾਲ ਬੁਰਾ ਸਲੂਕ ਕਰੇ ਕਿਉਂਕਿ ਉਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਦੀ ਵੀਡੀਓ ਹਰ ਪਾਸੇ ਵਾਇਰਲ ਹੋ ਗਈ ਹੈ ਕਿ ਪੀਲੇ ਪਰਨੇ ਵਾਲੇ ਨੂੰ ਫੜ੍ਹ ਕੇ ਲਿਆਓ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News