ਗਿੱਦੜਬਾਹਾ: ਸਹਾਇਕ ਮੈਨੇਜਰ ਮਗਰੋਂ ਸੁਸਾਇਟੀ ਦੇ ਸਕੱਤਰ ਨੇ ਕੀਤਾ ਲੱਖਾਂ ਦਾ ਗਬਨ

Friday, Sep 27, 2019 - 10:15 AM (IST)

ਗਿੱਦੜਬਾਹਾ: ਸਹਾਇਕ ਮੈਨੇਜਰ ਮਗਰੋਂ ਸੁਸਾਇਟੀ ਦੇ ਸਕੱਤਰ ਨੇ ਕੀਤਾ ਲੱਖਾਂ ਦਾ ਗਬਨ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) - ਗਿੱਦੜਬਾਹਾ ਬੈਂਕ ਦੇ ਸਹਾਇਕ ਮੈਨੇਜਰ ਵਲੋਂ ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ਮਗਰੋਂ ਹੁਣ ਫਿਰ ਗਿੱਦੜਬਾਹਾ ਵਿਖੇ ਕੋਆਪਰੇਟਿਵ ਸੁਸਾਇਟੀ ਦੇ ਸਕੱਤਰ ਵਲੋਂ ਲੱਖਾਂ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਦੇ ਸਬੰਧ 'ਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਅਸਿਸਟੈਂਟ ਰਜਿਸਟਰਾਰ ਸਹਿਕਾਰੀ ਸਭਾਵਾਂ ਗਿੱਦੜਬਾਹਾ ਨੇ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਸਾਗਰ ਸਿੰਘ ਸਹਿਕਾਰੀ ਸਭਾ ਗਿੱਦੜਬਾਹਾ ਵਿਖੇ ਸਕੱਤਰ ਵਜੋਂ ਤਾਇਨਾਤ ਸੀ। ਇਸ ਦੀ ਬਦਲੀ 31 ਅਗਸਤ ਨੂੰ ਛੱਤੇਆਣਾ ਬਹੁਮੰਤਵੀ ਸਹਿਕਾਰੀ ਸਭਾ ਦੀ ਹੋ ਗਈ। ਬਦਲੀ ਹੋਣ ਮਗਰੋਂ ਗਿੱਦੜਬਾਹਾ ਸਹਿਕਾਰੀ ਸਭਾ ਦੇ ਸਟਾਕ ਦਾ ਵਾਰ-ਵਾਰ ਰਿਕਾਰਡ ਮੰਗਣ 'ਤੇ ਉਸ ਨੇ ਸਟਾਕ ਰਿਕਾਰਡ ਮੌਜੂਦਾ ਸਕੱਤਰ ਨੂੰ ਨਹੀਂ ਦਿੱਤਾ।

ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਜਦੋਂ ਰਿਕਾਰਡ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਰਜਿੰਦਰ ਸਿੰਘ ਨੇ ਸਟਾਕ ਖੁਰਦ-ਬੁਰਦ ਕਰਦੇ ਹੋਏ 2987203 ਰੁਪਏ ਦਾ ਗਬਨ ਕੀਤਾ ਹੈ। ਇਨ੍ਹਾਂ ਪੈਸਿਆਂ 'ਚੋਂ ਉਸ ਨੇ 1422989 ਰੁਪਏ ਸੁਸਾਇਟੀ ਦੇ ਖਾਤੇ 'ਚ ਜਮਾਂ ਕਰਵਾ ਦਿੱਤੇ ਅਤੇ ਬਾਕੀ ਬਚੇ 1474531 ਰੁਪਏ ਦਾ ਉਸ ਨੇ ਗਬਨ ਕੀਤਾ। ਪੁਲਸ ਨੇ ਸਹਾਇਕ ਰਜਿਸਟਰਾਰ ਤੋਂ ਪ੍ਰਾਪਤ ਪੱਤਰ ਦੇ ਆਧਾਰ 'ਤੇ ਰਜਿੰਦਰ ਵਿਰੁੱਧ ਧਾਰਾ 409 ਅਧੀਨ ਮਾਮਲਾ ਦਰਜ ਕਰ ਦਿੱਤਾ।


author

rajwinder kaur

Content Editor

Related News