ਕੇਂਦਰ ਸਰਕਾਰ ਕੋਲ ਪਹੁੰਚੀ ਪੰਜਾਬ ਦੇ DGP ਤੇ ਮੁੱਖ ਸਕੱਤਰ ਦੀ ''ਸ਼ਿਕਾਇਤ''! ਸੁਖਜਿੰਦਰ ਰੰਧਾਵਾ ਨੇ ਲਿਖੀ ਚਿੱਠੀ
Tuesday, Feb 17, 2026 - 11:50 AM (IST)
ਚੰਡੀਗੜ੍ਹ/ਗੁਰਦਾਸਪੁਰ (ਵੈੱਬ ਡੈਸਕ): ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੋਗਾ ਵਿੱਚ ਹੋਏ ਇਕ ਸਰਕਾਰੀ ਸਮਾਗਮ ਦੇ ਸਿਆਸੀਕਰਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਇਕ ਸ਼ਿਕਾਇਤ ਪੱਤਰ ਲਿਖਿਆ ਹੈ। ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਨਾਂ 'ਤੇ ਕਰਵਾਇਆ ਗਿਆ ਇਹ ਪ੍ਰੋਗਰਾਮ ਅਸਲ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਸਿਆਸੀ ਰੈਲੀ ਸੀ।
ਰੰਧਾਵਾ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਝੰਡਿਆਂ ਅਤੇ ਚਿੰਨ੍ਹਾਂ ਦੀ ਰੱਜ ਕੇ ਵਰਤੋਂ ਕੀਤੀ ਗਈ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਟੇਜ 'ਤੇ ਮਨੀਸ਼ ਸਿਸੋਦੀਆ ਵਰਗੇ ਸੀਨੀਅਰ ਸਿਆਸੀ ਆਗੂਆਂ ਦੀ ਮੌਜੂਦਗੀ ਅਤੇ ਕੇਜਰੀਵਾਲ ਦੇ ਸਿਆਸੀ ਭਾਸ਼ਣ ਨੇ ਇਸ ਸਰਕਾਰੀ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਿਆਸੀ ਰੰਗਤ ਦੇ ਦਿੱਤੀ।
_page-0001-ll.jpg)
_page-0002-ll.jpg)
ਸਭ ਤੋਂ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਰੰਧਾਵਾ ਨੇ ਸਟੇਜ 'ਤੇ ਪੰਜਾਬ ਦੇ ਮੁੱਖ ਸਕੱਤਰ ਅਤੇ DGP ਦੀ ਮੌਜੂਦਗੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਰਵਿਸਿਜ਼ (ਕੰਡਕਟ) ਨਿਯਮ, 1968 ਦਾ ਨਿਯਮ 5 ਅਧਿਕਾਰੀਆਂ ਨੂੰ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਰੋਕਦਾ ਹੈ। ਉਨ੍ਹਾਂ ਅਨੁਸਾਰ, ਸੀਨੀਅਰ ਅਧਿਕਾਰੀਆਂ ਦੀ ਅਜਿਹੀ ਮੌਜੂਦਗੀ ਪ੍ਰਸ਼ਾਸਨਿਕ ਨਿਰਪੱਖਤਾ ਦੇ ਸਿਧਾਂਤਾਂ ਦੇ ਖਿਲਾਫ਼ ਹੈ ਅਤੇ ਜਨਤਾ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੀ ਹੈ।
ਕਾਂਗਰਸੀ ਆਗੂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਇਸ ਸਮਾਗਮ ਦੀ ਪ੍ਰਕਿਰਤੀ ਅਤੇ ਇਸ ਵਿਚ ਅਧਿਕਾਰੀਆਂ ਦੀ ਭੂਮਿਕਾ ਬਾਰੇ ਰਿਪੋਰਟ ਮੰਗੀ ਜਾਵੇ। ਇਹ ਜਾਂਚ ਕੀਤੀ ਜਾਵੇ ਕਿ ਕੀ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਜੇਕਰ ਲੋੜ ਹੋਵੇ ਤਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਰੰਧਾਵਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਿਵਲ ਸੇਵਾਵਾਂ ਅਤੇ ਸਿਆਸੀ ਪਲੇਟਫਾਰਮਾਂ ਵਿਚਕਾਰ ਸਪੱਸ਼ਟ ਪਾੜਾ ਹੋਣਾ ਲਾਜ਼ਮੀ ਹੈ। ਇਸ ਚਿੱਠੀ ਦੀ ਇਕ ਕਾਪੀ ਭਾਰਤ ਸਰਕਾਰ ਦੇ ਕੈਬਨਿਟ ਸਕੱਤਰ ਨੂੰ ਵੀ ਭੇਜੀ ਗਈ ਹੈ।
